ਨੌਜਵਾਨ ਕੁੜੀ ਨਾਲ ਜ਼ਬਰ ਜਿਨਾਹ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦੀ ਮੰਗ

26

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 11 ਮਈ

ਦਿੱਲੀ ਕਿਸਾਨ ਮੋਰਚੇ ਵਿੱਚ ਪੱਛਮੀ ਬੰਗਾਲ ਤੋਂ ਆਈ ਨੌਜਵਾਨ ਕੁੜੀ ਦੀ ਮੌਤ ਤੇ ਬਲਾਤਕਾਰ ਘਟਨਾ ਮਾਮਲੇ ਬਾਰੇ BKU ਏਕਤਾ (ਉਗਰਾਹਾਂ) ਨੇ ਕਿਹਾ ਹੈ ਕਿਸਾਨ ਮੋਰਚੇ ਅੰਦਰ ਵਾਪਰੀ ਇਹ ਘਟਨਾ ਬੇਹੱਦ ਮੰਦਭਾਗੀ ਹੈ, ਤੇ ਬਰਦਾਸ਼ਤ ਕਰਨ ਯੋਗ ਨਹੀਂ ਹੈ।

ਉਨ੍ਹਾਂ ਦੀ ਜਥੇਬੰਦੀ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਪੂਰੀ ਤਰ੍ਹਾਂ ਦ੍ਰਿੜ੍ਹ ਹੈ ਤੇ ਪਰਿਵਾਰ ਦੇ ਨਾਲ ਖੜ੍ਹੀ ਹੈ। ਜਥੇਬੰਦੀ ਦੀ ਤਰਫੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਮੁਕੱਦਮਾ ਚਲਾ ਕੇ ਮਿਸਾਲੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੇ ਧਿਆਨ ‘ਚ ਇਹ ਮਾਮਲਾ ਕੁੜੀ ਦੀ ਮੌਤ ਹੋ ਜਾਣ ਮਗਰੋਂ ਆਇਆ ਸੀ ਤੇ ਉਸ ਮਗਰੋਂ ਜਥੇਬੰਦੀ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ  ਬਾਕੀ ਦੀ ਲੀਡਰਸ਼ਿਪ ਨਾਲ ਰਲ ਕੇ ਪਰਿਵਾਰ ਨੂੰ ਇਸ ਕੇਸ ਵਿਚ ਨਾਲ ਖੜ੍ਹਨ ਤੇ ਇਨਸਾਫ਼ ਲਈ ਡਟਣ ਦਾ ਭਰੋਸਾ ਦਿੱਤਾ ਗਿਆ ਤੇ ਕੇਸ ਦਰਜ ਕਰਵਾਉਣ ਲਈ ਸਰਗਰਮ ਪੈਰਵਾਈ ਕੀਤੀ ਗਈ।

ਸੰਘਰਸ਼ ਦੀ ਲੀਡਰਸ਼ਿਪ ਦੀ ਸਰਗਰਮ ਪੈਰਵਾਈ ਮਗਰੋਂ ਹੀ ਇਹ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਉਨ੍ਹਾਂ ਪੁਲੀਸ ਦੇ ਮਨਸੂਬਿਆਂ ‘ਤੇ ਸ਼ੱਕ ਜ਼ਾਹਰ ਕਰਦਿਆਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਬਾਰੇ ਪਰਿਵਾਰ ਨੇ ਸ਼ਿਕਾਇਤ ਵਿੱਚ ਜ਼ਿਕਰ ਨਹੀਂ ਕੀਤਾ ਸੀ ਉਨ੍ਹਾਂ ਨੂੰ ਵੀ ਕੇਸ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਕੇਸ ਦੀ ਜਾਂਚ ਦੇ ਨਾਂ ਥੱਲੇ ਸੰਘਰਸ਼ ਦੀ ਲੀਡਰਸ਼ਿਪ ਨੂੰ ਉਲਝਾਉਣ ਦੇ ਮਨਸੂਬੇ ਵੀ ਪ੍ਰਗਟ ਹੋ ਰਹੇ ਹਨ।  ਗੋਦੀ ਮੀਡੀਆ ਵੱਲੋਂ ਵੀ ਇਸ ਕੇਸ ਨੂੰ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਖ਼ਿਲਾਫ਼ ਭੰਡੀ ਪ੍ਰਚਾਰ ਦੇ ਸਾਧਨ ਵਜੋਂ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਕਿਸਾਨ ਸੰਘਰਸ਼ ਖ਼ਿਲਾਫ਼ ਸਾਜ਼ਿਸ਼ਾਂ ਰਚਣ ਵਿੱਚ ਜੁਟੀ ਆ ਰਹੀ ਮੋਦੀ ਹਕੂਮਤ ਹੁਣ ਇਸ ਘਟਨਾ ਨੂੰ  ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਖ਼ਿਲਾਫ਼ ਭੰਡੀ ਪ੍ਰਚਾਰ ਲਈ ਵਰਤਣ ਦੇ ਯਤਨਾਂ ਚ ਹੈ, ਇਸ ਲਈ ਸੰਘਰਸ਼ ਦੇ ਸਾਰੇ ਹਮਾਇਤੀ ਹਿੱਸੇ ਸੁਚੇਤ ਰਹਿਣ ਤੇ ਇਸ ਦਾ ਡਟਵਾਂ ਜਵਾਬ ਦੇਣ। ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀ ਦਾ ਬੁਰਕਾ ਪਾ ਕੇ ਆਏ ਇਹ ਜ਼ਾਲਮ ਵਿਅਕਤੀ ਕਿਸਾਨ ਸੰਘਰਸ਼ ਦੇ ਨਾਲ ਸਮੁੱਚੇ ਸਮਾਜ ਦੇ ਦੋਸ਼ੀ ਹਨ। 

ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਔਰਤਾਂ ਨਾਲ ਹੁੰਦੀਆਂ ਬੇਇਨਸਾਫ਼ੀਆਂ ਤੇ ਜਬਰ ਦੇ ਖ਼ਿਲਾਫ਼ ਹਮੇਸ਼ਾਂ ਡਟ ਕੇ ਖੜ੍ਹੀ ਹੈ, ਵੱਖ ਵੱਖ ਘਟਨਾਵਾਂ ਮੌਕੇ ਜਥੇਬੰਦੀ ਨੇ ਇਨਸਾਫ਼ ਲਈ ਜ਼ੋਰਦਾਰ ਸੰਘਰਸ਼ ਲੜੇ ਹਨ,ਆਪਣੀ ਇਸੇ ਸਮਝ ਤੇ ਰਵਾਇਤ ‘ਤੇ ਪਹਿਰਾ ਦਿੰਦਿਆਂ ਹੁਣ ਵੀ ਜਥੇਬੰਦੀ ਪਰਿਵਾਰ ਨਾਲ ਡਟ ਕੇ ਖੜ੍ਹੀ ਰਹੇਗੀ ਤੇ ਇਨਸਾਫ਼ ਲਿਆ ਜਾਵੇਗਾ।

ਸੰਘਰਸ਼ ਅੰਦਰ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਹੁਣ ਤੱਕ ਜਥੇਬੰਦੀ ਨੇ ਜਨਤਕ ਇਕੱਠਾਂ ਅੰਦਰ ਔਰਤਾਂ ਪ੍ਰਤੀ ਸੁਰੱਖਿਆ ਦਾ ਮਾਹੌਲ ਸਿਰਜਣ ਵਾਸਤੇ ਜ਼ੋਰਦਾਰ ਯਤਨ ਕੀਤੇ ਹਨ ਤੇ ਇਨ੍ਹਾਂ ਯਤਨਾਂ ਦਾ ਸਿੱਟਾ ਹੈ ਕਿ ਔਰਤਾਂ ਹਜ਼ਾਰਾਂ ਦੀ ਗਿਣਤੀ ‘ਚ ਸੰਘਰਸ਼ ਅੰਦਰ ਬੇਖ਼ੌਫ਼ ਹੋ ਕੇ ਸ਼ਾਮਿਲ ਹੁੰਦੀਆਂ ਹਨ। ਉਨ੍ਹਾਂ ਨਾਲ ਹੀ ਸੁਚੇਤ ਕੀਤਾ ਕਿ ਸੰਘਰਸ਼ਾਂ ਅੰਦਰ ਅਜਿਹੇ ਅਨਸਰਾਂ ਦੀ ਘੁਸਪੈਠ ਤੋਂ ਸਭਨਾਂ ਲੋਕਾਂ ਨੂੰ ਚੌਕਸੀ ਰੱਖਣ ਦੀ ਜ਼ਰੂਰਤ ਹੈ। ਦਿੱਲੀ ਮੋਰਚਿਆਂ ਅੰਦਰ ਔਰਤਾਂ ਦੇ ਸੁਰੱਖਿਅਤ ਵਿਚਰਨ ਲਈ ਮਾਹੌਲ ਸਿਰਜਣ ਖ਼ਾਤਰ ਹੋਰ ਯਤਨ ਜੁਟਾਉਣ ਦੀ ਲੋੜ ਹੈ।ਵੱਡੇ ਲੋਕ ਉਭਾਰ ਵਾਲੇ ਇਸ ਸੰਘਰਸ਼ ਅੰਦਰ ਵੱਖ ਵੱਖ ਤਰ੍ਹਾਂ ਦੇ ਮਨਸ਼ਿਆਂ ਵਾਲੇ ਅਨਸਰ  ਕਿਸਾਨ ਜਥੇਬੰਦੀਆਂ ਦੇ ਬਾਣੇ ਰਾਹੀਂ ਘੁਸਪੈਠ ਦੇ ਯਤਨਾਂ ਚ ਹਨ, ਇਨ੍ਹਾਂ ਅਨਸਰਾਂ ਦੀ ਪਛਾਣ ਕਰਕੇ ਇਨ੍ਹਾਂ ਨੂੰ ਮੋਰਚੇ ਚੋਂ ਖਦੇੜਨ ਲਈ ਚੇਤਨ ਪਹਿਰੇਦਾਰੀ ਕਰਨੀ ਚਾਹੀਦੀ ਹੈ।    

Jeeo Punjab Bureau

Leave A Reply

Your email address will not be published.