ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਬਣ ਕੇ ਆਈ

ਰਾਜੀਵ ਮਠਾੜੂ
ਚੰਡੀਗੜ੍ਹ, 15 ਮਈ

ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਕਹਿਰ ਬਣ ਕੇ ਆਈ ਹੈ। ਸੂਬੇ ‘ਚ ਹੁਣ ਤੱਕ ਕਰੋਨਾ ਲਾਗ ਕਾਰਨ ਹੋਈਆਂ ਕੁੱਲ ਮੌਤਾਂ ਵਿੱਚੋਂ 40 ਫ਼ੀਸਦੀ ਮੌਤਾਂ ਦੂਜੀ ਲਹਿਰ ਦੌਰਾਨ ਹੀ ਲੰਘੇ 44 ਦਿਨਾਂ ‘ਚ ਹੋਈਆਂ ਹਨ, ਜਿਸ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਕਰੋਨਾ ਵਾਇਰਸ ਦੀ ਦੂਜੀ ਲਹਿਰ ਕਿੰਨੀ ਖ਼ਤਰਨਾਕ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ 31 ਮਾਰਚ ਤੱਕ ਕਰੋਨਾ ਲਾਗ ਕਾਰਨ 6,868 ਲੋਕਾਂ ਦੀ ਜਾਨ ਗਈ ਸੀ। ਇਨ੍ਹਾਂ ਅੰਕੜਿਆਂ ਮੁਤਾਬਕ ਪਹਿਲੀ ਅਪਰੈਲ ਤੋਂ ਲੈ ਕੇ 14 ਮਈ ਤੱਕ 4,609 ਹੋਰ ਲੋਕਾਂ ਦੇ ਕਰੋਨਾ ਦੀ ਭੇਟ ਚੜ੍ਹਨ ਕਾਰਨ ਮੌਤਾਂ ਦੀ ਗਿਣਤੀ 11,477 ਹੋ ਗਈ। ਸਿਹਤ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਮੌਤਾਂ ‘ਚ ਵਾਧੇ ਦਾ ਮੁੱਖ ਕਾਰਨ ਗੰਭੀਰ ਲੱਛਣਾਂ ਅਤੇ ਬਿਮਾਰੀਆਂ ਵਾਲੇ ਮਰੀਜ਼ਾਂ ਵੱਲੋਂ ਇਲਾਜ ਲਈ ਹਸਪਤਾਲ ਜਾਣ ‘ਚ ਦੇਰੀ ਕਰਨਾ ਹੈ। ਅੰਕੜਿਆਂ ਮੁਤਾਬਕ ਸੂਬੇ ‘ਚ ਉਕਤ ਸਮੇਂ ਪਹਿਲੀ ਅਪਰੈਲ ਤੋਂ 14 ਮਈ ਤੱਕ ਸਭ ਤੋਂ ਵੱਧ 538 ਮੌਤਾਂ ਲੁਧਿਆਣਾ ਜ਼ਿਲ੍ਹੇ ਵਿੱਚ ਦਰਜ ਕੀਤੀਆਂ ਗਈਆਂ। ਜਦਕਿ ਇਸ ਮਗਰੋਂ ਜ਼ਿਲ੍ਹਾ ਅ੍ਰੰਮਿਤਸਰ ‘ਚ 515, ਜ਼ਿਲ੍ਹਾ ਪਟਿਆਲਾ ‘ਚ 396, ਜ਼ਿਲ੍ਹਾ ਬਠਿੰਡਾ ‘ਚ 349, ਮੁਹਾਲੀ 307 ਅਤੇ ਜ਼ਿਲ੍ਹਾ ਜਲੰਧਰ ‘ਚ 301 ਮੌਤਾਂ ਦਰਜ ਕੀਤੀਆਂ ਗਈਆਂ। ਅਧਿਕਾਰੀਆਂ ਮੁਤਾਬਕ ਸੂਬੇ ‘ਚ ਲੰਘੇ 44 ਦਿਨਾਂ ‘ਚ ਕਰੋਨਾ ਲਾਗ ਦੇ 2,44,250 ਨਵੇਂ ਕੇਸ ਦਰਜ ਕੀਤੇ ਗਏ। ਸੂਬੇ ‘ਚ 31 ਮਾਰਚ ਤੱਕ ਕਰੋਨਾ ਕੇਸਾਂ ਦੀ ਗਿਣਤੀ 2,39,734 ਸੀ ਜੋ ਕਿ ਪਹਿਲੀ ਅਪਰੈਲ ਤੋਂ 14 ਮਈ ਤੱਕ ਆਏ 2,44,250 ਨਵੇਂ ਕੇਸਾਂ ਕਾਰਨ ਵਧ ਕੇ 4,83,984 ਹੋ ਗਈ।

Leave A Reply

Your email address will not be published.