ਕਿਸਾਨਾਂ ਅਤੇ ਸਮਰਥਕਾਂ ਦੇ ਵੱਡੇ ਕਾਫ਼ਲਿਆਂ ਦਾ ਮੋਰਚਿਆਂ ‘ਤੇ ਆਉਣਾ ਜਾਰੀ

ਜੀਓ ਪੰਜਾਬ

ਚੰਡੀਗੜ 17 ਜੂਨ

ਕੇਂਦਰੀ ਟਰੇਡ ਯੂਨੀਅਨਾਂ ਦਾ ਸਾਂਝਾ ਪਲੇਟਫਾਰਮ ਅਤੇ ਲੱਖਾਂ ਮਜ਼ਦੂਰਾਂ ਦੀ ਨੁਮਾਇੰਦਗੀ ਕਰਦੀਆਂ ਹੋਰ ਟਰੇਡ ਯੂਨੀਅਨਾਂ ਸੰਯੁਕਤ ਕਿਸਾਨ ਮੋਰਚੇ ਦੀਆਂ ਤਿੰਨ ਖੇਤੀਬਾੜੀ ਕਾਨੂੰਨ ਅਤੇ ਬਿਜਲੀ ਬਿੱਲ ਰੱਦ ਕਰਨ ਅਤੇ ਐਮਐਸਪੀ ਨੂੰ ਕਾਨੂੰਨੀ ਗਾਰੰਟੀ ਦੇਣ ਦੀਆਂ ਮੰਗਾਂ ਦਾ ਨਿਰੰਤਰ ਅਤੇ ਸਰਗਰਮੀ ਨਾਲ ਸਮਰਥਨ ਕਰ ਰਹੀਆਂ ਹਨ।  ਲੱਖਾਂ ਮਜ਼ਦੂਰਾਂ ਨੇ 26 ਮਈ ਨੂੰ ਦੇਸ਼-ਵਿਆਪੀ ਵਿਰੋਧ-ਪ੍ਰਦਰਸ਼ਨਾਂ ‘ਚ ਡਟਵੀਂ ਸ਼ਮੂਲੀਅਤ ਕੀਤੀ ਸੀ। ਏਕਤਾ ਅਤੇ ਸਮਰਥਨ ਦੇ ਇਸ ਪ੍ਰਗਟਾਵੇ ਨੂੰ ਜਾਰੀ ਰੱਖਦਿਆਂ ਕੇਂਦਰੀ ਟਰੇਡ ਯੂਨੀਅਨਾਂ ਨੇ 26 ਜੂਨ 2021 ਨੂੰ ਦੇਸ਼ ਭਰ ਵਿਚ ਮਨਾਏ ਜਾ ਰਹੇ “ਖੇਤੀਬਾੜੀ ਬਚਾਓ, ਲੋਕਤੰਤਰ ਬਚਾਓ” ਦਿਵਸ ਦਾ ਸਮਰਥਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਨੇ ਵੀ ਮਜ਼ਦੂਰ-ਕਿਸਾਨ ਏਕਤਾ ਦੇ ਇਸ ਪ੍ਰਗਟਾਵੇ ਲਈ ਟਰੇਡ ਯੂਨੀਅਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਵੀ ਮਜ਼ਦੂਰਾਂ-ਕਿਸਾਨਾਂ ਦੀ ਇੱਕਜੁੱਟਤਾ ਪ੍ਰਤੀ ਸਦਭਾਵਨਾ ਦਰਸਾਈ ਹੈ। ਚਾਰੇ ਲੇਬਰ ਕੋਡਾਂ ਨੂੰ ਰੱਦ ਕਰਨ ਅਤੇ ਜਨਤਕ ਖੇਤਰ ਅਤੇ ਹੋਰ ਖੇਤਰਾਂ ਦੇ ਨਿੱਜੀਕਰਨ ਦੇ ਵਿਰੁੱਧ ਚੱਲ ਰਹੇ ਮਜ਼ਦੂਰਾਂ ਦੇ ਸੰਘਰਸ਼ ਪ੍ਰਤੀ ਸਦਭਾਵਨਾ ਪ੍ਰਗਟ ਕੀਤਾ ਹੈ।  ਸੰਘਰਸ਼ ਵਿਚ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣ ਲਈ ਸੰਯੁਕਤ ਕਿਸਾਨ ਮੋਰਚਾ ਅਤੇ ਟਰੇਡ ਯੂਨੀਅਨਾਂ ਦੀ ਇੱਕ ਸਾਂਝੀ ਮੀਟਿੰਗ ਜਲਦ ਹੋਣ ਦੀ ਉਮੀਦ ਹੈ।

