ਆਕਸੀਜਨ ਸਲਿੰਡਰਾਂ ਦੀ ਵਿਕਰੀ ਦੇ ਕਾਲੇ ਧੰਦੇ ਦਾ ਹੋਇਆ ਪਰਦਾਫ਼ਾਸ਼

13

ਜੀਓ ਪੰਜਾਬ

ਚੰਡੀਗੜ੍ਹ: 20 ਮਈ

ਜ਼ਿਲ੍ਹਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਹਸਪਤਾਲ ਵਿਚ ਮੈਡੀਕਲ ਆਕਸੀਜਨ ਸਲਿੰਡਰਾਂ ਦੀ ਵਿਕਰੀ ਦੇ ਕਾਲੇ ਧੰਦੇ ਦਾ ਪਰਦਾਫ਼ਾਸ਼ ਕਰਦਿਆਂ ਇਕ ਪ੍ਰਾਈਵੇਟ ਕੰਪਨੀ ਦੇ ਕਾਰਿੰਦੇ ਨੂੰ ਗਿ੍ਰਫ਼ਤਾਰ ਕਰਵਾਇਆ ਹੈ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਿਵਲ ਹਸਪਤਾਲ ਵਿਚ ਮੈਡੀਕਲ ਆਕਸੀਜਨ ਸਪਲਾਈ ਦੇ ਪ੍ਰਬੰਧ ਅਤੇ ਕੰਟਰੋਲ ਲਈ ‘ਮੈਕ ਟੈਕ ਇੰਜਨੀਅਰਜ਼’ ਨਾਮੀ ਕੰਪਨੀ ਨੂੰ ਠੇਕਾ ਦਿਤਾ ਹੋਇਆ ਹੈ। ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਕਿ ਇਸ ਕੰਪਨੀ ਦਾ ਇਕ ਕਾਰਿੰਦਾ ਹਸਪਤਾਲ ਵਿਚ ਆਉਣ ਵਾਲੇ ਸਿਲੰਡਰ ਚੋਰੀ-ਛਿਪੇ ਬਾਹਰ ਵੇਚਦਾ ਹੈ ਅਤੇ ਬਦਲੇ ਵਿਚ ਕਾਫ਼ੀ ਪੈਸੇ ਲੈਂਦਾ ਹੈ। ਉਨ੍ਹਾਂ ਦਸਿਆ ਕਿ ਇਸ ਬਾਬਤ ਪਤਾ ਲੱਗਣ ’ਤੇ ਉਨ੍ਹਾਂ ਤੁਰੰਤ ਇਹ ਮਾਮਲਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਧਿਆਨ ਵਿਚ ਲਿਆਂਦਾ ਜਿਨ੍ਹਾਂ ਪੁਲਿਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿਤੇ। ਇਸ ਦੌਰਾਨ ਸਿਹਤ ਵਿਭਾਗ ਦੇ ਇਕ ਮੁਲਾਜ਼ਮ ਨੇ ਗਾਹਕ ਬਣ ਕੇ ਉਕਤ ਕਾਰਿੰਦੇ ਨੂੰ ਸਲੰਡਰ ਖ਼ਰੀਦਣ ਲਈ ਫ਼ੋਨ ਕੀਤਾ ਅਤੇ ਫ਼ੋਨ ’ਤੇ ਹੀ 25 ਹਜ਼ਾਰ ਰੁਪਏ ਪ੍ਰਤੀ ਸਲੰਡਰ ਸੌਦਾ ਤੈਅ ਹੋਇਆ। ਇਸ ਤੋਂ ਬਾਅਦ ਸਿਹਤ ਵਿਭਾਗ ਦਾ ਮੁਲਾਜ਼ਮ ਕਾਰਿੰਦੇ ਦੁਆਰਾ ਦੱਸੀ ਹੋਈ ਥਾਂ-ਸਿਵਲ ਹਸਪਤਾਲ ਦੇ ਪਿੱਛੇ (ਮੈਕਸ ਹਸਪਤਾਲ ਵਲ) ਅੱਜ ਦੁਪਹਿਰ 2 ਵਜੇ ਪਹੁੰਚ ਗਿਆ ਅਤੇ ਉਕਤ ਕਾਰਿੰਦੇ ਨੇ ਆਕਸੀਜਨ ਦਾ ਸਿਲੰਡਰ ਤੁਰੰਤ ਉਸ ਦੀ ਗੱਡੀ ਵਿਚ ਰਖਵਾ ਦਿਤਾ ਅਤੇ ਬਦਲੇ ਵਿਚ ਨੋਟ ਲੈ ਲਏ। ਮੌਕੇ ’ਤੇ ਤੈਨਾਤ ਪੁਲਿਸ ਦੀ ਟੀਮ ਨੇ ਤੁਰੰਤ ਉਕਤ ਕਾਰਿੰਦੇ ਨੂੰ ਰੰਗੇ-ਹੱਥੀਂ ਕਾਬੂ ਕਰ ਕੇ ਹਿਰਾਸਤ ਵਿਚ ਲੈ ਲਿਆ ਅਤੇ ਉਸ ਕੋਲੋਂ ਪੁੱਛਗਿਛ ਜਾਰੀ ਹੈ। ਇਸ ਕਾਰਿੰਦੇ ਦੀ ਪਛਾਣ ਰਾਹੁਲ ਵਜੋਂ ਹੋਈ ਹੈ ।

ਸਿਵਲ ਸਰਜਨ ਨੇ ਇਸ ਗੋਰਖਧੰਦੇ ਦਾ ਪਰਦਾਫ਼ਾਸ਼ ਕਰਨ ’ਚ ਭੂਮਿਕਾ ਨਿਭਾਉਣ ਲਈ ਮੁੱਖ ਤੌਰ ’ਤੇ ਐਸ.ਐਮ.ਓ. ਡਾ. ਐਚ.ਐਸ. ਚੀਮਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ ਚੀਮਾ, ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਤੇ ਹੋਰ ਅਧਿਕਾਰੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ਅਤੇ ਮਰੀਜ਼ਾਂ ਦੇ ਗੰਭੀਰ ਹੋਣ ਦੀ ਸਥਿਤੀ ਵਿਚ ਮੈਡੀਕਲ ਆਕਸੀਜਨ ਦੀ ਮੰਗ ਲਗਾਤਾਰ ਵੱਧ ਰਹੀ ਹੈ ਪਰ ਅਜਿਹੇ ਸਮਾਜ-ਵਿਰੋਧੀ ਅਨਸਰ ਜਿਥੇ ਮਨੁੱਖੀ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ, ਉਥੇ ਕੋਵਿਡ ਵਿਰੁਧ ਲੜਾਈ ਨੂੰ ਵੀ ਢਾਹ ਲਾਉਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਸਲਾਖਾਂ ਪਿੱਛੇ ਭੇਜਣ ਵਿਚ ਲੋਕਾਂ ਨੂੰ ਵੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦਾ ਸਾਥ ਦੇਣ ਦੀ ਲੋੜ ਹੈ।

Jeeo Punjab Bureau

Leave A Reply

Your email address will not be published.