ਸਾਰੇ ਆਂਗਨਵਾੜੀ ਕੇਂਦਰਾਂ ਨੂੰ 30 ਜੂਨ ਤੱਕ ਬੰਦ ਕਰਨ ਦੇ ਨਿਰਦੇਸ਼

ਜੀਓ ਪੰਜਾਬ

ਚੰਡੀਗੜ੍ਹ, 4 ਜੂਨ:

ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੋਵਿਡ ਮਹਾਂਮਾਰੀ ਨੂੰ ਵੇਖਦਿਆਂ 30 ਜੂਨ ਤੱਕ ਪੰਜਾਬ ਦੇ ਸਾਰੇ ਆਂਗਨਵਾੜੀ ਕੇਂਦਰਾਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ।

ਸ੍ਰੀਮਤੀ ਚੌਧਰੀ ਨੇ ਇਸ ਫੈਸਲੇ ਨੂੰ ਬੱਚਿਆਂ ਲਈ ਸੁਰੱਖਿਆ ਉਪਾਅ ਦੱਸਿਆ ਅਤੇ ਕਿਹਾ ਕਿ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਰਾਹੀਂ ਬੱਚਿਆਂ ਅਤੇ ਹੋਰ ਲਾਭਪਾਤਰੀਆਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਲਗਾਤਾਰ ਘਰ-ਘਰ ਵੰਡੀ ਜਾਵੇਗੀ ਤਾਂ ਜੋ ਸਾਰੇ ਲਾਭਪਾਤਰੀਆਂ ਨੂੰ ਪੋਸ਼ਣ ਸੰਬੰਧੀ ਦਿੱਤੀ ਜਾ ਰਹੀ ਸਹਾਇਤਾ ਪ੍ਰਭਾਵਤ ਨਾ ਹੋ ਸਕੇ। ਉਹਨਾਂ ਰਾਸ਼ਨ ਵੰਡ ਦੌਰਾਨ ਸਾਰੇ ਸਿਹਤ ਪ੍ਰੋਟੋਕੋਲਾਂ ਭਾਵ ਮਾਸਕ ਪਹਿਨਣ, ਹੱਥ ਧੋਣ ਅਤੇ ਸਮਾਜਕ ਦੂਰੀਆਂ ਬਣਾਈ ਰੱਖਣ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਵੀ ਨਿਰਦੇਸ਼ ਦਿੱਤੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਛੋਟੇ ਬੱਚਿਆਂ ਨੂੰ ਇਸ ਬੇਹੱਦ ਘਾਤਕ ਵਾਇਰਸ ਤੋਂ ਬਚਾਉਣ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਆਂਗਨਵਾੜੀ ਵਰਕਰਾਂ ਅਤੇ ਆਂਗਨਵਾੜੀ ਹੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਸਾਵਧਾਨੀ ਉਪਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ। ਉਹਨਾਂ ਕਿਹਾ ਕਿ ਇਨ੍ਹੀਂ ਦਿਨੀਂ ਆਂਗਨਵਾੜੀ ਸੈਂਟਰ ਬੱਚਿਆਂ ਲਈ ਬੰਦ ਕਰ ਦਿੱਤੇ ਗਏ ਸਨ ਪਰ ਆਂਗਨਵਾੜੀ ਵਰਕਰ ਅਤੇ ਆਂਗਨਵਾੜੀ ਹੈਲਪਰ ਇਹਨਾਂ ਕੇਂਦਰਾਂ ਵਿੱਚ ਕੰਮ ਕਰ ਰਹੇ ਸਨ ਅਤੇ ਹੁਣ ਇਹ ਕੇਂਦਰ ਸਟਾਫ਼ ਲਈ ਵੀ 30 ਜੂਨ ਤੱਕ ਬੰਦ ਰਹਿਣਗੇ।

ਸ੍ਰੀਮਤੀ ਚੌਧਰੀ ਨੇ ਕਿਹਾ ਕਿ ਆਂਗਨਵਾੜੀ ਵਰਕਰ ਅਤੇ ਆਂਗਨਵਾੜੀ ਹੈਲਪਰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਵਿਭਾਗ ਅਤੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਰਹਿਣ।

Jeeo Punjab Bureau

Leave A Reply

Your email address will not be published.