Education In Punjab- ਅੱਸੀਂਵੇਂ ਦਹਾਕੇ ਤੋਂ ਬਾਦ ਪੜਾਈ ਵਿੱਚ ਕਿਉਂ ਪਛੜ ਗਿਆ ਪੰਜਾਬ

ਜੀਓ ਪੰਜਾਬ

ਲੇਖਕ- ਸੁਖਦੇਵ ਸਿੰਘ ਵਿਰਕ

ਅੱਸੀਵੇਂ ਦਹਾਕੇ ਦੇ ਚੱਲਦਿਆਂ ਪੰਜਾਬ (Punjab) ਦੇ ਅਮਨ ਕਾਨੂੰਨ ਦੇ ਹਾਲਾਤ ਕਾਫ਼ੀ ਬਦਲਣੇ ਸ਼ੁਰੂ ਹੋ ਗਏ ।ਜਦੋਂ ਕਿ ਉਸਤੋਂ ਪਹਿਲਾਂ ਸਕੂਲੀ ਸਿੱਖਿਆ ਵਿੱਚ ਅਧਿਆਪਕਾਂ ਦਾ ਵਿਦਿਆਰਥੀਆਂ ਤੇ ਬਹੁਤ ਚੰਗਾ ਪ੍ਰਭਾਵ ਤੇ ਦਬਦਬਾ ਹੁੰਦਾ ਸੀ । ਮਾਪੇ ਵੀ ਅਧਿਆਪਕਾਂ ਦੇ ਕੰਮ ਤੇ ਵਿਵਹਾਰ ਵਿੱਚ ਕੋਈ ਦਖ਼ਲ ਨਹੀਂ ਦਿੰਦੇ ਸਨ । ਅਧਿਆਪਕਾਂ ਦਾ ਵਿਦਿਆਰਥੀਆਂ ਨੂੰ ਮਾਪਿਆਂ ਤੋਂ ਵੱਧ ਡਰ ਹੁੰਦਾ ਸੀ । ਆਧਿਆਪਕ (Teacher) ਲਈ ਚੰਗਾ ਮਾੜਾ ਰਿਜ਼ਲਟ ਇੱਜ਼ਤ ਬਦਨਾਮੀ ਦਾ ਕਾਰਣ ਬਣਦਾ ਸੀ।ਉਸ ਸਮੇਂ ਤੱਕ ਪੇਂਡੂ ਸਕੂਲਾਂ ਦੇ ਬੱਚੇ ਵੀ ਚੰਗੀਆਂ ਪੁਜ਼ੀਸ਼ਨਾਂ ਤੇ ਪਹੁੰਚ ਜਾਂਦੇ ਸਨ ਅਤੇ ਕਾਨਵੈਂਟ ਸਕੂਲਾਂ ਦਾ ਵੀ ਉਦੋਂ ਅਜੇ ਕੋਈ ਬਹੁਤ ਚੱਲਣ ਨਹੀਂ ਹੋਇਆ ਸੀ । ਜਿਵੇਂ ਜਿਵੇਂ ਪੰਜਾਬ ਦੇ ਹਾਲਾਤ ਬਦਲਣ ਲੱਗੇ ।ਪੇਂਡੂ ਖੇਤਰਾਂ ਵਿੱਚ ਖ਼ਾਸ ਤੌਰ ਤੇ ਮਾਝੇ ਏਰੀਏ ਚ ਪਹਿਲਾਂ ਅਤੇ ਬਾਕੀ ਪੰਜਾਬ ਚ ਬਾਦ ਵਿੱਚ ਅਮਨ ਕਾਨੂੰਨ ਦੀ ਸਥਿਤੀ ਖ਼ਰਾਬ ਹੋ ਗਈ। ਉਵੇਂ ਉਵੇਂ ਸ਼ਹਿਰੀ ਆਧਿਆਪਕ ਪਿੰਡਾਂ ਵਿੱਚ ਜਾਣ ਤੋਂ ਘਬਰਾਉਣ ਲੱਗ ਪਏ। ਪਿੰਡਾਂ ਵਿੱਚ ਵਿਦਿਆਰਥੀ ਅਧਿਆਪਕਾਂ ਨੂੰ ਡਰਾਉਣ ਲੱਗ ਪਏ । ਇੱਥੋਂ ਤੱਕ ਕਿ ਸਾਰੇ ਸਕੂਲ ਵਿੱਚ ਸਮੂਹਿਕ ਨਕਲ ਕਰਵਾਉਣ  ਦੇ ਧਮਕੀ ਸ਼ੰਦੇਸ ਵੀ   ਆਉਣ ਲੱਗ ਪਏ ।ਸਕੂਲਾਂ ਦੀਆਂ ਵਰਦੀਆਂ  ਤੇ ਸਕੂਲਾਂ ਦਾ ਵਾਤਾਵਰਣ ਬਦਲ ਗਏ । ਉਸ ਸਮੇਂ ਪੜ ਰਹੇ ਬੱਚਿਆਂ ਨੇ ਤੇ ਉਂਨਾਂ ਦੇ ਮਾਪਿਆਂ ਨੇ ਸਹਿਜੇ ਹੀ ਇਸ ਨੂੰ ਅਪਣਾ ਲਿਆ ।ਅਧਿਆਪਕਾਂ ਨੇ ਵੀ ਇਸ ਡਰ ਨੂੰ ਤਸਲੀਮ ਕਰ ਲਿਆ ।ਪੰਜਾਬ ਦੇ ਖ਼ਿੱਤੇ ਚੋ ਪੜਾਈ ਵਿੱਚ  ਆਧਿਆਪਕ ਵਿਦਿਆਰਥੀ ਦੇ ਰਿਸ਼ਤੇ ਦਾ ਪੁਰਾਣਾ ਸਭਿਆਚਾਰ ਉਡਾਰੀ ਮਾਰ ਗਿਆ।ਜਿਸ ਨਾਲ ਸਾਡੀਆਂ ਨਸਲਾਂ ਦਾ ਭਵਿੱਖ ਤੈਅ ਹੋਣਾ ਸੀ

1992 ਵਿੱਚ ਦੁਨੀਆਂ ਦੇ ਖੁੱਲੇ ਵਪਾਰ ਨੇ ਭਾਰਤ ਨੂੰ ਇੱਕ ਮੰਡੀ ਦੇ ਰੂਪ ਵਿੱਚ ਵਿਕਸਿਤ ਕੀਤਾ । ਜਿਸ ਨਾਲ ਦੁਨੀਆਂ ਭਰ ਵਿੱਚੋਂ ਟੀ ਵੀ , ਫ਼ਰਿੱਜ , ਵੀ.ਸੀ. ਆਰ ਹੋਰ ਸੁੱਖ ਸਾਧਨ ਹਰ ਘਰ ਵਿੱਚ ਪੁਹੰਚ ਗਏ । ਜਿਸਨੇ ਬੱਚਿਆਂ ਨੂੰ ਖੇਡ ਮੈਦਾਨਾਂ ਤੋਂ ਮੋੜ ਕਿ ਕਮਰਿਆਂ ਵਿੱਚ ਬਿਠਾ ਦਿੱਤਾ ।ਸ਼ਾਮ ਨੂੰ ਪਰਿਵਾਰ ਦੇ ਇਕੱਠੇ ਬੈਠ ਕਿ ਗੱਲਾਂ ਕਰਨ ਦਾ ਜਾਂ ਮਾਪਿਆਂ ਤੇ ਬੱਚਿਆਂ ਦੀ ਸੰਸਕਾਰਾਂ ਦੀ ਸਾਂਝ ਵੀ ਖਤਮ ਕਰ ਦਿੱਤਾ । ਨਵੇਂ ਆਏ ਮੋਟਰ ਸਾਈਕਲਾਂ ਨੇ ਸਾਈਕਲਾਂ ਨੂੰ ਤੂੜੀ ਵਾਲੇ ਕੋਠਿਆਂ ਵਿੱਚ ਸੁਟਵਾ ਦਿੱਤਾ ਜਿਸ ਨਾਲ ਕੁੱਝ ਨਾਂ ਕੁੱਝ ਸਰੀਰਕ ਕਸਰਤ ਹੋ ਜਾਂਦੀ ਸੀ ।