ਨਸ਼ਾ ਕੋਈ ਵੀ ਹੋਵੇ ਤਬਾਹੀ ਮਚਾਉਂਦਾ ਹੈ।

ਜੀਓ ਪੰਜਾਬ

ਲੇਖਕ-     ਪ੍ਰਭਜੋਤ ਕੌਰ ਢਿੱਲੋਂ

ਕਿਸੇ ਪਰਿਵਾਰ ਜਾਂ ਕਿਸੇ ਦੇਸ਼ ਨੂੰ ਜੇਕਰ ਲੜਕੇ ਬਰਾਬਾਦ ਕਰਨ ਦੀ ਹਿੰਮਤ ਨਾ ਹੋਵੇ ਤਾਂ ਉਸ ਪਰਿਵਾਰ ਦੇ ਪੁੱਤ ਨੂੰ ਨਸ਼ੇ ਤੇ ਲਗਾ ਦਿਉ ਅਤੇ ਦੇਸ਼ ਦੀ ਜਵਾਨੀ ਨੂੰ ਨਸ਼ਿਆਂ ਵਿੱਚ ਪਾ ਦਿਉ।ਇਸ ਵੇਲੇ ਨਸ਼ਿਆਂ ਦਾ ਰੌਲਾ ਰੱਪਾ ਅਤੇ ਹਾਲ ਦੁਹਾਈ ਸਾਰੇ ਪਾਸੇ ਪੈ ਰਹੀ ਹੈ।ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਹ ਵੀ ਇਸ ਦਲਦਲ ਵਿੱਚ ਫਸਿਆ ਹੋਇਆ ਹੈ।ਸ਼ਰਾਬ,ਅਫੀਮ ਦੇ ਨਸ਼ਿਆਂ ਨਾਲ ਇਸ ਵਕਤ ਹੋਰ ਨਸ਼ਿਆਂ ਨੇ ਵੀ ਪੈਰ ਪਸਾਰੇ ਹੋਏ ਹਨ।ਸ਼ਰੇਆਮ ਨਸ਼ੇ ਵਿਕਣ ਅਤੇ ਵਿਭਾਗਾਂ ਵੱਲੋਂ ਵੇਚਣ ਵਾਲਿਆਂ ਤੇ ਕਾਰਵਾਈ ਨਾ ਕਰਨ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦੀਆਂ ਹਨ।ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ  ਵਿੱਚ ਪਾਉਣਾ ਅਤੇ ਪੰਜਾਬ ਨੂੰ ਕਮਜ਼ੋਰ ਕਰਨਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ।ਸ਼ਰਾਬ ਨੂੰ ਨਸ਼ਾ ਨਾ ਮੰਨਣ ਵਾਲੇ ਕਦੇ ਉਨ੍ਹਾਂ ਘਰਾਂ ਦੀ ਹਾਲਤ ਵੇਖਕੇ ਆਉਣ,ਮਹਿਸੂਸ ਕਰਨ,ਫੇਰ ਪਤਾ ਲੱਗੇਗਾ ਕਿ ਸ਼ਰਾਬ ਤਬਾਹੀ ਕਿਵੇਂ ਮਨਾਉਂਦੀ ਹੈ।ਜਿਵੇਂ ਦਾ ਜੋਸ਼ ਅਤੇ ਹੋਸ਼ ਕਿਸਾਨਾਂ ਦੇ ਅੰਦੋਲਨ ਵਿੱਚ ਵੇਖਿਆ,ਉਸਨੇ ਸ਼ਾਇਦ ਸਾਰਿਆਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ ਸਾਡੇ ਕੋਲ ਤਾਂ ਬਹੁਤ ਵੱਡੀ ਤਾਕਤ ਹੈ।ਇਸ ਅੰਦੋਲਨ ਨੇ ਬਹੁਤ ਨੌਜਵਾਨਾਂ ਇਕ ਸੇਧ ਦੇਣ ਦਾ ਕੰਮ ਕੀਤਾ ਹੈ।      