ਕਿਸਾਨਾਂ ਆਪਣੇ ਖੇਤੀਬਾੜੀ ਉਤਪਾਦਾਂ ਦੇ ਵਾਜਬ ਅਤੇ ਮਿਹਨਤਾਨੇ ਭਾਅ ਪ੍ਰਾਪਤ ਕਰਨ ਲਈ ਸਥਾਨਕ ਪੱਧਰ ‘ਤੇ ਵੀ ਮੁਜ਼ਾਹਰਿਆਂ ਅਤੇ ਸੰਘਰਸ਼ਾਂ ਦਾ ਸਿਲਸਿਲਾ ਜਾਰੀ ਹੈ। ਜਿਥੇ ਹਾਲ ਹੀ ਵਿੱਚ ਤੇਲੰਗਾਨਾ ਵਿੱਚ ਜਵਾਰ ਦੇ ਕਿਸਾਨ ਆਪਣੇ ਨਿਰੰਤਰ ਵਿਰੋਧ ਪ੍ਰਦਰਸ਼ਨ ਲਈ ਸੁਰਖੀਆਂ ਵਿੱਚ ਸਨ, ਮਹਾਰਾਸ਼ਟਰ ਵਿੱਚ ਵੀ ਦੁੱਧ ਉਤਪਾਦਕਾਂ ਨੇ ਵੀ ਆਪਣੇ ਅੰਦੋਲਨ ਦਾ ਐਲਾਨ ਕੀਤਾ ਹੈ।

ਕਿਸਾਨਾਂ ਦੇ ਕਾਫ਼ਲਿਆਂ ਦਾ ਲਗਾਤਾਰ ਗਾਜ਼ੀਪੁਰ, ਸਿੰਘੂ, ਟੀਕਰੀ ਅਤੇ ਸਾਹਜਹਾਂਪੁਰ ਆਉਣਾ ਜਾਰੀ ਹੈ। ਅੱਜ ਰਾਕੇਸ਼ ਟਿਕੈਤ ਦੀ ਅਗਵਾਈ ਵਾਲ਼ੀ ਭਾਰਤੀ ਕਿਸਾਨ ਯੂਨੀਅਨ ਦੇ ਵੱਡੇ ਕਾਫ਼ਲੇ ਬੁਲੰਦ-ਸ਼ਹਿਰ ਤੋਂ ਗਾਜ਼ੀਪੁਰ-ਬਾਰਡਰ ਪਹੁੰਚੇ। ਕਿਸਾਨ 90 ਕਿਲੋਮੀਟਰ ਲੰਬੀ ਪੈਦਲ-ਯਾਤਰਾ ਕਰ ਰਹੇ ਹਨ। ਕਿਸਾਨਾਂ ਨੇ ਅਹਿਦ ਕੀਤਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਉਹ ਸੰਘਰਸ਼ਾਂ ‘ਚ ਡਟੇ ਰਹਿਣਗੇ।

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਹੇਠ ਹਜ਼ਾਰਾਂ ਅਧਿਆਪਕ ਅੱਜ ਟਿਕਰੀ ਬਾਰਡਰ ਪਹੁੰਚੇ। ਜ਼ਿਕਰਯੋਗ ਹੈ ਕਿ ਪੰਜਾਬ ‘ਚ 100 ਤੋਂ ਵੀ ਵੱਧ ਥਾਵਾਂ ‘ਤੇ ਜਿਹਨਾਂ ‘ਚ ਟੋਲ, ਪਲਾਜ਼ੇ, ਭਾਜਪਾ ਆਗੂਆਂ ਦੇ ਘਰ, ਕਾਰਪੋਰੇਟ-ਮਾਲ ਅਤੇ ਰੇਲਵੇ-ਪਾਰਕ ਆਦਿ ਸ਼ਾਮਿਲ ਹਨ, 250 ਦਿਨਾਂ ਤੋਂ ਪੱਕੇ-ਧਰਨੇ ਜਾਰੀ ਹਨ।

ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਖਟਕੜ ਟੋਲ ਪਲਾਜ਼ਾ ਵਿਖੇ ਬੀਤੀ ਰਾਤ ਇੱਕ ਪ੍ਰਦਰਸ਼ਨਕਾਰੀ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ।  ਦੱਸਿਆ ਜਾਂਦਾ ਹੈ ਕਿ ਉਹ ਚੱਲ ਰਹੇ ਸੰਘਰਸ਼ ਪ੍ਰਤੀ ਸਰਕਾਰ ਵੱਲੋਂ ਜਵਾਬ ਨਾ ਮਿਲਣ ‘ਤੇ ਦੁਖੀ ਸੀ।

Jeeo Punjab Bureau

Leave A Reply

Your email address will not be published.