ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਵਿੱਚ ਆਈ ਕਮੀ ਦੇ ਮੱਦੇਨਜ਼ਰ, ਲਗਾਇਆਂ ਪਾਬੰਦੀਆਂ ਵਿਚ ਕੀਤੀ ਤਬਦੀਲੀ

ਜੀਓ ਪੰਜਾਬ

ਚੰਡੀਗੜ, 2 ਜੂਨ

ਮੋਹਾਲੀ ਜ਼ਿਲ੍ਹੇ ਵਿੱਚ ਕੋਵਿਡ-19 ਦੇ ਪਾਜ਼ੇਟਿਵ ਮਾਮਲਿਆਂ ਵਿੱਚ ਆਈ ਕਮੀ ਦੇ ਮੱਦੇਨਜ਼ਰ ਅਤੇ ਭਾਈਵਾਲਾ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਗਿਰੀਸ਼ ਦਿਆਲਨ ਨੇ ਪੀਆਰਸੀਪੀ ਦੀ ਧਾਰਾ 144 ਦੇ ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 07 ਮਈ, 2021 ਨੂੰ ਜਾਰੀ ਕੀਤੇ ਆਦੇਸ਼ਾਂ ਵਿੱਚ ਕੁਝ ਤਬਦੀਲੀਆਂ ਜਾਰੀ ਕੀਤੀਆਂ ਹਨ ਜੋ ਅਗਲੇ ਹੁਕਮਾਂ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੀਆਂ।

ਡੀਐਮ ਨੇ ਦੱਸਿਆ, “ਇਸੇ ਸਮੇਂ ਕੋਵਿਡ-19 ਨੂੰ ਕੰਟਰੋਲ ਕਰਨ, ਇਸ ਦੇ ਪ੍ਰਬੰਧਨ ਦੀਆਂ ਜ਼ਰੂਰਤਾਂ ਅਤੇ ਲੋਕਾਂ ਦੀ ਰੋਜ਼ੀ-ਰੋਟੀ ਨੂੰ ਬਚਾਉਣ ਅਤੇ ਸੁਰੱਖਿਅਤ ਕਰਨ ਵਿਚਕਾਰ ਸੰਤੁਲਨ ਬਣਾਉਣ ਹਿੱਤ ਪਿਛਲੇ ਆਦੇਸ਼ਾਂ ਵਿੱਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ।”

ਇਹਨਾਂ ਸੋਧਾਂ ਅਨੁਸਾਰ ਸ਼ਰਾਬ ਦੇ ਠੇਕੇ ਵੀਕੈਂਡ ਕਰਫਿਊ ਦੌਰਾਨ ਬੰਦ ਰਹਿਣਗੇ। ਸ਼ਹਿਰੀ ਖੇਤਰਾਂ ਵਿੱਚ ਔਡ/ਇਵਨ ਢੰਗ ਨਾਲ ਦੁਕਾਨਾਂ ਖੋਲ੍ਹਣਾ ਬੰਦ ਕਰ ਦਿੱਤਾ ਗਿਆ ਹੈ। ਨਿੱਜੀ ਦਫਤਰਾਂ ਨੂੰ ਬਿਨਾਂ ਕਿਸੇ ਵੱਖਰੀ ਮੰਨਜ਼ੂਰੀ ਤੋਂ ਖੋਲ੍ਹਣ ਦੀ ਆਗਿਆ ਹੈ। ਪਰ ਭੀੜ ਭੜੱਕੇ ਤੋਂ ਬਚਣ ਲਈ ਸਿਰਫ਼ 50 ਫ਼ੀਸਦੀ ਸਟਾਫ਼ ਨੂੰ ਕੰਮ ‘ਤੇ ਬੁਲਾਇਆ ਜਾਵੇਗਾ। ਇਸ ਤੋਂ ਇਲਾਵਾ, ਨਿੱਜੀ ਵਾਹਨਾਂ ਵਿਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਸੰਬੰਧੀ ਪਾਬੰਦੀਆਂ ਵਾਪਸ ਲੈ ਲਈਆਂ ਗਈਆਂ ਹਨ। ਹਾਲਾਂਕਿ, ਇਹ ਪਾਬੰਦੀਆਂ ਵਪਾਰਕ ਵਾਹਨਾਂ/ਟੈਕਸੀਆਂ ਆਦਿ ‘ਤੇ ਲਾਗੂ ਰਹਿਣਗੀਆਂ।

