ਕੈਪਟਨ ਸਰਕਾਰ ਕੋਰੋਨਾ `ਤੇ ਕਾਬੂ ਪਾਉਣ ਦੀ ਵਿਉਤਬੰਦੀ ਬਣਾਉਣ ਦੀ ਬਜਾਏ ਸਿਆਸੀ ਗੌਟੀਆਂ ਖੇਡਣ `ਚ ਰੁੱਝੀ: ਪਰਮਿੰਦਰ ਸਿੰਘ ਢੀਂਡਸਾ

ਜੀਓ ਪੰਜਾਬ

ਚੰਡੀਗੜ੍ਹ, 12 ਮਈ

ਪੰਜਾਬ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਲਗਾਤਾਰ ਵਿਗੜ ਰਹੇ ਹਾਲਾਤ ਸੰਭਾਲਣ ਦੇ ਬਜਾਏ ਕੈਪਟਨ ਸਰਕਾਰ ਵਿੱਚ ਚੱਲ ਰਹੀ ਕੁਰਸੀ ਦੀ ਜੰਗ `ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਲਹਿਰਾਗਾਗਾ ਦੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਇਸ ਭਿਆਨਕ ਸਮੇਂ ਵਿੱਚ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਛਿੱਕੇ ਟੰਗ ਕੇ ਕੁਰਸੀ ਲਈ ਦਾਅ-ਪੇਚ ਖੇਡ ਰਹੀ ਹੈ। ਉਨ੍ਹਾ ਕਿਹਾ ਕਿ ਇੱਕ ਪਾਸੇ ਸੂਬੇ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਰੋਜ਼ਾਨਾ ਮੌਤ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ, ਵਜ਼ੀਰ ਅਤੇ ਕਾਂਗਰਸ ਦੇ ਵਿਧਾਇਕ ਹਾਲਾਤ `ਤੇ ਕਾਬੂ ਪਾਉਣ ਅਤੇ ਇਸ ਸਬੰਧੀ ਕੋਈ ਵਿਉਤਬੰਦੀ ਬਣਾਉਣ ਦੀ ਬਜਾਏ ਕੁਰਸੀ ਲਈ “ਸਿਆਸੀ ਗੋਟੀਆਂ ਫਿੱਟ” ਕਰਨ ਲਈ ਮੀਟਿੰਗਾਂ ਕਰ ਰਹੇ ਹਨ।

ਸੂਬੇ ਵਿੱਚ ਬਣੇ ਮੌਜੂਦਾ ਹੌਲਨਾਕ ਹਾਲਾਤ `ਤੇ ਬੋਲਦਿਆਂ ਉਨ੍ਹਾ ਕਿਹਾ ਕਿ ਇੱਕ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਲੋਕਾਂ ਨੂੰ ਵਿਲਕਦਿਆਂ ਛੱਡ ਕੇ, ਨਿਰਦਈ ਬਣਕੇ ਸਿਆਸੀ ਗਤੀਵਿਦੀਆਂ ਵਿੱਚ ਮਸ਼ਰੂਫ ਕਿਵੇਂ ਹੋ ਸਕਦੀ ਹੈ ਇਸਦੀ ਮਿਸਾਲ ਮੌਜੂਦਾ ਕਾਂਗਰਸ ਸਰਕਾਰ ਨੇ ਪੈਦਾ ਕਰ ਦਿੱਤੀ ਹੈ। ਸਰਕਾਰ ਦੀ ਸੰਜੀਦਗੀ ਲੋਕਾਂ ਪ੍ਰਤੀ ਘੱਟ ਤੇ ਕੁਰਸੀ ਪ੍ਰਤੀ ਵੱਧ ਨਜ਼ਰ ਆ ਰਹੀ ਹੈ। ਉਨ੍ਹਾਂ ਸੂਬੇ ਵਿੱਚ ਬਣੇ ਭਿਆਨਕ ਹਾਲਾਤ `ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹਸਪਤਾਲਾਂ ਵੱਲ ਵੇਖ ਕੇ ਇੰਜ ਲੱਗਦਾ ਹੈ ਕਿ ਪੰਜਾਬ ਮੌਤ ਦੇ ਖੂਹ `ਤੇ ਖੜ੍ਹਾ ਹੈ ਅਤੇ ਦੂਜੇ ਪਾਸੇ ਮਹਾਂਮਾਰੀ ਤੋਂ ਬਚਾਉਣ ਵਾਲੀ ਵੈਕਸੀਨ ਦਾ ਸਟਾਕ ਵੀ ਲਗਭਗ ਮੁੱਕ ਚੁੱਕਾ ਹੈ।