ਇਸ ਦਹਾਕੇ ਵਿੱਚ ਨੌਜਵਾਨੀ ਪੜਾਈ ਤੋਂ ਵਿਰਵੀ ਹੋ ਗਈ ਅਤੇ ਸਰੀਰਕ ਪੱਖੋਂ ਨਿਕਾਰਾ ਹੋਣੀ ਸ਼ੁਰੂ ਹੋ ਗਈ ।ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਸਿੰਘ ਤੇ ਕੌਰ ਘੱਟ ਗਏ। ਨੈਸ਼ਨਲ ਲੈਵਲ ਦੀਆਂ ਬੌਧਿਕ ਪਰੀਖਿਆਵਾਂ ਵਿੱਚ ਵੀ ਪੰਜਾਬੀਆਂ ਦੀ ਹਾਜ਼ਰੀ ਨਾਂ ਮਾਤਰ ਹੀ ਰਹੀ । ਇਸ ਸਮੇਂ ਦੌਰਾਨ ਹੀ ਪੰਜਾਬ ਵਿੱਚ  ਕਾਨਵੈਂਟ ਤੇ ਅੰਗਰੇਜ਼ੀ ਸਕੂਲਾਂ ਦਾ ਚੱਲਣ ਆਮ ਹੋ ਗਿਆ । ਸਰਕਾਰੀ ਸਕੂਲ ਤੇ ਆਧਿਆਪਕ ਪਿਛਲੀ ਲਾਈਨ ਵੱਲ ਧੱਕੇ ਗਏ ।ਜਿਸ ਨਾਲ ਸਰਕਾਰੀ ਸਿੱਖਿਆ ਤੰਤਰ ਨੂੰ ਪੜਾਈ ਨਾਲ਼ੋਂ ਹੋਰ ਅਹਿਮ ਡਿਊਟੀਆਂ ਚ ਵਰਤਿਆਂ ਜਾਣਾ ਆਮ ਹੋ ਗਿਆ। ਇਸ ਸਮੇਂ ਸਿਆਸੀ ਪਾਰਟੀਆਂ ਫਿਰ ਮੈਦਾਨ ਚ ਆ ਗਈਆਂ ਜਿੰਨਾਂ ਨੂੰ ਵਿਹਲੀ ਫਿਰਦੀ ਜਵਾਨੀ ਰਾਸ ਆਈ।ਜਿੰਨਾਂ ਨੇ ਬੜੀ ਕਾਬਲੀਅਤ ਨਾਲ ਇਸਨੂੰ ਵਰਤਿਆਂ । ਵਿਹਲੀ ਨੌਜਵਾਨੀ ਨੂੰ ਸਿਆਸੀ ਹਲਕਿਆਂ ਵਿੱਚ ਵਧਦੀ ਇੱਜ਼ਤ ਬੜੀ ਚੰਗੀ ਲੱਗੀ । ਬਹੁਤਿਆਂ ਨੇ ਤਾਂ ਇਸ ਇੱਜ਼ਤ ਲਈ  ਮਾਪਿਆਂ ਦੀਆਂ ਜ਼ਮੀਨਾਂ ਵੀ ਲੇਖੇ ਲਾ ਦਿੱਤੀਆਂ ।ਪਰ ਉਹਨਾਂ ਵਿੱਚੋਂ ਕੁੱਝ ਬਹੁਤ ਅੱਗੇ ਵਾਲੇ ਜੋ ਬਹੁਤ ਘੱਟ ਸਨ ਨੇ ਇਸ ਚੋ ਖੱਟਿਆ ਪਰ ਗਵਾਇਆ ਬਹੁਤਿਆਂ ਨੇ ।  