Covid Third Wave ਨੂੰ ਠੱਲਣ ਲਈ ਟੀਕਾਕਰਣ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਜਾਵੇ: ਮੁੱਖ ਸਕੱਤਰ

ਜੀਓ ਪੰਜਾਬ

ਚੰਡੀਗੜ੍ਹ, 19 ਜੂਨ

ਕੋਵਿਡ ਮਹਾਂਮਾਰੀ ਖਿਲਾਫ ਲੜਾਈ ਜਿੱਤਣ ਅਤੇ ਵਾਇਰਸ ਦੀ ਅਤਿ-ਸੰਭਾਵਿਤ ਤੀਜੀ ਲਹਿਰ ਦੀ ਰੋਕਥਾਮ ਲਈ ਸ਼ਨਿਚਰਵਾਰ ਨੂੰ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ 18 ਸਾਲਾਂ ਤੋਂ ਵੱਧ ਉਮਰ ਵਰਗ ਲਈ ਚਲਾਈ ਜਾ ਰਹੀ ਟੀਕਾਕਰਣ ਮੁਹਿੰਮ ਨੂੰ ਹੋਰ ਤੇਜੀ ਨਾਲ ਅੱਗੇ ਵਧਾਇਆ ਜਾਵੇ ਅਤੇ ਰਾਜ ਵਿੱਚ ਵੱਧ ਇਨਫੈਕਸ਼ਨ ਫੈਲਾਉਣ ਦੀ ਸੰਭਾਵਨਾ  ਵਾਲੇ, ਕਮਜ਼ੋਰ ਅਤੇ ਸਹਿ-ਰੋਗਾਂ ਵਾਲੇ ਵਿਅਕਤੀਆਂ ਨੂੰ ਤਰਜੀਹੀ ਅਧਾਰ ’ਤੇ ਟੀਕਾ ਲਗਾਇਆ ਜਾਵੇ।

ਸੂਬੇ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਦਾ ਜਾਇਜ਼ਾ ਲੈਣ ਲਈ ਰਾਜ ਦੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰਾਂ ਨਾਲ ਆਨਲਾਈਨ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਆਉਂਦੇ ਦਿਨਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣ ਲਈ ਸੁਖਾਲੀ ਤੇ ਪ੍ਰਭਾਵੀ ਰਣਨੀਤੀਆਂ ਦੀ ਯੋਜਨਾ ਤਿਆਰ ਕਰਨ ਲਈ ਅਧਿਕਾਰਤ ਕੀਤਾ।

ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਰਾਜਾਂ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਉਨਾਂ ਦੇ ਕਿੱਤੇ ਅਤੇ ਇਨਫੈਕਸ਼ਨ ਫੈਲਾਉਣ ਵਾਲੇ ਅਤੇ ਕਮਜੋਰ ਵਿਅਕਤੀਆਂ ਨੂੰ ਪਹਿਲ ਦੇ ਅਧਾਰ ’ਤੇ ਮੁਫਤ ਟੀਕਾਕਰਣ ਦੀ ਆਗਿਆ ਦੇ ਦਿੱਤੀ ਹੈ।

ਜਿਲਾ ਪ੍ਰਸਾਸਨਿਕ ਮੁਖੀਆਂ ਨੂੰ ਆਪੋ-ਆਪਣੇ ਜਿਲਿਆਂ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ’ਤੇ ਪੂਰਾ ਧਿਆਨ ਰੱਖਣ ਦੀ ਸਲਾਹ ਦਿੰਦਿਆਂ ਮੁੱਖ ਸਕੱਤਰ ਨੇ ਉਨਾਂ ਨੂੰ 18 ਸਾਲ ਤੋਂ ਵੱਧ ਉਮਰ ਦੇ ਵਿਦਿਆਰਥੀਆਂ, ਅਧਿਆਪਕਾਂ, ਨਿਆਂਇਕ ਅਮਲੇ, ਵਕੀਲਾਂ, ਸਬਜ਼ੀ ਵਿਕਰੇਤਾਵਾਂ, ਨਿਰਮਾਣ ਕਰਮਚਾਰੀ, ਨਿੱਜੀ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਕਰਮਚਾਰੀਆਂ ਸਮੇਤ ਕਮਜੋਰ ਵਿਅਕਤੀਆਂ ਲਈ ਤੁਰੰਤ ਵਾਰਡ-ਵਾਰ ਟੀਕਾਕਰਨ ਕੈਂਪ ਲਾਉਣ ਦੀ ਯੋਜਨਾ ਬਣਾਉਣ ਲਈ ਕਿਹਾ।