ਕੋਈ ਵੀ ਗਲਤ ਕੰਮ ਜਦੋਂ ਸ਼ਰੇਆਮ ਅਤੇ ਧੜੱਲੇ ਨਾਲ ਹੋਵੇ ਤਾਂ ਸਾਰਿਆਂ ਨੂੰ ਸਮਝ ਆ ਰਿਹਾ ਹੁੰਦਾ ਹੈ ਕਿ ਇੰਨਾ ਨੂੰ ਕਿਸੇ ਵੱਡੇ ਬੰਦੇ ਦਾ ਥਾਪੜਾ ਜ਼ਰੂਰ ਹੈ। ਮਾੜਾ ਬੰਦਾ ਸਬਜ਼ੀ ਦੀ ਰੇਹੜੀ ਵੀ ਨਹੀਂ ਲਗਾ ਸਕਦਾ।                                                 ਨਸ਼ੇ ਦੇ ਬਹੁਤ ਸਾਰੇ ਕਾਰਨ ਹਨ।ਜਿੱਥੇ ਅਸੀਂ ਬੇਰੁਜ਼ਗਾਰੀ ਨੂੰ ਇਸਦਾ ਵੱਡਾ ਕਾਰਨ ਮੰਨਦੇ ਹਾਂ,ਉੱਥੇ ਸ਼ੇਖੀ ਵਿੱਚ ਆਕੇ ਵੀ ਕਈ ਨਸ਼ੇ ਕਰਨ ਲੱਗ ਜਾਂਦੇ ਹਨ।ਕਿਸੇ ਦੇ ਵੀ ਮਾਪੇ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਔਲਾਦ ਨਸ਼ਿਆਂ ਵਰਗੀ ਭੈੜੀ ਆਦਤ ਵਿੱਚ ਪਵੇ।ਅਸਲ ਵਿੱਚ ਨਸ਼ੇ ਸ਼ਰੇਆਮ ਅਤੇ ਖੁੱਲੇ ਆਮ ਮਿਲ ਰਹੇ ਹਨ।ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਸ਼ਰਾਬ ਵਿੱਚ ਨਸ਼ੇ ਦੀਆਂ ਗੋਲੀਆਂ ਪਾਈਆਂ ਜਾਂਦੀਆਂ ਹਨ। ਕਦੇ ਸ਼ਰਾਬ ਪੀਣ ਨਾਲ ਬਹੁਤ ਲੋਕਾਂ ਦੀਆਂ ਮੌਤਾਂ ਵੀ ਹੋ ਜਾਂਦੀਆਂ ਹਨ।ਪਰ ਕਿਸੇ ਤੇ ਕੋਈ ਕਾਰਵਾਈ ਨਹੀਂ ਹੁੰਦੀ।ਜੋ ਕੁੱਝ ਹੁੰਦਾ ਹੈ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੁੰਦਾ ਹੈ।ਸਿਆਣੇ ਕਹਿੰਦੇ ਨੇ ਜੇਕਰ ਇਕ ਕਾਂ ਮਾਰਕੇ ਟੰਗ ਦਿੱਤਾ ਜਾਵੇ ਤਾਂ ਦੂਸਰੇ ਕਾਵਾਂ ਨੂੰ ਸਮਝ ਆ ਜਾਂਦੀ ਹੈ।ਜੇਕਰ ਨਸ਼ੇ ਵੇਚਣ ਵਾਲੇ ਕਿਸੇ ਇਕ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਦੂਸਰਿਆਂ ਨੂੰ ਕੋਈ ਡਰ ਹੋਵੇ।ਜਿੰਨਾ ਤੋਂ ਡਰ ਲੱਗਣਾ ਚਾਹੀਦਾ ਹੈ ਜੇਕਰ ਉਹ ਹੀ ਘੇਸਲ ਮਾਰ ਲੈਣ ਤਾਂ ਨਸ਼ੇ ਨਾਲ ਤਬਾਹੀ ਨੂੰ ਕੋਈ ਨਹੀਂ ਰੋਕ ਸਕਦਾ।ਮਦਰ ਕਰੇਗਾ ਨੇ ਲਿਖਿਆ ਹੈ,”ਨਸ਼ਿਆਂ ਕਾਰਨ ਘਰ,ਸੰਸਾਰ ਬਰਬਾਦ ਹੋ ਜਾਂਦਾ ਹੈ।ਨਸ਼ਿਆਂ ਨੇ ਸੋਚਣੀ ਅਤੇ ਯਾਦਾਸ਼ਤ ਘੱਟ ਕਰ ਦਿੱਤੀ ਹੈ।ਇਸ ਧਰਤੀ ਤੇ ਨਸ਼ਈ ਦੀ ਕੋਈ ਇਜ਼ੱਤ ਅਤੇ ਸਤਿਕਾਰ ਨਹੀਂ ਹੈ।”

