ਹਰਿਆਣੇ ਦੇ ਟੋਹਾਣਾ ਵਿੱਚ ਜਜਪਾ ਵਿਧਾਇਕ ਵੱਲੋਂ ਕਿਸਾਨਾਂ ਨਾਲ ਟਕਰਾਅ

ਜੀਓ ਪੰਜਾਬ

ਨਵੀਂ ਦਿੱਲੀ, 1 ਜੂਨ

ਟੋਹਾਣਾ(ਹਰਿਆਣਾ) ‘ਚ ਅੱਜ ਜਜਪਾ ਵਿਧਾਇਕ ਦੇਵੇਂਦਰ ਬਬਲੀ ਦੇ ਪ੍ਰੋਗਰਾਮ ਦਾ ਕਿਸਾਨ ਜੱਥੇਬੰਦੀਆਂ ਨੇ ਸਖ਼ਤ ਵਿਰੋਧ ਕੀਤਾ। ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਹਿੰਸਕ ਰੰਗ ਦੇਣ ਲਈ ਵਿਧਾਇਕ ਨੇ ਕਿਸਾਨਾਂ ਨਾਲ ਬਦਸਲੂਕੀ ਕੀਤੀ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ।  ਇਸ ਤੋਂ ਬਾਅਦ ਕਿਸਾਨ ਵਿਰੋਧ ਪ੍ਰਦਰਸ਼ਨ ਕਰਦੇ ਰਹੇ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ।  ਜਿਸ ਦੌਰਾਨ ਜੁਝਾਰੂ ਕਿਸਾਨ ਗਿਆਨ ਸਿੰਘ ਬੋਦੀ, ਸਰਵਜੀਤ ਸਿੱਧੂ ਅਤੇ ਬੂਟਾ ਸਿੰਘ ਫਤਿਹਪੁਰੀ ਨੂੰ ਡੂੰਘੀਆਂ ਸੱਟਾਂ ਵੀ ਲੱਗੀਆਂ।  ਸੰਯੁਕਤ ਕਿਸਾਨ ਮੋਰਚਾ ਇਸ ਬੇਰਹਿਮ ਕਾਰਵਾਈ ਦੀ ਨਿੰਦਾ ਕਰਦਾ ਹੈ। ਵਿਧਾਇਕ ਨੇ ਕਿਸਾਨਾਂ ‘ਤੇ ਝੂਠੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿਸਾਨਾਂ ਨੇ ਵਿਧਾਇਕ ਦੀ ਗੱਡੀ‘ ਤੇ ਹਮਲਾ ਕੀਤਾ, ਪਰ ਇਹ ਬਿਲਕੁਲ ਝੂਠਾ ਦੋਸ਼ ਹੈ।  ਸੰਯੁਕਤ ਕਿਸਾਨ ਮੋਰਚਾ ਹਰਿਆਣੇ ਦੇ ਕਿਸਾਨਾਂ ਨੂੰ ਅਪੀਲ ਕਰਦਾ ਹੈ ਕਿ ਉਹ ਸ਼ਾਂਤਮਈ ਰਹਿੰਦੇ ਹੋਏ ਵਿਧਾਇਕ ਦੇ ਇਸ ਵਿਵਹਾਰ ਦਾ ਸਖਤ ਵਿਰੋਧ ਕਰਨ। ਇਸ ਦੇ ਨਾਲ ਹੀ ਹਰਿਆਣਾ ਦੇ ਸਾਰੇ ਭਾਜਪਾ ਅਤੇ ਜੇਜੇਪੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰਨ, ਨਹੀਂ ਤਾਂ ਉਹਨਾਂ ਨੂੰ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਘਟਨਾ ਤੋਂ ਤੁਰੰਤ ਬਾਅਦ ਕਿਸਾਨਾਂ ਨੇ ਰੋਸ ਵਜੋਂ ਹਿਸਾਰ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ।

ਬਾਰਸ਼ ਅਤੇ ਤੂਫਾਨ ਕਾਰਨ ਦਿੱਲੀ ਮੋਰਚਿਆਂ ਸਮੇਤ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਕਿਸਾਨ ਮੋਰਚਿਆਂ ‘ਤੇ ਭਾਰੀ ਨੁਕਸਾਨ ਹੋਇਆ ਹੈ। ਸਿੰਘੂ ਅਤੇ ਟਿਕਰੀ ਮੋਰਚਿਆਂ ‘ਤੇ  ਕਿਸਾਨਾਂ ਦੇ ਟੈਂਟਾਂ ਨੂੰ ਨੁਕਸਾਨ ਪਹੁੰਚਿਆ ਹੈ।  ਇਹ ਉਹ ਸਮਾਂ ਹੈ ਜਦੋਂ ਭਾਜਪਾ ਉੱਤਰ ਪ੍ਰਦੇਸ਼ ਦੀਆਂ ਚੋਣਾਂ ਲਈ ਆਪਣੀ ਰਣਨੀਤੀ ਵਿਚ ਰੁੱਝੀ ਹੋਈ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਦੇ ਮਸਲਿਆਂ ਨੂੰ ਛੱਡ ਕੇ ਚੋਣ ਮੁੱਦਿਆਂ ਨੂੰ ਵਧੇਰੇ ਮਹੱਤਵਪੂਰਨ ਮੰਨਿਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਸਾਨ ਅਜੇ ਵੀ ਲਗਾਤਾਰ ਦਿੱਲੀ ਦੇ ਮੋਰਚਿਆਂ ‘ਤੇ ਆ ਰਹੇ ਹਨ। 

ਅੱਜ ਪੰਜਾਬ ਦੇ ਮਾਲਵਾ ਖੇਤਰ ਤੋਂ ਆਏ ਕਿਸਾਨਾਂ ਦਾ ਇੱਕ ਵੱਡਾ ਜੱਥਾ ਸਿੰਘੂ ਮੋਰਚੇ’ਤੇ ਪਹੁੰਚਿਆ। ਅਸੀਂ ਸਮਾਜ ਭਲਾਈ ਸੰਸਥਾਵਾਂ ਅਤੇ ਕਿਸਾਨ ਅੰਦੋਲਨ ਦੇ ਸਮਰਥਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਧਰਨੇ ਵਾਲੀਆਂ ਥਾਂਵਾਂ ‘ਤੇ ਹਰ ਸੰਭਵ ਸਹਾਇਤਾ ਦੇਣ।

ਇਕ ਪਾਸੇ ਜਿਥੇ ਕਿਸਾਨ 6 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ‘ਤੇ ਲਗਾਤਾਰ ਸੰਘਰਸ਼ ਕਰ ਰਹੇ ਹਨ, ਉਥੇ ਦੇਸ਼ ਅਤੇ ਵਿਸ਼ਵ ਦੇ ਕਈ ਹਿੱਸਿਆਂ ਵਿਚ ਕਿਸਾਨਾਂ ਅਤੇ ਕਿਸਾਨਾਂ ਦੇ ਹਮਾਇਤੀਆਂ ਨੇ ਸਰਗਰਮੀਆਂ ਕੀਤੀਆਂ ਹਨ। ਪ੍ਰਦਰਸ਼ਨਾਂ ਦੇ ਨਾਲ-ਨਾਲ ਆਨਲਾਈਨ ਵੈਬੀਨਾਰ, ਸੈਮੀਨਾਰ, ਮੀਟਿੰਗਾਂ ਰਾਹੀਂ ਕਿਸਾਨ-ਅੰਦੋਲਨ ਦੇ ਸਮਰਥਕ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।

Jeeo Punjab Bureau

Leave A Reply

Your email address will not be published.