ਨਹੀਂ ਮਿਲੇ ਨਿਯੁਕਤੀ ਪੱਤਰ ਤਾਂ ਅਧਿਆਪਕ ਯੂਨੀਅਨ 21 ਮਈ ਨੂੰ ਮੋਤੀ ਮਹਿਲ ਦਾ ਕਰੇਗੀ ਘਿਰਾਓ

ਜੀਓ ਪੰਜਾਬ

ਚੰਡੀਗੜ੍ਹ, 19 ਮਈ

2364 ਈ ਟੀ ਟੀ ਸਿਲੈਕਟਿਡ ਅਧਿਆਪਕ ਯੂਨੀਅਨ ਨੇ ਪੰਜਾਬ ਸਰਕਾਰ ਵੱਲੋਂ ਪੰਜ ਮਹੀਨੇ ਤੋਂ ਨੌਕਰੀ ਲਈ ਚੁਣੇ ਈ ਟੀ ਟੀ ਅਧਿਆਪਕਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਦੇ ਕੇ ਡਿਊਟੀ ‘ਤੇ ਹਾਜ਼ਰ ਨਾ ਕਰਾਉਣ ਦੀ ਟਾਲ ਮਟੋਲ  ਵਾਲੀ ਨੀਤੀ ਦੀ ਨਿੰਦਾ ਕਰਦਿਆਂ 21 ਮਈ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।

ਅੱਜ ਇੱਥੇ ਯੂਨੀਅਨ ਦੇ ਸੂਬਾਈ ਆਗੂਆਂ  ਬਲਵੰਤ ਸਿੰਘ ਧਨੇਠਾ, ਰਾਮਫਲ ਸਿੰਘ, ਧੀਰਜ ਕੁਮਾਰ, ਜਗਜੀਤ ਸਿੰਘ ਮੋਗਾ, ਰਾਮ ਸਿੰਘ ਮੋਗਾ, ਕੁਲਦੀਪ ਸਿੰਘ ਤੇ ਸੁਖਜਿੰਦਰ ਸਿੰਘ ਵੱਲੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਰਕਾਰ ਦੀ ਲਾਰੇ ਲੱਪੇ ਦੀ ਨੀਤੀ ਹੁਣ ਨਹੀਂ ਚੱਲੇਗੀ ਕਿਉਂਕਿ ਸਰਕਾਰ ਵੱਲੋਂ 5 ਮਹੀਨੇ ਤੋਂ ਚੁਣੇ ਅਧਿਆਪਕਾਂ ਨੂੰ ਅਜੇ ਤੱਕ ਨਿਯੁਕਤੀ ਪੱਤਰ ਦੇ ਕੇ ਡਿਊਟੀਆਂ ‘ਤੇ ਹਾਜ਼ਰ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ ਇਨ੍ਹਾਂ ਸਾਰੇ ਚੁਣੇ ਹੋਏ ਅਧਿਆਪਕਾਂ ਨੂੰ ਆਪਣੇ ਰੁਜ਼ਗਾਰ ਦੀ ਪ੍ਰਾਪਤੀ ਲਈ ਕੋਵਿਡ 19 ਦੇ ਚਲਦਿਆਂ ਸੜਕਾਂ ਉੱਪਰ ਸੰਘਰਸ਼ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ। ਉਨ੍ਹਾਂ ਦੱਸਿਆ ਕਿ ਸਰਕਾਰ ਕੋਲ ਇਸ ਗੱਲ ਦਾ ਹੁਣ ਕੋਈ ਜਵਾਬ ਨਹੀਂ ਕਿ ਮੈਰਿਟ ਅਨੁਸਾਰ ਸਕਰਿਊਟਿਨੀ ਕਰਵਾ ਚੁੱਕੇ ਇਨ੍ਹਾਂ ਅਧਿਆਪਕਾਂ ਨੂੰ ਹਾਜ਼ਰ ਕਿਉਂ ਨਹੀਂ ਕਰਵਾਇਆ ਜਾ ਰਿਹਾ।

ਇਨ੍ਹਾਂ ਆਗੂਆਂ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਘਰ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ ਪਰ ਸਰਕਾਰ ਉਨ੍ਹਾਂ ਦਾ ਦੁੱਖ ਦਰਦ ਨਹੀਂ ਸਮਝ ਰਹੀ ਅਤੇ ਵਿਦਿਆਰਥੀਆਂ ਦਾ ਵੀ ਨੁਕਸਾਨ ਕਰਵਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਐਨ ਸੀ ਟੀ ਈ ਦੇ ਨਿਯਮਾਂ ਅਨੁਸਾਰ 5/1/2020 ਭ ਤ (1) ਮਿਤੀ 06–03–2020 ਅਨੁਸਾਰ ਈ ਟੀ ਟੀ ਅਧਿਆਪਕਾਂ ਦੀ ਭਰਤੀ ਕੱਢੀ ਸੀ। ਕੋਵਿਡ 19 ਦੇ ਚੱਲਦਿਆਂ 29 ਨਵੰਬਰ 2020 ਨੂੰ ਇਸਦਾ ਲਿਖਤੀ ਪੇਪਰ ਲਿਆ ਗਿਆ ਸੀ ਤੇ 16–12–2020 ਨੂੰ ਨਿਯਮਾਂ ਅਨੁਸਾਰ ਸਕਰਿਊਟਿਨੀ ਵੀ ਕਰਵਾ ਲਈ ਸੀ ਪਰ ਹੁਣ ਸਰਕਾਰ ਚੁੱਪ ਕਰਕੇ ਬੈਠ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਦੀ ਚੁੱਪ ਤੋੜਨ ਲਈ ਉਹ 21 ਮਈ ਨੂੰ ਪਟਿਆਲਾ ਵਿਖੇ ਪਰਿਵਾਰਾਂ ਸਮੇਤ ਰੋਸ ਮੁਜ਼ਾਹਰਾ ਕਰਨਗੇ ਤੇ ਮੋਤੀ ਮਹਿਲ ਦਾ ਘਿਰਾਓ ਕਰਕੇ ਸਰਕਾਰ ਤੋਂ ਨਿਯੁਕਤੀ ਪੱਤਰਾਂ ਦੀ ਮੰਗ ਕਰਨਗੇ।  

Jeeo Punjab Bureau

Leave A Reply

Your email address will not be published.