ਚਾਰਜਸ਼ੀਟ ਵਿਚ ਇਹ ਗਲਤ ਦੋਸ਼ ਲਗਾਏ ਗਏ ਕਿ ਕਿਸਾਨਾਂ ਨੇ ਲਾਲ ਕਿਲ੍ਹੇ ਨੁੰ ਰੋਸ ਮੁਜ਼ਾਹਰੇ ਵਾਲੀ ਥਾਂ ਬਣਾਉਣ ਦਾ ਯਤਨ ਕੀਤਾ : ਡਾ. ਦਲਜੀਤ ਸਿੰਘ ਚੀਮਾ

31

ਜੀਓ ਪੰਜਾਬ

ਚੰਡੀਗੜ੍ਹ, 27 ਮਈ:

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੇਂਦਰ ਸਰਕਾਰ ਦੀ ਇਸ ਗੱਲੋਂ ਜ਼ੋਰਦਾਰ ਨਿਖੇਧੀ ਕੀਤੀ ਕਿ ਉਹ ਕਿਸਾਨ ਅੰਦੋਲਨ ਨੁੰ ਬਦਨਾਮ ਕਰਨ ਦਾ ਯਤਨ ਕਰ ਰਹੀ ਹੈ ਤੇ ਇਸਨੇ ਦਾਇਰ ਕੀਤੀ ਸਿਆਸੀ ਤੌਰ ’ਤੇ ਪ੍ਰੇਰਿਤ ਚਾਰਜਸ਼ੀਟ ਵਿਚ ਇਹ ਦੋਸ਼ ਲਗਾ ਕੇ ਕਿ ਕਿਸਾਨਾਂ ਨੇ ਲਾਲ ਕਿਲ੍ਹੇ ਨੂੰ ਰੋਸ ਪ੍ਰਦਰਸ਼ਨ ਵਾਲੀ ਥਾਂ ਵਿਚ ਬਦਲਣ ਦਾ ਯਤਨ ਕੀਤਾ, ਨਾਲ ਅੰਦੋਲਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਦਿੱਲੀ ਪੁਲਿਸ ਨੇ ਜੋ ਚਾਰਜਸ਼ੀਟ ਦਾਇਰ ਕੀਤੀ ਹੈ, ਉਸ ਵਿਚ ਇਹ ਦੋਸ਼ ਲਗਾਇਆ ਗਿਆ ਹੈ ਕਿ ਕਿਸਾਨਾਂ ਨੇ 26 ਜਨਵਰੀ ਨੁੰ ਲਾਲ ਕਿਲ੍ਹੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਇਸਨੁੰ ਰੋਸ ਪ੍ਰਦਰਸ਼ਨ ਵਾਲੀ ਥਾਂ ਵਿਚ ਬਦਲਿਆ ਜਾ ਸਕੇ। ਉਹਨਾਂ ਕਿਹਾ ਕਿ ਇਹ ਦਾਅਵਾ ਸੱਚਾਈ ਤੋਂ ਕੋਹਾਂ ਦੂਰ ਹੈ। ਉਹਨਾਂ ਕਿਹਾ ਕਿ ਇਹ ਰਿਕਾਰਡ ਦਾ ਹਿੱਸਾ ਹੈ ਕਿਸਾਨ ਅੰਦੋਲਨ ਦੀ ਸਾਰੀ ਸਥਾਪਿਤ ਲੀਡਰਸ਼ਿਪ ਤੇ ਇਹਨਾਂ ਦੇ ਨਾਲ ਹਜ਼ਾਰਾਂ ਰੋਸ ਵਿਖਾਵਾਕਾਰੀ ਦਿੱਲੀ ਪੁਲਿਸ ਨਾਲ ਹੋਈ ਗੱਲਬਾਤ ਵਿਚ ਤੈਅ ਹੋਏ ਰੂਟ ’ਤੇ ਹੀ ਗਏ ਸਨ, ਸਿਰਫ ਥੋੜ੍ਹੇ ਜਿਹੇ ਲੋਕ ਹੀ ਲਾਲ ਕਿਲ੍ਹੇ ’ਤੇ ਪਹੁੰਚੇ ਸਨ।

ਡਾ. ਚੀਮਾ ਨੇ ਕਿਹਾ ਕ ਅਜਿਹਾ ਜਾਪਦਾ ਹੈ ਕਿ ਦਿੱਲੀ ਪੁਲਿਸ ਨੇ ਸਾਰੇ ਕੇਸ ਦੀ ਪ੍ਰੋਫੈਸ਼ਨਲ ਢੰਗ ਨਾਲ ਜਾਂਚ ਨਹੀਂ ਕੀਤੀ। ਉਹਨਾਂ ਕਿਹਾ ਕਿ ਚਾਰਜਸ਼ੀਟ ਦਾਇਰ ਕਰਨ ਸਮੇਂ ਜ਼ਮੀਨੀ ਹਕੀਕਤ ਦਾ ਖਿਆਲ ਨਹੀਂ ਰੱਖਿਆ ਗਿਆ। ਉਹਨਾਂ ਕਿਹਾ ਕਿ ਇਹ ਚਾਰਜਸ਼ੀਟ ਸਿਆਸਤ ਤੋਂ ਪ੍ਰੇਰਿਤ ਲੱਗਦੀ ਹੈ।

ਅਕਾਲੀ ਆਗੂ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਤੁਰੰਤ ਹਾਲਾਤਾਂ ਦਾ ਜਾਇਜ਼ਾ ਲਵੇ ਅਤੇ ਦਰੁੱਸਤੀ ਭਰੇ ਕਦਮ ਚੁੱਕੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ  ਦਿੱਲੀ ਪੁਲਿਸ ਵੱਲੋਂ ਦਾਇਰ ਪੱਖਪਾਤੀ ਚਾਰਜਸ਼ੀਟ ਦੇ ਕਾਰਨ ਕੋਈ ਕਿਸਾਨ ਪੀੜਤ ਨਾ ਹੋ ਜਾਵੇ।

Jeeo Punjab Bureau

Leave A Reply

Your email address will not be published.