ਸਿਹਤ ਵਿਭਾਗ ਦੇ ਪ੍ਰਮੱਖ ਸਕੱਤਰ ਹੁਸਨ ਲਾਲ ਨੂੰ ਕੇਂਦਰ ਤੋਂ ਟੀਕਾਕਰਨ ਦੀਆਂ ਹੋਰ ਵਧੇਰੇ ਖੁਰਾਕਾਂ ਖਰੀਦਣ ਦੀ ਹਦਾਇਤ ਕਰਦਿਆਂ ਸ੍ਰੀਮਤੀ ਮਹਾਜਨ ਨੇ ਡੀਸੀਜ਼ ਅਤੇ ਫੀਲਡ ਦੇ ਸਿਹਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਕੈਂਪਾਂ ਦੌਰਾਨ ਵੈਕਸੀਨ ਦੀ ਘੱਟੋ ਤੋਂ ਘੱਟ ਬਰਬਾਦੀ ਨੂੰ ਯਕੀਨੀ ਬਣਾਉਣ।   

ਜਿਲਿਆਂ ਵਿੱਚ ਟੀਕੇ ਦੀ ਸਪਲਾਈ ਲਈ ਮੰਗ ਅਧਾਰਤ ਨੀਤੀ ਉੱਤੇ ਧਿਆਨ ਕੇਂਦ੍ਰਤ ਕਰਦਿਆਂ ਮੁੱਖ ਸਕੱਤਰ ਨੇ ਭਰੋਸਾ ਦਿੱਤਾ ਕਿ ਖਪਤ ਦੇ ਅਧਾਰ ਤੇ ਟੀਕੇ ਦੀ ਖੁਰਾਕ ਦੀ ਲੋੜੀਂਦੀ ਮਾਤਰਾ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਸਾਰੇ ਫੀਲਡ ਸਟਾਫ ਨੂੰ ਭਾਰਤ ਸਰਕਾਰ ਤੋਂ ਵਾਧੂ ਸਪਲਾਈ ਖਰੀਦਣ ਦੀ ਸਹੂਲਤ ਲਈ ਰੋਜਾਨਾ ਕੋਵਿਨ ਮੋਬਾਈਲ ਐਪਲੀਕੇਸ਼ਨ ‘ਤੇ ਟੀਕਾਕਰਨ ਸਬੰਧੀ ਡੇਟਾ ਅਪਲੋਡ ਕਰਨ ਲਈ ਵੀ ਕਿਹਾ।

ਰਾਜ ਵਿੱਚ ਟੀਕੇ ਦੀ ਉਪਲਬਧਤਾ ਨੂੰ ਅਪਡੇਟ ਕਰਦੇ ਹੋਏ ਪ੍ਰਮੁੱਖ ਸਿਹਤ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਟੀਕੇ ਦੀਆਂ ਛੇ ਲੱਖ ਤੋਂ ਵੱਧ ਖੁਰਾਕਾਂ ਉਪਲਬਧ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕੇਂਦਰ ਤੋਂ ਟੀਕੇ ਦੀਆਂ ਲਗਭਗ ਸੱਤ ਲੱਖ ਹੋਰ ਖੁਰਾਕਾਂ ਉਪਲਬਧ ਹੋ ਜਾਣਗੀਆਂ।