ਪਿੱਛਲੇ ਦਿਨੀਂ ਮੈਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵੇਖੀ ਜਿਸ ਵਿੱਚ ਮਾਂ ਦੱਸ ਰਹੀ ਸੀ ਕਿ ਉਸਦਾ ਘਰ ਵਿਕ ਗਿਆ, ਘਰ ਦਾ ਸਮਾਨ ਵਿੱਕ ਗਿਆ।ਘਰੋਂ ਬੇਘਰ ਹੋ ਗਈ।ਨਸ਼ੇ ਲਈ ਜਦੋਂ ਉਸਦੇ ਬੇਟੇ ਨੂੰ ਪੈਸੇ ਨਹੀਂ ਦਿੰਦੀ ਸੀ ਤਾਂ ਉਹ ਉਸਨੂੰ ਕੁੱਟਦਾ ਮਾਰਦਾ ਸੀ।ਅਸਲ ਨਸ਼ਾ ਕਰਨ ਵਾਲਿਆਂ ਨੂੰ ਸਿਰਫ਼ ਨਸ਼ਾ ਚਾਹੀਦਾ ਹੁੰਦਾ ਹੈ।ਉਸਨੂੰ ਘਰ ਬਾਰ ਜਾਂ ਜਾਇਦਾਦ ਨਾਲ ਕੋਈ ਮਤਲਬ ਨਹੀਂ ਹੁੰਦਾ। ਉਸਨੂੰ ਜਾਇਦਾਦ ਵੇਚਣ ਜਾਂ ਘਰ ਦਾ ਸਮਾਨ ਵੇਚਣ ਲੱਗਿਆ ਕੋਈ ਦਰਦ ਨਹੀਂ ਹੁੰਦਾ। ਉਹ ਆਪਣੇ ਬੱਚਿਆਂ ਜਾਂ ਪਰਿਵਾਰ ਬਾਰੇ ਨਾ ਸੋਚਦਾ ਹੈ ਅਤੇ ਨਾ ਉਨ੍ਹਾਂ ਬਾਰੇ ਫਿਕਰਮੰਦ ਹੁੰਦਾ ਹੈ।ਜਿੰਨਾ ਘਰਾਂ ਵਿੱਚ ਨਸ਼ੇ ਵੜ ਜਾਂਦੇ ਹਨ ਉਥੇ ਕਲਹਾ ਕਲੇਸ਼ ਹੁੰਦਾ ਹੈ।ਅਜਿਹੇ ਘਰਾਂ ਵਿੱਚ ਸੁੱਖ,ਚੈਨ,ਸ਼ਾਂਤੀ,ਖੁਸ਼ੀਆਂ ਸੱਭ ਖਤਮ ਹੋ ਜਾਂਦੇ ਹਨ।ਨਸ਼ਾ ਕਰਨ ਵਾਲਾ ਆਪਣੀ ਪਤਨੀ,ਮਾਂ, ਬਾਪ ਅਤੇ ਬੱਚਿਆਂ ਦੀ ਕੁੱਟ ਮਾਰ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦਾ।ਘਰ ਦਾ ਇਕ ਮੈਂਬਰ ਨਸ਼ਾ ਕਰਦਾ ਹੋਵੇ ਤਾਂ ਪੂਰੇ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ।

ਨਸ਼ੇ ਸਿਰਫ ਪਰਿਵਾਰ ਨੂੰ ਹੀ ਤਬਾਹ ਨਹੀਂ ਕਰਦੇ,ਇਹ ਸਮਾਜ ਅਤੇ ਦੇਸ਼ ਨੂੰ ਵੀ ਬਰਬਾਦੀ ਵਾਲੇ ਪਾਸੇ ਧਕੇਲਦੇ ਹਨ।ਬੜੀ ਹੈਰਾਨੀ ਅਤੇ ਪ੍ਰੇਸ਼ਾਨੀ ਹੁੰਦੀ ਹੈ ਕਿ ਸਾਡੀਆਂ ਸਰਕਾਰਾਂ,ਸਾਡੇ ਸਿਆਸਤਦਾਨ ਅਤੇ ਪ੍ਰਸ਼ਾਸ਼ਨ ਕਿੱਧਰੇ ਵੀ ਗੰਭੀਰ ਵਿਖਾਈ ਨਹੀਂ ਦਿੰਦੇ।ਜੇਕਰ ਪੁਲਿਸ ਇਹ ਕਹਿੰਦੀ ਹੈ ਕਿ ਨਸ਼ੇ ਕੌਣ ਵੇਚਦਾ ਹੈ ਇਲਾਕੇ ਵਿੱਚ ਤਾਂ ਪੁਲਿਸ ਦਾ ਨਿਕੰਮਾਪਣ ਹੈ।ਪੁਲਿਸ ਨੂੰ ਆਪਣੇ ਇਲਾਕੇ ਵਿੱਚ ਹੋ ਰਹੀ ਨਿੱਕੀ ਨਿੱਕੀ ਘਟਨਾ ਦਾ ਪਤਾ ਹੁੰਦਾ ਹੈ।ਕਿਹੜੇ ਨੌਜਵਾਨ ਨਸ਼ੇ ਕਰਦੇ ਹਨ,ਕੌਣ ਵੇਚਦਾ ਹੈ ਇਸ ਬਾਰੇ ਪੂਰੀ ਜਾਣਕਾਰੀ ਹੁੰਦੀ ਹੈ।ਪਰ ਘੇਸਲ ਮਾਰੀ ਹੁੰਦੀ ਹੈ।ਘੇਸਲ ਮਾਰਨ ਦਾ ਕਾਰਨ ਤਕਰੀਬਨ ਸਾਰੇ ਜਾਣਦੇ ਹਨ।   

ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ।ਹਰ ਵਰਗ ਅਤੇ ਹਰ ਤਬਕੇ ਵਿੱਚ ਨਸ਼ਿਆਂ ਦੀ ਵਰਤੋਂ ਹੋ ਰਹੀ ਹੈ।ਬਦਕਿਸਮਤੀ ਹੈ ਅਤੇ ਸ਼ਰਮਨਾਕ ਵੀ ਕਿ ਹੁਣ ਲੜਕੀਆਂ ਵੀ ਇਸ ਦਲਦਲ ਵਿੱਚ ਫਸ ਚੁੱਕੀਆਂ ਹਨ।ਨਸ਼ਾ ਸਿਰਫ ਨਸ਼ਾ ਹੈ।ਸ਼ਰਾਬ ਵੀ ਨਸ਼ਾ ਹੈ ਅਤੇ ਤਰ੍ਹਾਂ ਤਰ੍ਹਾਂ ਦੀਆਂ ਗੋਲੀਆਂ ਕੈਪਸੂਲ ਵੀ ਨਸ਼ੇ ਦੇ ਤੌਰ ਤੇ ਵਰਤੇ ਜਾ ਰਹੇ ਹਨ।ਸਭ ਤੋਂ ਦੁੱਖ ਵਾਲੀ ਅਤੇ ਸ਼ਰਮਨਾਕ ਗੱਲ ਇਹ ਹੈ ਕਿ ਚੋਣਾਂ ਵੇਲੇ ਸਾਡੇ ਸਿਆਸਤਦਾਨਾਂ ਵਲੋਂ ਵੀ ਲੋਕਾਂ ਨੂੰ ਇਹ ਸੱਭ ਵੰਡਿਆ ਜਾਂਦਾ ਹੈ।ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਏ ਤਾਂ ਖੇਤ ਦਾ ਬਚਣਾ ਬੇਹੱਦ ਮੁਸ਼ਕਿਲ ਹੁੰਦਾ ਹੈ।ਪਿੰਡਾਂ ਵਿੱਚ ਪੰਚਾਇਤਾਂ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਇਲਾਕੇ ਵਿੱਚ ਨਸ਼ਿਆਂ ਵਿਰੁੱਧ ਕਦਮ ਚੁੱਕਣ। ਨਸ਼ਾ ਕੋਈ ਵੀ ਹੋਵੇ  ਬਰਬਾਦੀ ਅਤੇ ਤਬਾਹੀ ਦਾ ਤਾਂਡਵ ਘਰਾਂ ਵਿੱਚ ਕਰਦਾ ਹੀ ਹੈ।     

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ 9815030221

Jeeo Punjab Bureau

Leave A Reply

Your email address will not be published.