ਪਹਿਲਾਂ ਲਾਗੂ ਪਾਬੰਦੀਆਂ ਜੋ ਅੱਗੇ ਵੀ ਲਾਗੂ ਰਹਿਣਗੀਆਂ ਅਨੁਸਾਰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਦੁਕਾਨਾਂ ਖੁੱਲੀਆਂ ਰਹਿ ਸਕਦੀਆਂ ਹਨ। ਪਰ ਮਾਲਾਂ/ ਕੰਪਲੈਕਸਾਂ ਵਿਚ ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਤੋਂ ਇਲਾਵਾ ਕੋਈ ਵੀ ਸ਼ਾਪਿੰਗ ਮਾਲ ਜਾਂ ਸਿੰਗਲ/ਮਲਟੀ-ਬ੍ਰਾਂਡ ਪ੍ਰਚੂਨ ਸਟੈਂਡਅਲੋਨ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ।

ਮਾਰਕੀਟ ਐਸੋਸੀਏਸ਼ਨਾਂ ਦੁਆਰਾ ਕੋਵਿਡ ਮਾਨੀਟਰਾਂ ਦੀ ਨਿਯੁਕਤੀ ਕੀਤੀ ਜਾਏਗੀ ਅਤੇ ਉਹਨਾਂ ਦੇ ਨਾਮ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਉਹ ਨਿੱਜੀ ਤੌਰ ‘ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ।

ਰੈਸਟੋਰੈਂਟ / ਈਟਰੀਜ਼ ਕੇਵਲ ਸ਼ਾਮ 9 ਵਜੇ ਤੱਕ ਘਰ ਸਪੁਰਦਗੀ ਲਈ ਖੋਲ੍ਹੇ ਜਾ ਸਕਦੇ ਹਨ ਪਰ ਕੋਈ ਡਾਇਨ-ਇਨ ਜਾਂ ਟੇਕ-ਅਵੇ ਨਹੀਂ ਹੋਵੇਗਾ। ਜੇਕਰ ਕੋਈ ਉਲੰਘਣਾ ਹੁੰਦੀ ਹੈ ਤਾਂ ਪ੍ਰਬੰਧਨ ਅਤੇ ਗਾਹਕ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।

ਸਵੈ-ਰੁਜ਼ਗਾਰ ਵਾਲੇ ਵਿਅਕਤੀਆਂ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਜਿਵੇਂ ਕਿ ਇਲੈਕਟ੍ਰੀਸ਼ੀਅਨ, ਪਲੰਬਰ, ਆਈ ਟੀ ਮੁਰੰਮਤ ਆਦਿ ਦੀ ਵੀ ਆਗਿਆ ਹੋਵੇਗੀ।

ਇਸ ਦੌਰਾਨ, ਜਿਹਨਾਂ ਨੂੰ ਵੀਕੈਂਡ ਕਰਫਿਊ ਤੋਂ ਛੋਟ ਦਿੱਤੀ ਗਈ ਹੈ, ਉਹਨਾਂ ਵਿੱਚ ਜ਼ਰੂਰੀ ਦੁਕਾਨਾਂ ਹਨ ਸ਼ਾਮਲ ਹਨ ਜਿਵੇਂ ਕਿ ਭੋਜਨ, ਕਰਿਆਨੇ, ਦੁੱਧ, ਦਵਾਈਆਂ ਆਦਿ, ਰੈਸਟੋਰੈਂਟ / ਈਟਰੀਜ਼ (ਹੋਮ ਡਿਲਿਵਰੀ ਲਈ), ਏਟੀਐਮ, ਵਾਹਨ ਦੀਆਂ ਵਰਕਸ਼ਾਪਾਂ / ਸਰਵਿਸ ਸੈਂਟਰ ਆਦਿ ਅਤੇ ਗੇਟਡ ਰਿਹਾਇਸ਼ੀ ਸੁਸਾਇਟੀਆਂ ਦੇ ਅੰਦਰ ਛੋਟੀਆਂ ਦੁਕਾਨਾਂ ਜੋ ਸਥਾਨਕ ਜ਼ਰੂਰਤਾਂ ਦੀ ਪੂਰਤੀ ਕਰਦੀਆਂ ਹਨ।