ਉਨਾਂ ਦੱਸਿਆ ਕਿ ਰਾਜ ਵਿਚ 51,86,754 ਲਾਭਪਾਤਰੀ ਜੋ ਕਿ ਕੁੱਲ ਆਬਾਦੀ ਦਾ 17.2 ਫੀਸਦ ਹਿੱਸਾ ਹਨ, ਨੂੰ ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਹੈ, ਜਦਕਿ 8,37,439 ਵਿਅਕਤੀਆਂ, ਜੋ 2.8 ਫੀਸਦ ਬਣਦੇ ਹਨ, ਨੂੰ ਹੁਣ ਤੱਕ ਦੋਵੇਂ ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ।

ਹੁਸਨ ਲਾਲ ਨੇ ਕਿਹਾ ਕਿ ਜਿਲਿਆਂ ਵਿੱਚ ਚੱਲ ਰਹੀ ਟੀਕਾਕਰਣ ਮੁਹਿੰਮ ਵਿੱਚ ਹੋਰ ਤੇਜੀ ਲਿਆਉਣ ਲਈ ਛੇਤੀ ਤੋਂ ਛੇਤੀ ਅਤੇ ਵੱਧ ਤੋਂ ਵੱਧ ਟੀਕੇ ਲਗਾਏ ਜਾਣ ਤਾਂ ਕੇਂਦਰ ਤੋਂ ਹੋਰ ਵੱਧ ਖੁਰਾਕਾਂ ਦੀ ਮੰਗ ਕੀਤੀ ਜਾ ਸਕੇ। ਵਿਭਾਗ ਵਲੋਂ ਜਿਲਿਆਂ ਵਿੱਚ ਪਹਿਲਾਂ ਹੀ ਕੰਮ ਕਰ ਰਹੀਆਂ 6,437 ਟੀਕਾਕਰਨ ਸਾਈਟਾਂ ਨੂੰ ਚਲਾਉਣ ਲਈ ਪ੍ਰਤੀ ਦਿਨ ਇੱਕ ਲੱਖ ਖੁਰਾਕ ਮੁਹੱਈਆ ਕਰਵਾਈ ਜਾਵੇਗੀ। ਉਨਾਂ ਦੱਸਿਆ ਕਿ ਕੇਂਦਰ ਸਰਕਾਰ ਉਨਾਂ ਲੋਕਾਂ ਲਈ ਨਿੱਜੀ ਹਸਪਤਾਲਾਂ ਨੂੰ 25 ਪ੍ਰਤੀਸਤ ਟੀਕਾ ਅਲਾਟ ਕਰੇਗੀ, ਜੋ ਟੀਕਾ ਲਗਵਾਉਣ ਦਾ ਖਰਚਾ ਝੱਲ ਸਕਦੇ ਹਨ।

ਉਨਾਂ ਅੱਗੇ ਕਿਹਾ ਕਿ ਲਾਭਪਾਤਰੀਆਂ ਨੂੰ ਉਨਾਂ ਦੇ ਟੀਕਾਕਰਨ ਸਰਟੀਫਿਕੇਟ ਵਿਚ ਇਕ ਵਾਰ ਸੁਧਾਰ ਕਰਨ ਲਈ ਵੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਲੋੜੀਂਦੇ ਅਤੇ ਯੋਗ ਪਛਾਣ ਪ੍ਰਮਾਣ ਦੀ ਅਣਹੋਂਦ ਵਾਲੇ ਲਾਭਪਾਤਰੀਆਂ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਪਛਾਣ ਸੂਚੀ ਦੇ ਦਸਤਵੇਜ਼ ਵਜੋਂ ਦਿਵਿਆਂਗ ਵਿਅਕਤੀਆਂ ਦੇ ਵਿਲੱਖਣ ਪਛਾਣ ਕਾਰਡ ਅਤੇ ਰਾਸ਼ਨ ਕਾਰਡ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

Jeeo Punjab Bureau

Leave A Reply

Your email address will not be published.