ਕੀ ਕੈਪਟਨ ’ਤੇ ਸਿੱਧੂ ਦੀ ਲੜਾਈ ਦਾ ਹੱਲ ਰਹੁਲ ਗਾਂਧੀ ਦੀ ਕਮੇਟੀ ਦੇ ਹੱਥ ਹੈ ?

189

ਕੈਪਟਨ ਵਿਰੋਧੀਆਂ ਦੇ ਹੌਸਲੇ ਪਸਤ

ਸਿੱਧੂ ਨੇ ਲੱਖਾ ਸਿਧਾਣਾ ਨੂੰ ਮਿਲਣ ਤੋਂ ਕਿਉਂ ਕੀਤਾ ਇਨਕਾਰ

ਜੀਓ ਪੰਜਾਬ

ਰਾਜੀਵ ਮਠਾੜੂ

ਚੰਡੀਗਡ਼੍ਹ, 29 ਮਈ: ਪੰਜਾਬ ਕਾਂਗਰਸ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਛਿੜੀ ਖਾਨਾਜੰਗੀ ਦੇ ਹੱਲ੍ਹ ਲਈ ਪਾਰਟੀ ਹਾਈ ਕਮਾਨ ਵੱਲੋਂ ਭਾਵੇਂ ਤਿੰਨ ਸੀਨੀਅਰ ਆਗੂਆਂ ਮਲਿਕ ਅਰਜੁਨ ਖੜਗੇ, ਜੇ. ਪੀ. ਅੱਗਰਵਾਲ ਅਤੇ ਹਰੀਸ਼ ਰਾਵਤ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਗਠਨ ਤਾਂ ਕਰ ਦਿੱਤਾ ਹੈ ਪਰ ਹਾਲ ਦੀ ਘੜੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਲੜਾ ਭਾਰੀ ਜਾਪਦਾ ਹੈ।

ਪਾਰਟੀ ਵਿਚਲੀ ਧੜੇਬੰਦੀ ਦਾ ਹੱਲ੍ਹ ਕੱਢਣ ਲਈ ਤਿੰਨ ਮੈਂਬਰੀ ਕਮੇਟੀ ਨੇ ਅੱਜ ਦਿੱਲੀ ਵਿੱਚ ਪਲੇਠੀ ਮੀਟਿੰਗ ਕੀਤੀ। ਤਿੰਨ ਮੈਂਬਰੀ ਕਮੇਟੀ ਵੱਲੋਂ ਵਿਧਾਇਕਾਂ ਨਾਲ ਮੀਟਿੰਗ ਕੀਤੀ ਜਾਵੇਗੀ। ਵਿਧਾਇਕਾਂ ਨਾਲ ਗੱਲਬਾਤ ਦੇ ਅਧਾਰ ’ਤੇ ਇਸ ਤਿੰਨ ਮੈਂਬਰੀ ਕਮੇਟੀ ਵੱਲੋਂ ਪਾਰਟੀ ਦੀ ਵਰਕਿੰਗ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਰਿਪੋਰਟ ਦਿੱਤੀ ਜਾਣੀ ਹੈ। ਇਸ ਰਿਪੋਰਟ ਦੇ ਅਧਾਰ ’ਤੇ ਹੀ ਗਾਂਧੀ ਪਰਿਵਾਰ ਵੱਲੋਂ ਪੰਜਾਬ ਵਿੱਚ ਪਾਰਟੀ ਦੇ ਸਿਆਸੀ ਭਵਿੱਖ ਦਾ ਫੈਸਲਾ ਲਿਆ ਜਾਣਾ ਹੈ। ਇਸੇ ਦੌਰਾਨ ਕੈਪਟਨ ਵਿਰੋਧੀ ਖੇਮੇ ਦਾ ਤਾਂ ਕਹਿਣਾ ਹੈ ਕਿ ਪਾਰਟੀ ਅਤੇ ਸਰਕਾਰ ਦੀ ਲੀਡਰਸ਼ਿਪ ਵਿੱਚ ਤਬਦੀਲੀ ਸੰਭਵ ਹੈ। ਅਮਰਿੰਦਰ ਵਿਰੋਧੀਆਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਬਾਗੀਆਂ ਦੀ ਗਿਣਤੀ ਸਿੰਗਲ ਡਿਜ਼ਟ ਤੋਂ ਵਧ ਨਹੀਂ ਸਕੀ ਭਾਵ 5-7 ਵਿਧਾਇਕ ਹੀ ਹਨ। ਇਸ ਲਈ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਕਿਵੇਂ ਹੋ ਸਕਦਾ ਹੈ।

