ਸਹਿਕਾਰਤਾ ਮੰਤਰੀ ਰੰਧਾਵਾ ਵੱਲੋਂ ਮਾਰਕਫੈਡ ਦੀ ਨਵੀਂ ਵੈਬਸਾਈਟ ਲਾਂਚ

ਜੀਓ ਪੰਜਾਬ ਬਿਊਰੋ

ਚੰਡੀਗੜ, 4 ਮਈ

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮਾਰਕਫੈਡ ਦੀ ਨਵੀਂ ਵੈਬਸਾਈਟ ਲਾਂਚ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਮਾਰਕਫੈਡ ਦੇ ਐਮ.ਡੀ. ਵਰੁਣ ਰੂਜ਼ਮ ਅਤੇ ਮਾਰਕਫੈਡ ਦੇ ਸੀਨੀਅਰ ਮੈਨੇਜਰ (ਈ.ਆਰ.ਪੀ.) ਜਸਵਿੰਦਰ ਵੀ ਹਾਜ਼ਰ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਮਾਰਕਫੈਡ ਵੱਲੋਂ ਨਵੀਂ ਵੈਬਸਾਈਟ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦੀ ਸਲਾਹੁਤਾ ਕੀਤੀ। ਉਨ੍ਹਾਂ ਕਿਹਾ ਕਿ ‘ਸੋਹਣਾ’ ਬਰਾਂਡ ਦੇ ਮਿਆਰੀ ਉਤਪਾਦਾਂ ਦੀ ਮਾਰਕੀਟਿੰਗ ਲਈ ਨਵੀਂ ਵੈਬਸਾਈਟ ