ਸਰਕਾਰਾਂ ਝੂਠੇ ਵਾਅਦੇ ਕਰਕੇ, ਝੂਠੀਆਂ ਸੌਂਹਾਂ ਖਾ ਕੇ, ਨਸ਼ੇ ਵੰਡ ਕੇ ਵੋਟਾਂ ਬਟੋਰਦੇ ਰਹੇ ਹਨ- ਪਰਮਜੀਤ ਕੌਰ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ 7 ਮਈ

ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਮੋਰਚੇ ਅੰਦਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਗਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਦੇ ਕਿਸਾਨਾਂ,ਮਜ਼ਦੂਰਾਂ,ਔਰਤਾਂ ਅਤੇ ਛੋਟੇ ਕਾਰੋਬਾਰੀਆਂ ਨਾਲ ਖਚਾ ਖੱਚ ਭਰੇ ਪੰਡਾਲ ਨੂੰ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਗਾਤਾਰ ਸਾਡੀਆਂ ਨੌਜਵਾਨ ਭੈਣਾਂ,ਬਜ਼ੁਰਗ ਮਾਵਾਂ ਮੋਰਚੇ ਵਿੱਚ ਡਟੀਆਂ ਬੈਠੀਆਂ ਹਨ। ਸਾਰੀਆਂ ਦੁੱਖ ਤਕਲੀਫ਼ਾਂ ਉਨ੍ਹਾਂ ਨੇ ਆਪਣੇ ਸਰੀਰ ‘ਤੇ ਝੱਲੀਆਂ ਅਤੇ ਮੋਦੀ ਹਕੂਮਤ ਸ਼ੰਘਰਸ਼ ਨੂੰ ਕਮਜ਼ੋਰ ਨਹੀਂ ਕਰ ਸਕੀ। 8 ਮਾਰਚ ਨੂੰ ਰਿਕਾਰਡ ਤੋੜ ਇਕੱਠ ਕਰਕੇ ਅਤੇ ਵੱਡੀ ਮਾਤਰਾ ‘ਚ ਫੰਡ ਦੇ ਕੇ ਕੌਮੀ ਔਰਤ ਦਿਹਾੜਾ ਮਨਾਇਆ ਤਾਂ ਵੱਡੇ ਵੱਡੇ ਬੁੱਧੀਜੀਵੀਆਂ ਨੂੰ ਸੋਚਣ ਲਈ ਮਜਬੂਰ ਕਰਿਆ। ਲਗਾਤਾਰ ਇਕੱਠ ਵਿੱਚ ਆਉਣ ਨਾਲ ਸਾਡੀਆਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੀਆਂ ਹਨ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਲੱਗੀਆਂ ਹਨ। ਭਾਰਤ ਦੇ ਮਰਦ ਪ੍ਰਧਾਨ ਸਮਾਜ ਵਿੱਚ ਹੱਕਾਂ ਲਈ ਔਰਤਾਂ ਨੂੰ ਲਗਾਤਾਰ ਸੰਘਰਸ਼ ਕਰਨੇ ਪੈਂਦੇ ਹਨ।

ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਡੇ ਬਾਬੇ ਨਾਨਕ ਨੇ ਵੀ ਕਿਰਤੀ ਲੋਕਾਂ ਦੇ ਹੱਕ ‘ਚ ਨਾਅਰਾ ਮਾਰਿਆ ਅਤੇ ਸਮੇਂ ਦੀਆਂ ਸਰਕਾਰਾਂ ਦੇ ਖ਼ਿਲਾਫ਼ ਬਾਣੀ ਦੇ ਇਹ ਸ਼ਬਦ ” ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ “ਬੋਲ ਕੇ ਔਰਤ ਨੂੰ ਸਮਾਜ ਵਿੱਚ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਪਰ ਅਜੋਕੇ ਸਮੇਂ ਦੀਆਂ ਸਰਕਾਰਾਂ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਿੰਦੂ ਰਾਸ਼ਟਰ ਦੇ ਨਾਂ ‘ਤੇ ਔਰਤਾਂ ਉੱਤੇ ਜੁਲਮ ਕਰ ਰਹੀ ਹੈ। 

ਪਰਮਜੀਤ ਕੌਰ ਸੰਗਰੂਰ ਨੇ ਕਿਹਾ ਕਿ ਕਿਵੇਂ 73 ਸਾਲਾਂ ਤੋਂ ਲਗਾਤਾਰ ਸਰਕਾਰਾਂ ਸਾਨੂੰ ਝੂਠੇ ਵਾਅਦੇ ਕਰਕੇ, ਝੂਠੀਆਂ ਸੌਂਹਾਂ ਖਾ ਕੇ, ਨਸ਼ੇ ਵੰਡ ਕੇ ਵੋਟਾਂ ਬਟੋਰ ਲੈਂਦੀਆਂ ਹਨ ਅਤੇ ਰਾਜ ਸੱਤਾ ‘ਤੇ ਕਾਬਜ਼ ਹੋ ਕੇ ਸਾਰੇ ਕੀਤੇ ਵਾਅਦਿਆਂ ਤੋਂ ਬੜੀ ਬੇਸ਼ਰਮੀ ਨਾਲ ਮੁੱਕਰ ਜਾਂਦੀਆਂ ਹਨ।ਜਦੋਂ ਲੋਕ ਆਪਣੇ ਹੱਕਾਂ ਲਈ ਧਰਨੇ ਮੁਜ਼ਾਹਰੇ ਕਰਦੇ ਹਨ ਤਾਂ ਉਨ੍ਹਾਂ ਤੇ ਡਾਂਗਾਂ ਵਰ੍ਹਾਈਆਂ ਜਾਂਦੀਆਂ ਹਨ।ਅੱਜ ਸਟੇਜ ਸੰਚਾਲਨ ਦੀ ਭੂਮਿਕਾ ਦਰਬਾਰਾ ਸਿੰਘ ਛਾਜਲਾ ਜ਼ਿਲ੍ਹਾ ਜਨਰਲ ਸਕੱਤਰ ਸੰਗਰੂਰ ਨੇ ਬਾਖ਼ੂਬੀ ਨਿਭਾਈ ਅਤੇ ਬਹਾਦਰ ਸਿੰਘ ਭੂਟਾਲ,ਮੋਠੂ ਸਿੰਘ ਕੋਟੜਾ,ਸੁਦਾਗਰ ਸਿੰਘ ਘੁਡਾਣੀ ਕਲਾਂ ਅਤੇ ਪਰਵਿੰਦਰ ਸਿੰਘ ਪੰਡੋਰੀ ਨੇ ਵੀ ਸੰਬੋਧਨ ਕੀਤਾ।

Jeeo Punjab Bureau

Leave A Reply

Your email address will not be published.