5 ਜੂਨ ਨੂੰ ਕਿਸਾਨ ਭਾਜਪਾ ਨੇਤਾਵਾਂ ਦੇ ਘਰਾਂ ਅਤੇ ਦਫਤਰਾਂ ਅੱਗੇ ਖੇਤੀਬਾੜੀ ਕਾਨੂੰਨਾਂ ਦੀਆਂ ਸਾੜਨਗੇ ਕਾਪੀਆਂ

ਜੀਓ ਪੰਜਾਬ

ਚੰਡੀਗੜ੍ਹ, 3 ਜੂਨ

ਪਿਛਲੇ ਸਾਲ 5 ਜੂਨ ਨੂੰ ਕੇਂਦਰ ਸਰਕਾਰ ਵੱਲੋਂ 3 ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਖੇਤੀਬਾੜੀ ਕਾਨੂੰਨ ਲਿਆਂਦੇ ਗਏ ਸਨ। ਕੋਰੋਨਾ ਤਾਲਾਬੰਦੀ ਦੀ ਆੜ ਵਿੱਚ ਸਰਕਾਰ ਨੇ ਦੇਸ਼ ਦੇ ਲੋਕਾਂ ਉੱਤੇ ਤਿੰਨ ਕਾਨੂੰਨ ਲਗਾਏ, ਜਿਸ ਦਾ ਕਿਸਾਨਾਂ ਅਤੇ ਆਮ ਲੋਕਾਂ ਵੱਲੋਂ ਵੀ ਖੁੱਲ੍ਹ ਕੇ ਵਿਰੋਧ ਕੀਤਾ ਗਿਆ। ਇਨ੍ਹਾਂ ਖੇਤੀਬਾੜੀ ਕਾਨੂੰਨਾਂ ਖਿਲਾਫ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ ਅਤੇ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਵਿਸ਼ਾਲ ਅੰਦੋਲਨ ਚੱਲ ਰਿਹਾ ਹੈ।  ਇਸ ਅੰਦੋਲਨ ਨੇ ਸਰਕਾਰ ਦੀ ਕਾਰਪੋਰੇਟ ਪੱਖੀ ਮਾਨਸਿਕਤਾ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਸ਼ੋਸ਼ਣ ਦੀਆਂ ਨੀਤੀਆਂ ਦਾ ਪਰਦਾਫਾਸ਼ ਕੀਤਾ ਹੈ।

ਇਸੇ ਤਰ੍ਹਾਂ ਜੈਪ੍ਰਕਾਸ਼ ਨਾਰਾਇਣ ਅਤੇ ਹੋਰ ਆਗੂਆਂ ਦੀ ਅਗਵਾਈ ਹੇਠ ਤਤਕਾਲੀ ਸਰਕਾਰ ਦੇ ਫਾਸ਼ੀਵਾਦੀ ਅਤੇ ਸ਼ੋਸ਼ਣਵਾਦੀ ਰਵੱਈਏ ਵਿਰੁੱਧ 1974 ਵਿਚ ਇਕ ਲੋਕ ਲਹਿਰ ਚੱਲੀ ਸੀ। 5 ਜੂਨ, 1974 ਨੂੰ ਜੈਪ੍ਰਕਾਸ਼ ਨਾਰਾਇਣ ਨੇ ‘ਸੰਪੂਰਨ ਕ੍ਰਾਂਤੀ’ ਦਾ ਨਾਅਰਾ ਦਿੱਤਾ ਅਤੇ ਅੰਤ ਵਿੱਚ ਕੇਂਦਰ ਸਰਕਾਰ ਨੂੰ ਇਸ ਦਾ ਸਿੱਟਾ ਭੁਗਤਣਾ ਪਿਆ ਸੀ।

ਸੰਯੁਕਤ ਕਿਸਾਨ ਮੋਰਚਾ 5 ਜੂਨ ਨੂੰ “ਸੰਪੂਰਨ ਕ੍ਰਾਂਤੀ ਦਿਹਾੜਾ” ਮਨਾਏਗਾ, ਜਿਸ ਤਹਿਤ ਭਾਜਪਾ ਅਤੇ ਉਸਦੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਦੇ ਦਫਤਰਾਂ ਅਤੇ ਘਰਾਂ ਦੇ ਬਾਹਰ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਇਹ ਵਿਰੋਧ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹੇਗਾ ਅਤੇ ਕੇਂਦਰ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਜਾਵੇਗੀ ਕਿ ਇਹ ਕਾਨੂੰਨ ਦੇਸ਼ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਹੈ। ਇਹਨਾਂ ਆਗੂਆਂ ਦੀ ਗੈਰਹਾਜ਼ਰੀ ਵਿੱਚ ਪ੍ਰਸ਼ਾਸਨਿਕ ਦਫਤਰਾਂ ਬਾਹਰ ਕਾਪੀਆਂ ਸਾੜਿਆ ਜਾਣਗੀਆਂ।