ਇਸ ਧੜੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਅਗਵਾਈ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਕੀਤੀ ਜਾਵੇਗੀ। ਜਦੋਂ ਕਿ ਸਿਆਸੀ ਵਿਸ਼ਲੇਸ਼ਕਾਂ ਦਾ ਵੀ ਇਹੀ ਮੰਨਣਾ ਹੈ ਕਿ ਗਾਂਧੀ ਪਰਿਵਾਰ ਨੂੰ ਪਾਰਟੀ ਦੇ ਅੰਦਰੋਂ ਅਤੇ ਬਾਹਰੋਂ ਵਧ ਰਹੀਆਂ ਚੁਣੌਤੀਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ ਵਿੱਚ ਕੋਈ ਵੱਡੀ ਤਬਦੀਲੀ ਸੰਭਵ ਨਹੀਂ ਜਾਪਦੀ ਹੈ। ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਮੁਖੀ ਹਰੀਸ਼ ਰਾਵਤ ਨੇ ਪਾਰਟੀ ’ਚ ਕੋਈ ਤਬਦੀਲੀ ਤੋਂ ਇਨਕਾਰ ਕਰਦਿਆਂ ਸਿੱਧੂ ਨੂੰ ਭਵਿੱਖ ਦਾ ਨੇਤਾ ਤਾਂ ਦੱਸਿਆ ਹੈ ਪਰ ਅਮਰਿੰਦਰ ਨੂੰ ਵੀ ਕੱਦਾਵਾਰ ਨੇਤਾ ਗਰਦਾਨਿਆ ਹੈ।

ਪਾਰਟੀ ਆਗੂਆਂ ਦਾ ਇਹ ਵੀ ਕਹਿਣਾ ਹੈ ਕਿ ਹਾਈ ਕਮਾਂਡ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਸਮਝੌਤਾ ਕਰਾਉਣ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਬਗਾਵਤ ਦੀ ਅੱਗ ਨੂੰ ਠੰਡਾ ਕਰਕੇ ਅਗਲੀਆਂ ਚੋਣਾਂ ਦੀ ਰਣਨੀਤੀ ਬਣਾਈ ਜਾ ਸਕੇ। ਕਾਂਗਰਸ ਵਿਚਲੀ ਖਾਨਾਜੰਗੀ ਸੂਬੇ ਦੀ ਸਿਆਸਤ ਦੇ ਰੁਖ ਨੂੰ ਬਦਲਣ ਲਈ ਹੀ ਭੂਮਿਕਾ ਅਦਾ ਕਰੇਗੀ ਸਗੋਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਦਾ ਵੀ ਫੈਸਲਾ ਕਰੇਗੀ।

ਮਹੱਤਵਪੂਰਨ ਤੱਥ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਮੱਥਾ ਪਹਿਲੀ ਵਾਰੀ ਕੈਪਟਨ ਵਰਗੇ ਘਾਗ ਸਿਆਸਤਦਾਨ ਨਾਲ ਲੱਗਿਆ ਹੈ। ਇਸ ਸਮੇਂ ਦੌਰਾਨ ਅਹਿਮ ਗੱਲ ਇਹ ਵੀ ਵਾਪਰੀ ਹੈ ਕਿ ਜਦੋਂ ਕਾਂਗਰਸ ਦੇ ਕਈ ਵਿਧਾਇਕ ਨਵਜੋਤ ਸਿੰਘ ਸਿੱਧੂ ਨਾਲ ਰਾਬਤਾ ਕਾਇਮ ਕਰਨ ਦੇ ਯਤਨ ਕਰ ਰਹੇ ਸਨ ਤਾਂ ਇਨ੍ਹਾਂ ਵਿਧਾਇਕਾਂ ਨੂੰ ਇਹ ਪਾਲਾ ਵੀ ਮਾਰ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਅਕਸਰ ਸਿਆਸੀ ਦ੍ਰਿਸ਼ ਤੋਂ ਲਾਂਭੇ ਹੋ ਜਾਂਦਾ ਹੈ ਕਿਤੇ ਭਵਿੱਖ ਵਿੱਚ ਵੀ ਸਭ ਦੀ ਕਿਸ਼ਤੀ ਵਿਚਾਲੇ ਡੋਬ ਕੇ ਧਿਆਨ ’ਚ ਮਗਨ ਹੋ ਜਾਵੇ। ਇਹ ਤੱਥ ਇਹ ਲਈ ਵੀ ਭਾਰੂ ਹੋ ਗਿਆ ਕਿਉਂਕ ਸਿੱਧੂ ਦੇ ਨੇੜਲਿਆਂ ਨੇ ਖੁਲਾਸਾ ਕੀਤਾ ਹੈ ਕਿ ਗੈਂਗਸਟਰ ਤੋਂ ਸਿਆਸਤ ਵਿੱਚ ਸਥਾਪਤ ਹੋਣ ਲਈ ਜ਼ੋਰ ਅਜਮਾਈ ਕਰ ਰਹੇ ਲੱਖਾ ਸਿਧਾਣਾ ਨੂੰ ਸਿੱਧੂ ਨਾਲ ਮੁਲਾਕਾਤ ਦੇ ਮਾਮਲੇ ’ਚ ਨਮੋੂਸ਼ੀ ਦਾ ਸਾਹਮਣਾ ਕਰਨਾ ਪਿਆ।

