ਖਰਾਬ ਵੈਂਟੀਲੇਟਰਾਂ ਦੇ ਮਾਮਲੇ `ਚ ਕੇਂਦਰ ਤੇ ਸੂਬਾ ਸਰਕਾਰ ਚਿੱਠੀ-ਚਿੱਠੀ ਦਾ ਖੇਡ ਬੰਦ ਕਰਕੇ ਸਿਹਤ ਸੇਵਾਵਾਂ ਦਰੁਸਤ ਕਰਨ: ਸੁਖਦੇਵ ਸਿੰਘ ਢੀਂਡਸਾ

16

ਜੀਓ ਪੰਜਾਬ

ਚੰਡੀਗੜ੍ਹ, 13 ਮਈ

ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਭੇਜੇ ਗਏ ਖਰਾਬ ਵੈਂਟੀਲੇਟਰਾਂ ਅਤੇ ਇਸ ਸਬੰਧੀ ਕੇਂਦਰ ਅਤੇ ਪੰਜਾਬ ਸਰਕਾਰ ਦਰਮਿਆਨ ਚੱਲ ਰਹੀ ਚਿੱਠੀ ਚਿੱਠੀ ਦੇ ਖੇਡ ਨੂੰ ਬੰਦ ਕਰਕੇ ਤੁਰੰਤ ਸੂਬੇ ਵਿੱਚ ਸਿਹਤ ਸਹੂਲਤਾਂ ਦੇ ਪੁੱਖਤਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਇਥੇ ਜਾਰੀ ਇੱਕ ਬਿਆਨ ਵਿੱਚ ਸ: ਢੀਂਡਸਾ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਉਚੇਚੇ ਤੌਰ `ਤੇ ਸਿਹਤ ਸੇਵਾਵਾਂ ਵੱਲ ਜਿੰਮੇਵਾਰੀ ਨਾਲ ਧਿਆਨ ਦੇਣ ਦੀ ਲੋੜ `ਤੇ ਜ਼ੋਰ ਦਿੱਤਾ।

ਉਨ੍ਹਾ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਨਾਲ ਮੌਤ ਦੀ ਦਰ ਹੋਰ ਸੂਬਿਆਂ ਤੋਂ ਵੱਧ ਹੈ ਅਜਿਹੇ ਵਿੱਚ ਕੇਂਦਰ ਸਰਕਾਰ ਵੱਲੋਂ ਸੂਬੇ ਵਿੱਚ ਬਣੇ ਇਨ੍ਹਾ ਭਿਆਨਕ ਹਾਲਾਤ ਵਿੱਚ ਗੰਭੀਰ ਮਰੀਜ਼ਾਂ ਦੀ ਜਿੰਦਗੀ ਬਚਾਉਣ ਦੇ ਆਖਰੀ ਸਹਾਰੇ ਵੈਂਟੀਲੈਟਰਾਂ ਨੂੰ ਪਰਖ ਕੇ ਭੇਜਿਆ ਜਾਣਾ ਚਾਹੀਦਾ ਸੀ ਅਤੇ ਦੂਜੇ ਪਾਸੇ ਪੰਜਾਬ ਦੇ ਹਸਪਤਾਲਾਂ ਦੇ ਸਟੋਰਾਂ ਵਿੱਚ ਕਈਂ ਦਿਨਾਂ ਤੋਂ ਧੂੜ ਫੱਕ ਰਹੇ ਵੈਂਟੀਲੇਟਰਾਂ ਦੀ ਮੁਰੰਮਤ ਨਾ ਕਰਵਾ ਕੇ ਪੰਜਾਬ ਸਰਕਾਰ ਵੀ ਸਿਹਤ ਸਹੂਲਤਾਂ ਦੀ ਘਾਟ ਕਾਰਨ ਮਰ ਰਹੇ ਲੋਕਾਂ ਪ੍ਰਤੀ ਤਮਾਸ਼ਬੀਨ ਬਣੀ ਹੋਈ ਹੈ। ਢੀਂਡਸਾ ਨੇ ਕਿਹਾ ਕਿ ਇੱਕ ਪਾਸੇ ਕੋਰੋਨਾ ਨਾਲ ਮਰੀਜ਼ ਮਰ ਰਹੇ ਹਨ ਤਾਂ ਦੂਜੇ ਪਾਸੇ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਲਿਖੀਆਂ ਚਿੱਠੀਆਂ ਕੋਰੋਨਾ ਖਿਲਾਫ਼ ਲੜਨ ਲਈ ਕੀਤੇ ਗਏ ਸਿਹਤ ਪ੍ਰਬੰਧਾਂ ਤੋਂ ਪਰਦਾ ਚੁੱਕ ਰਹੀਆਂ ਹਨ।ਕੇਂਦਰ ਨੇ ਪੰਜਾਬ ਨੂੰ ਵੈਂਟੀਲੇਟਰ ਤਾਂ ਭੇਜੇ ਪਰ ਇਨ੍ਹਾ ਵਿਚੋਂ ਬਹੁਤ ਇਸਤੇਮਾਲ ਕਰਨ ਦੇ ਯੋਗ ਨਹੀ ਹਨ।

ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਵੈਂਟੀਲੇਟਰ ਠੀਕ ਨਾ ਹੋਣ ਬਾਰੇ ਕੇਂਦਰ ਨੂੰ ਚਿੱਠੀ ਲਿਖ ਕੇ ਆਪਣੀ ਡਿਊਟੀ ਪੂਰੀ ਕਰ ਲਈ ਹੈ। ਉਨ੍ਹਾ ਕਿਹਾ ਕਿ ਸੂਬੇ ਵਿੱਚ ਕੋਰੋਨਾ ਮਰੀਜ਼ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ ਪਰ ਕੇਂਦਰ ਅਤੇ ਪੰਜਾਬ ਸਰਕਾਰ ਆਪਸ ਵਿੱਚ ਚਿੱਠੀ-ਚਿੱਠੀ ਦਾ ਖੇਡ ਖੇਡ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਜਿਆਦਾਤਰ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਵੈਂਟੀਲੇਟਰ ਖਰਾਬ ਹਾਲਤ ਵਿੱਚ ਹਨ ਅਤੇ ਜਿਹੜੇ ਠੀਕ ਵੈਂਟੀਲੇਟਰਾਂ ਹਨ ਉਨ੍ਹਾ ਨੂੰ ਇੰਸਟਾਲ ਹੀ ਨਹੀ ਕੀਤਾ ਗਿਆ ਹੈ। ਸਭਤੋਂ ਵੱਡੀ ਗੱਲ ਇਨ੍ਹਾ ਵੈਂਟੀਲੇਟਰਾਂ ਨੂੰ ਚਲਾਉਣ ਵਾਲੇ ਤਕਨੀਕਸ਼ੀਅਨਾਂ ਅਤੇ ਸਿਹਤ ਕਾਮਿਆਂ ਦੀ ਸੂਬੇ ਵਿੱਚ ਭਾਰੀ ਕਮੀ ਹੈ। ਸੁਖਦੇਵ ਸਿੰਘ ਢੀਂਡਸਾ ਨੇ ਸੂਬੇ ਦੇ ਹਸਪਤਾਲਾਂ ਵਿਚ ਉੱਚ ਗੁਣਵੱਤਾ ਵਾਲੇ ਵੈਂਟੀਲੇਟਰਾਂ ਸਮੇਤ ਹੋਰ ਸਿਹਤ ਸੇਵਾਵਾਂ ਦੀ ਘਾਟ ਨੂੰ ਤੁਰੰਤ ਪੂਰੀ ਕਰਨ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ।

Jeeo Punjab Bureau

Leave A Reply

Your email address will not be published.