ਸੁਖਦੇਵ ਸਿੰਘ ਢੀਂਡਸਾ ਵੱਲੋਂ ਸ: ਬਲਵੰਤ ਸਿੰਘ ਰਾਮੂਵਾਲੀਆ ਨੂੰ ਸੰਗਤੀ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਅਪੀਲ

ਜੀਓ ਪੰਜਾਬ

ਚੰਡੀਗੜ੍ਹ, 25 ਮਈ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਇੱਕ ਜੂਨ ਨੂੰ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚ ਕੇ ਕੀਤੀ ਜਾਣ ਵਾਲੀ ਸੰਗਤੀ ਅਰਦਾਸ ਵਿੱਚ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਉਚੇਚੇ ਤੌਰ `ਤੇ ਸਾਬਕਾ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੂੰ ਸੱਦਾ ਭੇਜ ਕੇ ਅਰਾਦਾਸ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। ਢੀਂਡਸਾ ਨੇ ਕਿਹਾ ਕਿ ਬਲਵੰਤ ਸਿੰਘ ਰਾਮੂਵਾਲੀਆ ਇੱਕ ਬਹੁਤ ਹੀ ਵੱਡੀ ਕੱਦਾਵਾਰ ਸਖਸ਼ੀਅਤ ਹਨ। ਪੰਜਾਬ ਦੀ ਸਿਆਸਤ ਦੇ ਨਾਲ -ਨਾਲ ਪੂਰੇ ਮੁਲਕ ਦੀ ਸਿਆਸਤ ਵਿੱਚ ਉਨ੍ਹਾ ਨੇ ਵੱਖਰੀ ਪਛਾਣ ਬਣਾਈ ਹੈ। ਉਘੇ ਸਮਾਜਿਕ, ਧਾਰਮਿਕ ਅਤੇ ਰਾਜਨੀਤਕ ਆਗੂ ਰਾਮੂਵਾਲੀਆ ਦੇ ਪਿਤਾ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਆਪਣੇ ਸਮੇਂ ਦੇ ਪ੍ਰਸਿੱਧ ਕਵੀਸ਼ਰ ਹੋਏ ਹਨ। ਸੋ ਰਾਮੂਵਾਲੀਆ ਪਰਿਵਾਰ ਦਾ ਧਾਰਮਿਕ ਖੇਤਰ ਵਿੱਚ ਵੀ ਵੱਡਾ ਯੋਗਦਾਨ ਹੈ। ਅਜਿਹੇ ਵਿੱਚ ਉਨ੍ਹਾ ਦੀ ਇਸ ਅਰਦਾਸ ਵਿੱਚ ਸ਼ਮੂਲੀਅਤ ਅਤਿ ਜਰੂਰੀ ਹੈ।

ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਲੋਂ ਪੰਜਾਬ ਹਿਤੈਸ਼ੀ ਅਤੇ ਪੰਥ ਹਿਤੈਸ਼ੀ ਹਰੇਕ ਸਖਸ਼ੀਅਤ ਨੂੰ ਇਸ ਅਰਦਾਸ ਵਿੱਚ ਸ਼ਮੂਲੀਅਤ ਦੀ ਸਨਿਮਰ ਬੇਨਤੀ ਹੈ ਕਿਉਂਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣਾ ਕੇਵਲ ਪਾਰਟੀ ਦਾ ਹੀ ਨਹੀ ਸਗੋਂ ਹਰੇਕ ਸਿੱਖ ਦਾ ਫਰਜ਼ ਬਣਦਾ ਹੈ।

ਜਿਕਰਯੋਗ ਹੈ ਕਿ ਇੱਕ ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) ਤੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਗਏ ਸਨ। ਇਸ ਉਪਰੰਤ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਦੁੱਖਦਾਈ ਘਟਨਾਵਾਂ ਵਾਪਰੀਆਂ। ਇਸ ਸਬੰਧ ਵਿੱਚ ਸਿੱਖ ਸੰਗਤ ਵੱਲੋਂ ਇੱਕ ਜੂਨ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹਰ ਸਾਲ ਅਰਦਾਸ ਕੀਤੀ ਜਾਂਦੀ ਹੈ।

Jeeo Punjab Bureau

Leave A Reply

Your email address will not be published.