ਜੋ  ਪਿੱਛੇ ਵਾਲੇ ਯੂਥ ਲੀਡਰਾਂ ਲਈ ਉਦਾਹਰਣ ਬਣ ਗਏ ।ਪਰ ਪੜਾਈ ਤੇ ਖੇਡਾਂ ਵਿੱਚ ਕੋਈ ਆਕਰਸ਼ਿਕ ਉਦਾਹਰਣ ਨਾਂ ਬਣ ਪਾਇਆ । ਪਰ ਜ਼ਿਆਦਾਤਰ ਨੌਜਵਾਨੀ ਮਾਪਿਆਂ ਦੇ ਮੱਥੇ ਤੇ ਪ੍ਰੇਸ਼ਾਨੀ ਦੀ ਲਕੀਰਾਂ ਦਾ ਕਾਰਣ ਹੀ ਬਣਦੀ ਗਈ ।

2000 ਤੋ ਬਾਦ ਦੇ ਦਹਾਕੇ ਤੋਂ ਭਾਵੇਂ ਪਹਿਲਾਂ ਹੀ ਜ਼ਮੀਨਾਂ ਦੇ ਰੇਟ ਵਧਣੇ ਸ਼ੁਰੂ ਹੋ ਗਏੇ ਸਨ ਪਰ ਇਸ ਦਹਾਕੇ ਵਿੱਚ ਜ਼ਮੀਨਾਂ ਦੇ ਭਾਅ ਤਾਂ ਗੁਣਾਂ ਦੇ ਪਹਾੜੇ ਵਾਂਗੂ ਵਧੇ।ਜਿਸਨੇ ਪੇਂਡੂ ਰਹਿਣੀ ਬਹਿਣੀ ਵਿੱਚ ਵੱਡੀ ਤਬਦੀਲੀ ਲਿਆਂਦੀ । ਜ਼ਮੀਨ ਦੇ ਮਾਲਕ ਨੌਜਵਾਨਾਂ ਨੇ ਕਿੱਲਾ ਵੇਚ ਕਿ ਕਰਜ਼ੇ ਤੋਂ ਮੁਕਤੀ ਪਾਉਣ ਦਾ ਰਾਹ ਅਖਤਿਆਰ ਕਰ ਲਿਆ । ਜ਼ਮੀਨ ਮਾਲਕ ਆਪਣੇ ਆਪ ਨੂੰ ਨੌਕਰੀ ਪੇਸ਼ਾ ਤੋਂ ਇੱਕ ਦਮ ਸੁਖਾਲੇ ਸਮਝਣ ਲੱਗੇ ਤੇ ਪੜਾਈ ਤੇ ਨੌਕਰੀ ਤੋਂ ਜ਼ਮੀਨ ਦਾ ਮਾਲਕ ਹੋਣਾ ਵੱਧ ਦਿਲਚਸਪ ਲੱਗਣ ਲੱਗਾ। ਪੜਾਈ ਹੋਰ ਨਿਕਾਰੀ ਜਾਪਣ ਲੱਗੀ ।ਪੰਜਾਬ ਦੇ ਖੇਤਾਂ ਵਿੱਚ ਫ਼ਸਲੀ ਬਦਲਾਅ ਝੋਨਾ ਅਤੇ  ਕਣਕ ਤੇ ਪੂਰੀ ਤਰਾਂ ਨਿਰਭਰ ਹੋ ਗਿਆ। ਦੋਹੇਂ ਫਸਲਾਂ ਦੀ ਪੈਦਾਵਾਰ ਵਿੱਚ ਮਸ਼ੀਨੀਕਰਨ  ਤੇ ਪਰਵਾਸੀ ਮਜ਼ਦੂਰ ਨੇ ਕਿਸਾਨ ਦੇ ਪੁੱਤ ਨੂੰ ਖੇਤ ਚੋ ਕੱਢ ਕਿ ਮੋਟਰ ਦੇ ਕੋਠੇ ਤੱਕ ਸੀਮਤ ਕਰ ਦਿੱਤਾ । ਇਸ ਨੇ ਨੌਜਵਾਨੀ ਨੂੰ ਮਿਹਨਤ ਤੋਂ ਵੀ ਨਕਾਰਾ ਕਰ ਵਿਹਲੜ ਬਣਾ ਦਿੱਤਾ। ਜਿਹੜਾ ਪੰਜਾਬ ਪੜਾਈ,ਖੇਡਾਂ ਤੇ ਖੇਤੀ ਵਿੱਚ ਰੋਲ ਮਾਡਲ ਸੀ ਉਸ ਪੰਜਾਬ ਦੀ ਵਿਹਲੜ ਜਵਾਨੀ ਨਸ਼ਿਆਂ ਵੱਲ ਝੁਕਾਅ ਲੈ ਗਈ । ਜੋ ਮਾਪਿਆਂ ਦੀ ਅਤੇ ਵਿਆਹੀਆਂ ਕੁੜੀਆਂ ਦੀ ਕਿਸਮਤ ਡੁੱਬਣੀ ਸ਼ੁਰੂ ਹੋ ਗਈ ।ਬਦਲੀ ਹੋਈ ਪੇਂਡੂ ਜੀਵਨ ਜਾਚ,ਸੰਸਕਾਰਾਂ ਰਹਿਤ ਸੋਚ ਨੇ ਜ਼ਿੰਦਗੀ ਦੇ ਰਿਸ਼ਤਿਆਂ ਵਿੱਚ ਤਲਖ਼ੀਆਂ  ਲਿਆਉਣੀਆਂ ਸ਼ੁਰੂ ਕਰ ਦਿੱਤੀਆਂ ।ਕਿਤਾਬਾਂ  ਤੇ ਬੁਜ਼ਰਗਾਂ ਦੀ ਥਾਂ ਤੇ ਸਿਆਣਪ ਮੋਬਾਈਲਾਂ ਤੋਂ ਮਿਲਣ ਲੱਗ ਪਈ ।ਜਿਸ ਦਾ ਸਿੱਟਾ ਅੱਜ ਸਾਰੇ ਭੁਗਤ ਰਹੇ ਹਨ ।ਇੰਨਾ ਦੋ ਦਹਾਕਿਆਂ ਵਿੱਚ ਪੜਾਈ ਦੇ ਵਿੱਚ ਪਛੜ ਜਾਣ, ਖੇਤੀ-ਬਾੜੀ ਵਿੱਚ ਖੜੋਤ ,ਸਰਕਾਰਾਂ ਵੱਲੋਂ ਨੌਜਵਾਨੀ ਦੇ ਭਵਿੱਖ ਸੰਬੰਧੀ ਸੰਵੇਦਨਸ਼ੀਲ ਨਾਂ ਹੋਣਾ ਅਤੇ ਪੇਂਡੂ ਸਭਿਆਚਾਰ ਦੀ  ਖ਼ਰਚੀਲੀ ਰਹਿਣੀ ਬਹਿਣੀ ਨੇ ਕਿਸਾਨਾਂ ਨੂੰ ਅੰਨੇ ਖੂਹ ਵਿੱਚ ਧੱਕ ਦਿੱਤਾ। ਇਸ ਵਿੱਚ ਇਜ਼ਾਫਾ ਕੀਤਾ ਫੁਕਰੀ ਜੀਵਨ ਸ਼ੈਲੀ ਨੂੰ ਵਿਕਸਿਤ ਕਰਦੇ ਗਾਇਕਾਂ ਨੇ ਅਤੇ ਅੰਨੇ ਵਾਹ ਖੁੱਲੇ  ਕਾਲਜਾਂ ਤੇ ਯੂਨੀਵਰਸਿਟੀਆਂ ਨੇ। ਜਿੱਥੋਂ 15000 ਤਨਖ਼ਾਹ ਕਮਾਉਣ ਵਾਲੇ ਡਾਕਟਰ ,ਇੰਜੀਨੀਅਰ ਤੇ ਆਧਿਆਪਕ ਤੇ ਹੋਰ ਕਿੱਤਾਕਾਰੀ ਨੌਜਵਾਨ ਹਜ਼ਾਰਾਂ ਦੀ ਤਦਾਦ ਚ ਪੈਦਾ ਕਰ ਦਿੱਤੇ ।