ਕਪਤਾਨ ਦੀ ਮਸ਼ਕਰੀ ਨਾਲ ਕਈਆਂ ਦੇ ਪਿੱਸੂ ਪਏ…

ਪੰਜਾਬ ਬਿਊਰੋ
ਚੰਡੀਗੜ੍ਹ, 27 ਮਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਵਾਲੇ ਦਿਨ ਆਪਣੇ ਜੱਦੀ ਸ਼ਹਿਰ ਦੇ ਵਿਕਾਸ ਲਈ ਰੱਖੀ ਇੱਕ ਉਚ ਪੱਧਰੀ ਮੀਟਿੰਗ ਦੌਰਾਨ ਜਦੋਂ ਵੱਡੀ ਗਿਣਤੀ ਆਈਏਐਸ ਅਫਸਰ ਤੇ ਸਿਆਸਤਦਾਨ ਆਨ ਲਾਈਨ ਮੌਜੂਦ ਸਨ ਤਾਂ ਅਜਿਹੀ ਕਰਾਰੀ ਟਿੱਪਣੀ ਕੀਤੀ ਕਿ ਬਹੁਤੇ ਅਫਸਰ ਆਪਣਾ ਹਾਸਾ ਰੋਕ ਨਾ ਸਕੇ ਤੇ ਕਈਆਂ ਦੀ ਤਾਂ ਬੋਲਤੀ ਹੀ ਬੰਦ ਹੋ ਗਈ। ਸੂਤਰਾਂ ਦਾ ਦੱਸਣਾ ਕਿ ਮੀਟਿੰਗ ਦੌਰਾਨ ਹੋਇਆ ਇੰਜ ਕਿ ਪਟਿਆਲ਼ਾ ਦੇ ਸ਼ਾਹੀ ਘਰਾਣੇ ਦੇ ਪਿਛੋਕੜ ਨਾਲ ਸਬੰਧਤ ਬੇ-ਸ਼ੁਮਾਰ ਕੀਮਤੀ ਮੈਡਲ ਸੰਭਾਲ਼ਣ ਲਈ ਪਟਿਆਲ਼ਾ ਸਥਿਤ ‘ਮਹਿੰਦਰਾ ਕੋਠੀ’ ਦੀ ਨਿਸ਼ਾਨਦੇਹੀ ਕਰਕੇ ਕੋਠੀ ਦੀ ਸੰਭਾਲ਼ ਲਈ ਪੈਸਾ ਵੀ ਜਾਰੀ ਕੀਤਾ। ਐਨ ਉਸੇ ਵੇਲੇ ਇੱਕ ਸੀਨੀਅਰ ਅਧਿਕਾਰੀ ਨੇ ਮੀਟਿੰਗ ਦੌਰਾਨ ਮਸ਼ਵਰਾ ਦਿੱਤਾ ਕਿ ਮੈਡਲ ਗੈਲਰੀ ਦੀ ਰਾਖੀ ਲਈ ਮਹਿੰਦਰਾ ਕੋਠੀ ‘ਚ ਕਿਉਂ ਨਾ ਪੁਲੀਸ ਚੌਂਕੀ ਬਿਠਾ ਦਿੱਤੀ ਜਾਵੇ। ਕਪਤਾਨ ਸਾਬ੍ਹ ਨੇ ਟਿੱਪਣੀ ਕਰਦਿਆਂ ਕਿਹਾ ‘’ਕੀ ਤੁਹਾਨੂੰ ਪੰਜਾਬ ਪੁਲੀਸ ‘ਤੇ ਭਰੋਸਾ ਹੈ’’ ਪ੍ਰਤੱਖ ਦਰਸ਼ੀ ਇੱਕ ਅਫਸਰ ਨੇ ਆਪਣਾ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਮੁੱਖ ਮੰਤਰੀ ਵਲ਼ੋ ਏਨੀ ਕਹਿਣ ਦੀ ਦੇਰ ਸੀ ਕਿ ਅਫਸਰਾਂ ਦੇ ਹਾਸੇ ਫੁੱਟ ਪਏ ਪਰ ਕਈਆਂ ਦੇ ਪਿੱਸੂ ਪੈ ਗਏ। ਸਿਆਸੀ ਹਲਕਿਆਂ ਤੇ ਅਫਸਰਸ਼ਾਹੀ ‘ਚ ਕੱਲ੍ਹ ਤੋਂ ਹੀ ਚਰਚਾ ਇਹ ਵੀ ਛਿੜੀ ਹੋਈ ਹੈ ਕਿ ਮੋਤੀਆਂ ਵਾਲੀ ਸਰਕਾਰ ਨੂੰ ਆਪਣੀ ਸੈਨਾ ‘ਤੇ ਏਨਾ ਵੀ ਭਰੋਸਾ ਨਹੀਂ ਕਿ ਉਹ ਬੇ ਸ਼ੁਮਾਰ ਮਾਲ ਦੀ ਰਾਖੀ ਕਰ ਸਕੇ ਜਾਂ ਫਿਰ ਮਹਾਰਾਜੇ ਨੇ ਹਾਸੇ ਠੱਠੇ ‘ਚ ਭਰੀ ਮੀਟਿੰਗ ਦੌਰਾਨ ਹੀ ਪੁਲੀਸ ਦੀ ਖੁੰਬ ਠੱਪ ਦਿੱਤੀ।

Leave A Reply

Your email address will not be published.