ਸੂਤਰਾਂ ਦਾ ਦੱਸਣਾ ਹੈ ਕਿ ਲੱਖਾ ਸ੍ਰੀ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚਿਆ ਤਾਂ ਅੱਗੋਂ ਮੁਲਾਕਾਤ ਦੀ ਥਾਂ ਇਹੋ ਸੁਨੇਹਾ ਮਿਲਿਆ ਕਿ ਸਾਬ੍ਹ ਤਾਂ ਧਿਆਨ ’ਚ ਬੈਠੇ ਹਨ। ਸੂਤਰਾਂ ਦਾ ਦੱਸਣਾ ਹੈ ਕਿ ਮੁੱਖ ਮੰਤਰੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਗੁੱਸਾ ਠੰਡਾ ਕਰਨ ’ਚ ਕਾਫੀ ਹੱਦ ਤੱਕ ਕਾਮਯਾਬ ਹੋ ਗਏ ਹਨ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮਹਿਲਾ ਕਮਿਸ਼ਨ ਦੀਆਂ ਧਮਕੀਆਂ ਦੇ ਬਾਵਜ਼ੂਦ ਮੀਡੀਆ ’ਚ ਆ ਕੇ ਪੱਖ ਰੱਖਣ ਦੀ ਹਿੰਮਤ ਨਹੀਂ ਜੁਟਾ ਸਕੇ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਪਾਰਟੀ ਦੇ ਬਹੁਤੇ ਆਗੂ ਤੇ ਵਿਧਾਇਕ ਇਸ ਗੱਲ ਦੇ ਪੱਖ ’ਚ ਹਨ ਕਿ ਜੇਕਰ ਅਗਲੀਆਂ ਚੋਣਾਂ ਜਿੱਤਣੀਆਂ ਹਨ ਤਾਂ ਨਵਜੋਤ ਸਿੰਘ ਸਿੱਧੂ ਦੇ ਨਾਮ ’ਤੇ ਸਿਆਸੀ ਲੜਾਈ ਲੜੀ ਜਾ ਸਕਦੀ ਹੈ ਪਰ ਇਹ ਆਗੂ ਤੇ ਵਿਧਾਇਕ ਸਿਧੂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਣਾ ਪਸੰਦ ਨਹੀਂ ਕਰਦੇ। ਪਾਰਟੀ ਆਗੂ ਇਸ ਗੱਲ ਤੋਂ ਵੀ ਪ੍ਰੇਸ਼ਾਨ ਹਨ ਕਿ ਨਵਜੋਤ ਸਿੰਘ ਸਿੱਧੂ ਟਵਿੱਟਰ ਤੋਂ ਅਗਾਂਹ ਨਹੀਂ ਵਧ ਰਹੇ ਤੇ ਲੋਕਾਂ ’ਚ ਆਉਣ ਤੋਂ ਕੰਨੀ ਕਤਰਾਉਂਦੇ ਹਨ। ਕਾਂਗਰਸ ਦੀ ਇਹ ਲੜਾਈ ਕਿਹੜਾ ਰੁਖ ਅਖਤਿਆਰ ਕਰਦੀ ਹੈ ਇਹ ਤਾਂ ਕੁੱਝ ਦਿਨਾਂ ਤੱਕ ਸਥਿਤੀ ਸਾਹਮਣੇ ਆ ਜਾਵੇਗੀ ਪਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨਜ਼ਰਾਂ ਇਸ ਲੜਾਈ ’ਤੇ ਟਿਕੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਨੂੰ ਉਮੀਦ ਹੈ ਕਿ ਕਾਂਗਰਸ ਦੀ ਧੜੇਬੰਦੀ ਵਧਣ ਨਾਲ ਕੁੱਝ ਨਵੇਂ ਚਿਹਰੇ ‘ਆਪ’ ਵਿੱਚ ਸ਼ਾਮਲ ਹੋ ਸਕਦੇ ਹਨ। ਇਸੇ ਤਰ੍ਹਾਂ ਅਕਾਲੀਆਂ ਵੱਲੋਂ ਵੀ ਭਵਿੱਖ ਦੀ ਰਣਨੀਤੀ ਕਾਂਗਰਸੀਆਂ ਦੀ ਲੜਾਈ ਕਿਸੇ ਤਣ ਪੱਤਣ ਲੱਗਣ ਤੋਂ ਬਾਅਦ ਹੀ ਬਣਾਈ ਜਾਣੀ ਹੈ।

Jeeo Punjab Bureau

Leave A Reply

Your email address will not be published.