ਪੰਜਾਬ ਸਰਕਾਰ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਕਰੇਗੀ ਸੰਪਰਕ

ਜੀਓ ਪੰਜਾਬ

ਚੰਡੀਗੜ੍ਹ: 20 ਮਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸੂਬੇ ਵਿੱਚ ਜਲਦ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਕੋਵਿਡ ਦੇ ਟੀਕਿਆਂ ਦੀ ਖਰੀਦ ਲਈ ਵਿਸ਼ਵਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ। ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਸਾਰੇ ਟੀਕਾ ਨਿਰਮਾਤਾਵਾਂ ਤੱਕ ਪਹੁੰਚ ਕਰੇਗੀ ਜਿਨ੍ਹਾਂ ਵਿਚ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਅਤੇ ਜਾਹਨਸਨ ਐਂਡ ਜਾਹਨਸਨ ਸ਼ਾਮਲ ਹਨ।

ਪੰਜਾਬ ਕੋਲ 35 ਲੱਖ ਸਪੂਤਨਿਕ ਵੀ ਟੀਕਿਆਂ ਲਈ ਭੰਡਾਰਣ ਦੀ ਥਾਂ ਹੈ ਜਿਸ ਲਈ ਘੱਟੋ ਘੱਟ 18 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟੀਕਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਾਰੇ ਯਤਨ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਭਾਰਤ ਸਰਕਾਰ ਤੋਂ 44 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ ਸਿਰਫ 1 ਲੱਖ ਵਰਤੋਂ ਲਈ ਉਪਲੱਬਧ ਹਨ ਜੋ ਕਿ ਇਕ ਦਿਨ ਵਿਚ ਹੀ ਖਤਮ ਹੋ ਜਾਣਗੀਆਂ।

ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਪਿਛਲੇ ਤਿੰਨ ਦਿਨਾਂ ਦੌਰਾਨ ਟੀਕਾ ਉਪਲੱਬਧ ਨਾ ਹੋਣ ਕਾਰਨ ਪਹਿਲੇ ਅਤੇ ਦੂਜੇ ਪੜਾਅ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਹੋਈ ਅਤੇ ਸਾਰੇ ਸਬੰਧਤ ਵਿਭਾਗਾਂ ਨੂੰ ਵੈਕਸੀਨ ਦੀ ਸਪਲਾਈ ਸਬੰਧੀ ਮੁੱਦਾ ਕੇਂਦਰ ਸਰਕਾਰ ਕੋਲ ਉਠਾਉਣਾ ਜਾਰੀ ਰੱਖਣ ਲਈ ਨਿਰਦੇਸ਼ ਦਿੱਤੇ।

ਭਾਰਤ ਸਰਕਾਰ ਦੇ ਅਲਾਟਮੈਂਟ ਅਨੁਸਾਰ, ਤੀਜੇ ਪੜਾਅ (18-44 ਉਮਰ ਸਮੂਹ) ਲਈ ਸੂਬਾ ਸਰਕਾਰ ਕੱਲ੍ਹ ਪ੍ਰਾਪਤ ਹੋਏ 63,000 ਵੈਕਸੀਨਾਂ ਨੂੰ ਮਿਲਾ ਕੇ ਹੁਣ ਤੱਕ ਸਿਰਫ 3.6 ਲੱਖ ਟੀਕਿਆਂ ਦੀ ਖਰੀਦਦਾਰੀ ਕਰ ਸਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁੱਲ 2.3 ਲੱਖ ਟੀਕਿਆਂ ਦੀ ਵਰਤੋਂ ਹੋ ਚੁੱਕੀ ਹੈ ਅਤੇ ਹੁਣ ਸਿਰਫ਼ 1.3 ਲੱਖ ਟੀਕੇ ਹੀ ਉਪਲੱਬਧ ਹਨ।

ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਲਈ ਤਰਜੀਹੀ ਆਧਾਰ ‘ਤੇ ਟੀਕਾਕਰਨ ਮੁਤਾਬਕ ਤਕਰੀਬਨ 1 ਲੱਖ ਗੈਰ-ਰਜਿਸਟਰਡ ਉਸਾਰੀ ਕਾਮੇ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਰਤ ਵਿਭਾਗ ਨੂੰ ਇਨ੍ਹਾਂ ਕਾਮਿਆਂ ਦੀ ਰਜਿਸਟ੍ਰੇਸ਼ਨ ਤਰਜੀਹੀ ਆਧਾਰ ‘ਤੇ ਯਕੀਨੀ ਬਣਾਉਣ ਲਈ ਕਿਹਾ।

ਕੋਵਿਡ ਸਮੀਖਿਆ ਮੀਟਿੰਗ ਦੌਰਾਨ ਕੋਵਿਡ ਮਾਹਿਰ ਸਮੂਹ ਦੇ ਮੁਖੀ ਡਾ. ਕੇ ਕੇ ਤਲਵਾੜ ਨੇ ਕਿਹਾ ਕਿ ਮੌਜੂਦਾ ਟੀਕੇ ਕੋਰੋਨਾ ਦੇ ਨਵੇਂ ਵਾਇਰਸ ਵਿਰੁੱਧ ਵੀ ਅਸਰਦਾਰ ਪਾਏ ਗਏ ਹਨ।

ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਪਿਛਲੇ ਪੰਜ ਮਹੀਨਿਆਂ ਵਿੱਚ ਕੋਵਿਡ ਕਾਰਨ 21 ਕਰਮਚਾਰੀ ਗਵਾ ਚੁੱਕੀ ਹੈ ਅਤੇ ਇਨ੍ਹਾਂ ਵਿੱਚੋਂ 50 ਫ਼ੀਸਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਸੀ।

Jeeo Punjab Bureau

Leave A Reply

Your email address will not be published.