ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਮਿੰਨੀ ਲੌਕਡਾਊਨ ਲੋਕ ਵਿਰੋਧੀ- ਚੰਦੂਮਾਜਰਾ

20

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 6 ਮਈ

ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਮਿੰਨੀ ਲੌਕਡਾਊਨ ਨੂੰ ਲੋਕ ਵਿਰੋਧੀ, ਚੋਣਵਾਂ ਤੇ ਵਪਾਰੀ ਵਰਗ ਦੇ ਖਿਲਾਫ ਕਰਾਰ ਦਿੱਤਾ ਹੈ। ਅੱਜ ਇੱਥੇ ਆਪਣੀ ਰਿਹਾਇਸ਼ ਉੱਪਰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ‘ਚ ਪਿੱਕ ਐਂਡ ਚੂਜ ਦੇ ਆਧਾਰ ਉੱਪਰ ਲੌਕਡਾਊਨ ਲਾਇਆ ਜਾ ਰਿਹਾ ਹੈ। ਜਿਸ ਨਾਲ ਵਪਾਰੀ ਵਰਗ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਰੂਰੀ ਤੇ ਗੈਰ ਜਰੂਰੀ ਵਸਤਾਂ ਦੀਆਂ ਦੁਕਾਨਾਂ ‘ਚ ਵੰਡ ਕਰਕੇ ਕੀਤਾ ਜਾ ਰਿਹਾ ਲੌਕਡਾਊਨ ਪੱਖਪਾਤੀ, ਮਨਮਰਜ਼ੀ ਵਾਲਾ ਤੇ ਗਰੀਬ ਵਿਰੋਧੀ ਹੈ ਜਿਸਦਾ ਵਿਰੋਧ ਕਰਨਾ ਬਣਦਾ ਹੈ। ਸਰਕਾਰ ਨੇ ਪਿਛਲੇ ਸਾਲ 600 ਕਰੋੜ ਰੁਪਏ ਠੇਕੇਦਾਰਾਂ ਨੂੰ ਤੇ 359 ਕਰੋੜ ਰੁਪਏ ਮਾਈਟਿੰਗ ਠੇਕੇਦਾਰਾਂ ਨੂੰ ਮੁਆਵਜ਼ਾ ਦਿੱਤਾ ਪਰ ਲੋਕਾਂ ਨੂੰ ਕੁਝ ਨਹੀਂ।

ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦਾ ਸਿਹਤ ਮੰਤਰੀ ਸ਼ਰਾਬ ਦੇ ਠੇਕੇਦਾਰਾਂ ਦੇ ਨੁਮਾਇੰਦੇ ਵਜੋਂ ਕਹਿ ਰਿਹਾ ਹੈ ਕਿ ਉਨ੍ਹਾਂ ਨੂੰ ਇਸਦੀ ਕਿਸ਼ਤ ਹਰ ਮਹੀਨੇ ਭਰਨੀ ਪੈਂਦੀ ਹੈ ਤੇ ਸਰਕਾਰ ਦੇ ਰੈਵਿਨਿਊ ਉੱਪਰ ਵੱਡਾ ਫਰਕ ਪੈਂਦਾ ਹੈ। ਉਨ੍ਹਾਂ ਪੁੱਛਿਆ ਕਿ ਸ਼ਰਾਬ ਦੇ ਠੇਕੇ ਕਿਹੜੀਆਂ ਜ਼ਰੂਰੀ ਵਸਤਾਂ ਦੀ ਲਿਸਟ ਵਿੱਚ ਹਨ।

ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਸਰਕਾਰ ਲੋਕਾਂ ਨੂੰ ਨ੍ਲ ਲੈ ਕੇ ਚੱਲੇ ਨਾ ਕਿ ਉਨ੍ਹਾਂ ਨੂੰ ਪਾੜਨ ਦਾ ਕੰਮ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਹਸਪਤਾਲਾਂ ਵਿੱਚ ਸਹੂਲਤਾਂ ਨਹੀਂ ਦੇ ਰਹੀ, ਹਸਪਤਾਲਾਂ ਵਿੱਚ ਵੈਟੀਲੇਟਰ, ਵੈਕਸੀਨ ਤੇ ਆਕਸੀਜਨ ਦੀ ਘਾਟ ‘ਚ ਪੰਜਾਬ ਸਰਕਾਰ ਦੀ ਨਲਾਇਕੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਖਿਲਾਫ ਰੌਲਾ ਪਾ ਕੇ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਸਾਰੀ ਵਜ਼ਾਰਤ ਮਿਊਂਸਪਲ ਚੋਣਾਂ ‘ਚ ਲਾ ਦਿੱਤੀ ਪਰ ਕਰੋਨਾ ਦੀ ਵੈਕਸੀਨ, ਆਕਸੀਜਨ ਲਈ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਲੋਕਾਂ ਦਾ ਸਹਿਯੋਗ ਲੈ ਕੇ ਐਲਾਨ ਕਰੇ।

ਉਨ੍ਹਾਂ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਜਦੋਂ ਦੂਜੇ ਸੂਬਿਆਂ ਦੀਆਂ ਸਰਕਾਰਾਂ ਲੋਕਾਂ ਨੂੰ ਕਿਸੇ ਨਾ ਕਿਸੇ ਪੱਧਰ ‘ਤੇ ਸਹਾਇਤਾ ਦੇ ਰਹੀਆਂ ਹਨ ਤਾਂ ਪੰਜਾਬ ਸਰਕਾਰ ਕਿਸੇ ਨੂੰ ਦੁਆਨੀ ਵੀ ਕਿਉਂ ਨਹੀਂ ਦੇ ਰਹੀ ? ਉਨ੍ਹਾਂ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਲੋਕਾਂ ਦਾ ਸਹਿਯੋਗ ਕਰੇਗਾ ਤੇ ਹਰ ਤਰ੍ਹਾਂ ਨਾਲ ਲੋਕਾਂ ਦੇ ਰੋਸ ‘ਚ ਸ਼ਾਮਲ ਹੋਵੇਗਾ।

Jeeo Punjab Bureau

Leave A Reply

Your email address will not be published.