 ਉਨ੍ਹਾ ਕਿਹਾ ਕਿ ਕਾਂਗਰਸ ਨੂੰ ਇਸ ਸਮੇਂ ਸਿਰਫ਼ 2022 ਦੀਆਂ ਚੋਣਾਂ ਦਿਖਾਈ ਦੇ ਰਹੀਆਂ ਹਨ ਜਦੋਂਕਿ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਦੀ ਘਾਟ ਕਰਕੇ ਰੋਜ਼ਾਨਾ ਕਿੰਨੀਆਂ ਹੀ ਜਾਨਾਂ ਅਜਾਈਂ ਜਾ ਰਹੀਆਂ ਹਨ। ਉਨ੍ਹਾ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰ ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਆਪਸੀ ਮੱਤਭੇਦ ਭੁਲਾ ਕੇ ਵਿਰੋਧੀ ਧਿਰਾਂ ਨੂੰ ਵੀ ਨਾਲ ਲੈ ਕੇ ਚੱਲਦੀ ਪਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਵੀ ਪੰਜਾਬ ਤੋਂ ਦੂਰ ਬੈਠੇ ਹਨ। ਉਨ੍ਹਾ ਨੂੰ ਆਪਣੇ ਫਾਰਮ ਹਾਉਸ ਤੋਂ ਬਾਹਰ ਨਿਕਲ ਕੇ ਜ਼ਮੀਨੀ ਹਕੀਕਤ ਖੁਦ ਦੇਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਏ ਦਿਨ ਸਰਕਾਰ ਦੇ ਮੰਤਰੀ ਸਿਆਸੀ ਮੀਟਿੰਗਾਂ ਕਰ ਰਹੇ ਹਨ ਜਦਕਿ ਇਹ ਮੀਟਿੰਗਾਂ ਕੋਰੋਨਾ ਮਹਾਂਮਾਰੀ ਤੇ ਕਾਬੂ ਪਾਉਣ ਲਈ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਢੀਂਡਸਾ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਕਾਂਗਰਸ ਪਾਰਟੀ ਦੀ ਲੀਡਰਸਿ਼ਪ ਵਿੱਚ ਚੱਲ ਰਿਹਾ ਸਿਆਸੀ ਘਮਸਾਣ ਵੀ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ, ਗੋਲੀ ਕਾਂਡ ਅਤੇ ਮੌਜੂਦਾ ਫੇਲ੍ਹ ਹੋਏ ਸਿਹਤ ਸੇਵਾਵਾਂ ਦੇ ਢਾਂਚੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਯੋਜਨਾਬੱਧ ਢੰਗ ਨਾਲ ਸਿਆਸੀ ਡਰਾਮਾ ਕੀਤਾ ਜਾ ਰਿਹਾ ਹੈ।

ਉਨ੍ਹਾ ਕਿਹਾ ਕਿ ਸਰਕਾਰ ਦੇ ਮੰਤਰੀ ਅਤੇ ਕਾਂਗਰਸੀ ਆਗੂਆਂ ਵੱਲੋਂ ਰੋਜ਼ਾਨਾ ਮੀਟਿੰਗਾਂ ਕਰਕੇ ਕੋਰੋਨਾ ਨਿਯਮਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਅਤੇ ਸਿਆਸੀ ਦੁਕਾਨਦਾਰੀ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਆਮ ਜਨਤਾ ਲਈ ਨਿਯਮਾਂ ਦੀ ਪਾਲਣਾ ਕਰਨ ਦੇ ਸਖ਼ਤ ਆਦੇਸ਼ ਜਾਰੀ ਕਰਕੇ ਉਨ੍ਹਾ ਦਾ ਕੰਮ ਧੰਦਾ ਠੱਪ ਕੀਤਾ ਜਾ ਰਿਹਾ ਹੈ ਅਤੇ ਆਰਥਿਕ ਤੌਰ `ਤੇ ਲੋਕਾਂ ਦਾ ਕਚੂੰਮਰ ਕੱਢਿਆ ਜਾ ਰਿਹਾ ਹੈ।

 Jeeo Punjab Bureau

Leave A Reply

Your email address will not be published.