ਮਾਪੇ ਫਿਰ ਠੱਗੇ ਗਏ ਜਿੰਨਾਂ ਬੱਚਿਆਂ ਦੀ ਪੜਾਈ ਤੇ ਖਰਚ ਤਾਂ ਲੱਖਾਂ ਚ ਕੀਤੇ ।ਕਮਾਉਣ ਉਹ ਢਿੱਡ ਭਰਨ ਜੋਗੇ ਵੀ ਨਾਂ ਹੋਏ ।ਵਿੱਦਿਆ ਫਿਰ ਨਾਂ ਵਿਚਾਰੀ ਗਈ ਸਗੋਂ ਨਿੰਦੀ ਗਈ।

ਇਸ ਔਖੇ ਸਮੇਂ ਵਿੱਚ ਪੰਜਾਬੀਆਂ ਦੀ ਬਾਂਹ ਫੜੀ ਧੀਆਂ ਨੇ , ਜਿੰਨਾਂ ਅਸੀਂ ਜਨਮ ਤੋਂ ਦੁਰਕਾਰਨ ਲੱਗੇ ਹੁੰਦੇ ਹਾਂ। ਜਿੰਨਾ ਵਿਚਾਰੀਆਂ ਨੇ ਆਈਲਿਟਸ ਆਦਿ ਟੈਸਟ ਪਾਸ ਕਰਕੇ ਕੈਨੇਡਾ ਤੇ ਹੋਰ ਮੁਲਕਾਂ ਦਾ ਰੁੱਖ ਕੀਤਾ । ਜਿੱਥੇ ਉਹ ਪੜੀਆਂ ਵੀ, ਕੰਮ ਵੀ ਕੀਤਾ ਜੋ ਮਾਪਿਆਂ ਦੇ ਮੋਢਿਆਂ ਦਾ ਬੋਝ ਵੀ ਵੰਡਾਇਆ। ਆਪਣੇ ਵਿਆਹ ਦਾ ਬੋਝ ਵੀ ਮਾਪਿਆਂ ਤੇ ਨਹੀਂ ਪੈਣ ਦਿੱਤਾ ।ਸਾਡੇ  ਅੱਧਪੜ ਤੇ ਨਿਕੰਮੇ ਪੁੱਤਾਂ ਨੂੰ ਵੀ ਕੰਮ ਵਾਲੇ ਦੇਸ਼ ਲੈ ਗਈਆਂ । ਮਾਪਿਆਂ ਦੀ ਤਕਲੀਫ਼ ਥੋੜੇ ਸਮੇਂ ਵਾਸਤੇ ਘੱਟ ਗਈ। ਪਰ ਇਸ ਦਾ ਅਸਰ ਵੀ ਆਉਣ ਵਾਲੇ 10 ਸਾਲਾਂ ਵਿੱਚ ਦਿਖਣਾ ਸ਼ੁਰੂ ਹੋ ਜਾਣਾ । ਜਦੋਂ ਪੰਜਾਬ ਦੀਆਂ ਸੜਕਾਂ ਤੇ ਔਲਾਦਾਂ ਵਾਹਰੇ ਮਾਪੇ ਅਮਰੀਕਨ ਬਲਦਾਂ ਵਾਂਗ ਫਿਰਨਗੇ । ਜਿੰਨਾਂ ਦੀ ਮੌਤ ਤੇ ਵੀ ਕਈ ਬਦਕਿਸਮਤ ਨਹੀਂ ਬੱਚੇ ਨਹੀਂ ਆ ਸਕਣਗੇ ।