ਪ੍ਰਾਈਵੇਟ ਦਫਤਰਾਂ ਸਬੰਧੀ ਆਦੇਸ਼ਾਂ ਅਨੁਸਾਰ, ਦਫ਼ਤਰਾਂ ਨੂੰ ਖੋਲ੍ਹਣ ਦੀ ਆਗਿਆ ਹੈ ਪਰ ਭੀੜ ਤੋਂ ਬਚਣ ਲਈ ਸਿਰਫ 50 ਫ਼ੀਸਦੀ ਸਟਾਫ਼ ਨੂੰ ਕੰਮ ‘ਤੇ ਬੁਲਾਇਆ ਜਾਵੇਗਾ। ਸਾਰੇ ਦਫ਼ਤਰਾਂ ਦੇ ਮੁਖੀਆਂ ਵੱਲੋਂ ਘਰ ਤੋਂ ਕੰਮ ਨੂੰ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਸਬੰਧਤ ਸਟਾਫ/ਕਰਮਚਾਰੀ ਸਿਰਫ ਉਨ੍ਹਾਂ ਦੇ ਆਈਡੀ ਕਾਰਡਾਂ ਨਾਲ ਕੰਮ ‘ਤੇ ਆਉਣ ਅਤੇ ਜਾਣ ਦੀ ਆਗਿਆ ਹੋਵੇਗੀ। ਦੁਰਵਰਤੋਂ ਕਰਨ ‘ਤੇ ਸਖ਼ਤ ਦੰਡਕਾਰੀ ਕਾਰਵਾਈ ਕੀਤੀ ਜਾਵੇਗੀ।

ਕੋਵਿਡ ਮਾਨੀਟਰਾਂ ਦੀ ਨਿਯੁਕਤੀ ਕੀਤੀ ਜਾਏਗੀ ਅਤੇ ਉਹਨਾਂ ਦੇ ਨਾਮ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤੇ ਜਾਣਗੇ। ਉਹ ਨਿੱਜੀ ਤੌਰ ‘ਤੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਣਗੇ।

ਸਾਰੇ ਪ੍ਰਾਈਵੇਟ ਦਫ਼ਤਰ ਆਪਣੇ ਸਟਾਫ / ਕਰਮਚਾਰੀਆਂ ਦੀ ਤਰਜੀਹੀ ਤੌਰ ‘ਤੇ ਹਰ 2 ਹਫਤਿਆਂ ਬਾਅਦ ਟੈਸਟਿੰਗ ਨੂੰ ਯਕੀਨੀ ਬਣਾਉਣਗੇ। ਜੇਕਰ ਕਿਸੇ ਵਿਅਕਤੀ ਨੂੰ ਲੱਛਣ ਨਜ਼ਰ ਆਉਂਦੇ ਹਨ ਤਾਂ ਉਸ ਨੂੰ ਤੁਰੰਤ ਇਕਾਂਤਵਾਸ ਅਤੇ ਟੈਸਟ ਕਰਵਾਉਣ ਲਈ ਕਿਹਾ ਜਾਣਾ ਚਾਹੀਦਾ ਹੈ।

ਕੋਈ ਵੀ ਉਲੰਘਣਾ ਕਰਨ ‘ਤੇ ਆਫ਼ਤ ਪ੍ਰਬੰਧਨ ਐਕਟ, 2005 ਅਤੇ ਭਾਰਤੀ ਦੰਡਾਵਲੀ, 1860 ਦੀਆਂ ਸਬੰਧਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ।

Jeeo Punjab Bureau

Leave A Reply

Your email address will not be published.