ਏਮਜ ਬਠਿੰਡਾ ਦੇ ਨਰਸਿੰਗ ਸਟਾਫ਼ ਖਿਲਾਫ਼ ਨੀਵੇਂ ਦਰਜੇ ਦੀ ਬਿਆਨਬਾਜੀ ਲਈ ਮੁਆਫ਼ੀ ਮੰਗਣ ਮੰਤਰੀ ਓ.ਪੀ ਸੋਨੀ: ਆਪ

ਜੀਓ ਪੰਜਾਬ

ਚੰਡੀਗੜ, 21 ਮਈ:

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ  ਏਮਜ ਬਠਿੰਡਾ ਦੇ ਮੇਲ ਨਰਸਿੰਗ ਸਟਾਫ਼ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਮਾੜੇ ਵਰਤਾਓ ਅਤੇ ਕੈਬਟਿਨ ਮੰਤਰੀ ਓ.ਪੀ ਸੋਨੀ ਵੱਲੋਂ ਨੀਵੇਂ ਦਰਜੇ ਦੀ ਬਿਆਨਬਾਜੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੈਡੀਕਲ ਸਿੱਖਿਆ ਮੰਤਰੀ ਮੰਤਰੀ ਓ.ਪੀ. ਸੋਨੀ ਨੂੰ ਤੁਰੰਤ ਵਜ਼ਾਰਤ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ।

ਸ਼ੁਕਰਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਹੈ ਕਿ ਪੰਜਾਬ ਦੀ ਕੈਪਟਨ ਸਰਕਾਰ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰਨਾ ਵਿੱਚ ਨਾਕਾਮ ਹੋਈ ਹੈ ਕਿਉਂਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਸਮੇਤ ਤਕਨੀਕੀ ਪ੍ਰਣਾਲੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਹਲਾਤ ਵਿੱਚ ਆਮ ਲੋਕਾਂ ਦੀ ਜਾਨ ਬਚਾਉਣ ਲਈ ਏਮਜ ਬਠਿੰਡਾ ਦੇ ਲੇਡੀ ਅਤੇ ਮੇਲ ਨਰਸਿੰਗ ਸਟਾਫ਼ ਨੇ ਆਪਣੀਆਂ ਸੇਵਾਵਾਂ ਸੂਬੇ ਭਰ ਦੇ ਹਸਪਤਾਲਾਂ ਵਿੱਚ ਨਿਭਾਈਆਂ ਹਨ। ਪਰ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਪ੍ਰਬੰਧਕਾਂ ਵੱਲੋਂ ਮੇਲ ਨਰਸਿੰਗ ਸਟਾਫ਼ ਨੂੰ ਲੋੜੀਂਦੀਆਂ ਸਹੂਲਤਾਂ ਨਾ ਦੇਣ ਕਾਰਨ ਸਟਾਫ਼ ਨੂੰ ਵਾਪਸ ਜਾਣਾ ਪਿਆ, ਜਿਸ ਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੈਡੀਕਲ ਸਿੱਖਿਆ ਮੰਤਰੀ ਓ.ਪੀ. ਸੋਨੀ ਨੇ ਆਪਣੀ ਸਰਕਾਰ ਦੀਆਂ ਨਾਕਾਮੀਆਂ ਦਾ ਠੀਕਰਾ ਨਰਸਿੰਗ ਸਟਾਫ਼ ’ਤੇ ਭੰਨ ਰਹੇ ਹਨ ਅਤੇ ਉਨ੍ਹਾਂ ਪ੍ਰਤੀ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਏਮਜ ਦੇ ਨਰਸਿੰਗ ਸਟਾਫ਼ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਸਨ, ਕਿਉਂਕਿ ਇਹ ਸਟਾਫ਼ ਕੋਰੋਨਾ ਮਹਾਮਾਰੀ ਦੇ ਪੀੜਤਾਂ ਦੀ ਜਾਨ ਬਚਾਉਣ ਲਈ ਪਟਿਆਲਾ ਵਿਖੇ ਆਇਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਸ਼ਹਿਰ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਕੋਰੋਨਾ ਨਾਲ ਮੌਤਾਂ ਹੋਣ ਦੀ ਗਿਣਤੀ ਸੂਬੇ ਭਰ ਵਿੱਚੋਂ ਸਭ ਤੋਂ ਜ਼ਿਆਦਾ ਹੈ।

ਚੀਮਾ ਨੇ ਕਿਹਾ ਕਿ ਕੋਰੋਨਾ ਵਾਰਡਾਂ ਵਿੱਚ ਸੇਵਾਵਾਂ ਨਿਭਾਉਣ ਵਾਲੇ ਸਟਾਫ਼ ਨੂੰ ਵਿਸ਼ੇਸ਼ ਸਹੂਲਤਾਂ ਦੀ ਲੋੜ ਹੁੰਦੀ, ਜੋ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾਣੀਆਂ ਜ਼ਰੂਰੀ ਹਨ, ਨਾ ਕਿ ਸਟਾਫ਼ ਨੂੰ ਹੀ ਦੋਸ਼ੀ ਸਿੱਧ ਕਰਨਾ। ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਮੰਤਰੀ ਓ.ਪੀ ਸੋਨੀ ਏਮਜ ਦੇ ਸਟਾਫ਼ ਵੱਲੋਂ ਰਾਜਿੰਦਰਾ ਹਸਪਤਾਲ ਵਿੱਚ ਕੰਮ ਕਰਨ ਤੋਂ ਇਨਕਾਰ ਕਰਨ ਦੇ ਫ਼ੈਸਲੇ ਨੂੰ ਧੋਖਾ ਕਰਾਰ ਦਿੰਦੇ ਹਨ, ਕੀ ਕੈਬਨਿਟ ਮੰਤਰੀ ਦੱਸਣਗੇ ਕਿ ਉਨ੍ਹਾਂ ਏਮਜ ਦੇ ਸਟਾਫ਼ ਲਈ ਲੋੜੀਂਦੇ ਪ੍ਰਬੰਧ ਕਿਉਂ ਨਹੀਂ ਕੀਤੇ? ਕੀ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਵਿਵਸਥਾ ਦਾ ਪ੍ਰਬੰਧ ਨਾ ਕਰਕੇ ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਧੋਖ਼ਾ ਨਹੀਂ ਦਿੱਤਾ? ਉਨ੍ਹਾਂ ਕਿਹਾ ਕਿ ਏਮਜ ਸਟਾਫ਼ ਸਿਰ ਠੀਕਰਾ ਭੰਨ ਕੇ ਕੈਪਟਨ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ।

Jeeo Punjab Bureau

Leave A Reply

Your email address will not be published.