6 ਜੂਨ, 2017 ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਸਰਕਾਰ ਸਾਹਮਣੇ ਆਪਣੀਆਂ ਮੁਢਲੀਆਂ ਮੰਗਾਂ ਅੱਗੇ ਰੱਖਣ ਲਈ ਵਿਰੋਧ ਪ੍ਰਦਰਸ਼ਨ ਕਰਨ’ ਤੇ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀ-ਕਾਂਡ ‘ਚ 6 ਕਿਸਾਨ ਸ਼ਹੀਦ ਹੋਏ ਅਤੇ ਸੈਂਕੜੇ ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਅਤੇ ਦੇਸ਼ ਭਰ ਵਿੱਚ ਕਿਸਾਨਾਂ ਦਾ ਤਾਲਮੇਲ ਸਥਾਪਤ ਹੋਇਆ।  ਉਨ੍ਹਾਂ ਸਮੂਹ ਸ਼ਹੀਦ ਕਿਸਾਨਾਂ ਨੂੰ ਯਾਦ ਕਰਦਿਆਂ 6 ਜੂਨ ਨੂੰ ਕਿਸਾਨ ਆਗੂ ਮੰਦਸੌਰ ਵਿਖੇ ਇਕੱਠੇ ਹੋ ਕੇ ਸ਼ਰਧਾਂਜਲੀ ਭੇਟ ਕਰਨਗੇ।ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ 6 ਜੂਨ ਨੂੰ ਇਸ ਅੰਦੋਲਨ ਦੇ ਅਤੇ ਮੰਦਸੌਰ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਇੱਕ ਪ੍ਰਣ ਲੈਣ ਕਿ ਕਿਸਾਨ ਕਿਸੇ ਵੀ ਪੁਲਿਸ ਕਾਰਵਾਈ ਤੋਂ ਨਹੀਂ ਡਰਨਗੇ ਅਤੇ ਸੰਘਰਸ਼ ਜਾਰੀ ਰੱਖਣਗੇ।

ਹੇਮਕੁੰਟ ਫਾਉਂਡੇਸ਼ਨ, ਜਿਸ ਨੇ ਕਿਸਾਨ ਅੰਦੋਲਨ ਵਿਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਵਿਚ ਸਹਾਇਤਾ ਕੀਤੀ ਹੈ, ਦੇ ਅਸਥਾਈ ਕੋਵਿਡ ਹਸਪਤਾਲ, ਉਥੇ ਕੁਝ ਅਰਾਜਕ ਤੱਤਾਂ ਨੇ ਹਮਲਾ ਕਰ ਦਿੱਤਾ ਅਤੇ ਕਾਫੀ ਨੁਕਸਾਨ ਕੀਤਾ ਹੈ। ਹੇਮਕੁੰਟ ਫਾਉਂਡੇਸ਼ਨ ਮਨੁੱਖਤਾ ਅਤੇ ਲੋਕ ਭਲਾਈ ਲਈ ਸਮਰਪਿਤ ਹੈ। ਇਸ ਕਿਸਮ ਦਾ ਹਮਲਾ ਸਮਾਜ ਵਿਰੋਧੀ ਅਨਸਰਾਂ ਦੇ ਕਾਇਰਤਾਪੂਰਣ ਚਰਿੱਤਰ ਨੂੰ ਦਰਸਾਉਂਦਾ ਹੈ। ਅਸੀਂ ਇਸ ਘਟਨਾ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਹੇਮਕੁੰਟ ਫਾਉਂਡੇਸ਼ਨ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇ।

ਹਰਿਆਣਾ ਦੇ ਟੋਹਾਣਾ ਵਿੱਚ ਵਿਧਾਇਕ ਦੇਵੇਂਦਰ ਬਬਲੀ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਸੰਯੁਕਤ ਕਿਸਾਨ ਮੋਰਚਾ ਇਸ ਦੀ ਸਖਤ ਨਿੰਦਾ ਕਰਦਾ ਹੈ ਅਤੇ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੰਦਾ ਹੈ ਕਿ ਸਾਰੇ ਕਿਸਾਨਾਂ ਨੂੰ ਜਲਦੀ ਤੋਂ ਜਲਦ ਰਿਹਾਅ ਕੀਤਾ ਜਾਵੇ ਅਤੇ ਸਾਰੇ ਕੇਸ ਵਾਪਸ ਕੀਤੇ ਜਾਣ, ਨਹੀਂ ਤਾਂ ਪੂਰੇ ਹਰਿਆਣਾ ਵਿੱਚ ਇਸ ਦਾ ਸਖ਼ਤ ਵਿਰੋਧ ਪ੍ਰਦਰਸ਼ਨ ਹੋਏਗਾ।

Jeeo Punjab Bureau

Leave A Reply

Your email address will not be published.