ਕਿਉਂ ਸਾਡੇ ਬੱਚੇ  ਪੰਜਾਬ ਵਿੱਚ ਜਾਂ ਦੇਸ਼ ਵਿੱਚ ਵੱਡੀਆਂ ਕੁਰਸੀਆਂ ਤੋਂ ਵਾਂਝੇ ਹੋ ਗਏ ਜਾਂ ਫੌਜ ਦੇ ਕਰਨੈਲ ਜਰਨੈਲ ਨਹੀਂ ਬਣ ਪਾਉਣਗੇ ਜਾਂ ਪੁਰਖਿਆਂ ਦੀ ਜ਼ਮੀਨ ਵਿੱਚ ਖੜਾ ਛੇ ਫੁੱਟ ਦਾ ਖੜਾ ਹੰਸੂ ਹੰਸੂ ਕਰਦਾ ਚਿਹਰਾ ਨਹੀਂ ਦਿਖੇਗਾ । ਸਾਨੂੰ ਸੋਚਣਾ ਤਾਂ ਪਵੇਗਾ ।

ਰਹਿੰਦੀ ਖੂਹਿੰਦੀ ਕਸਰ ਕਰੋਨਾ ਨੇ ਕੱਢ ਦਿੱਤੀ । ਜਿਸ ਵਿੱਚ ਆਨ ਲਾਈਨ ਪੜਾਈ ਦੀਆਂ ਕਲਾਸਾਂ ਨੇ ਵਿਦਿਆਰਥੀਆਂ ਨੂੰ ਸਕੂਲ ਤੋਂ ਦੂਰ ਕਰ ਦਿੱਤਾ । ਇਸ ਮਾਰ ਵਿੱਚ ਆਏ ਵਿਦਿਆਰਥੀਆਂ ਲਈ ਦੁਬਾਰਾ ਖੜੇ ਹੋਣਾ ਮੁਸ਼ਕਿਲ ਹੋ ਜਾਵੇਗਾ । ਅਤੇ ਪੇਪਰ ਲਏ ਬਿਨਾਂ ਹੀ ਪਾਸ ਕਰ ਦੇਣਾ ਵਿਦਿਆਰਥੀਆਂ ਵਿੱਚ ਮੁਕਾਬਲੇ ਅਤੇ ਮਿਹਨਤ ਦੀ ਭਾਵਨਾ ਹੀ ਖਤਮ ਕਰ ਦੇਵੇਗਾ।ਖ਼ਾਸ ਤੌਰ ਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮਾਨਸਿਕ ਨੁਕਸਾਨ ਪਹੁੰਚਾਵੇਗਾ ਤੇ ਨਿਕੰਮੇ ਬਣਨ ਵੱਲ ਪ੍ਰੇਰਿਤ ਕਰੇਗਾ । ਅੱਤਵਾਦ ਵਾਲੇ ਸਮੇਂ ਨੂੰ ਫਿਰ ਦੁਹਰਾਵੇਂਗਾ । ਸਾਡਾ ਮੁਕਾਬਲਾ ਹੁਣ ਅੰਤਰ ਰਾਸ਼ਟਰੀ ਪੱਧਰ ਤੇ ਸਾਨੂੰ ਸਿੱਖਿਆ ਉਸ ਪੱਧਰ ਤੇ ਲਿਜਾਣਾ ਹੀ ਪਵੇਗਾ ।ਕੀ ਭਵਿੱਖ ਵਿਹੂਣੀ ਸੋਚ ਸਾਨੂੰ ਰਸਾਤਲ ਵੱਲ ਤਾਂ ਨਹੀਂ ਲਿਜਾ ਰਹੀ ।

Jeeo Punjab Bureau

Leave A Reply

Your email address will not be published.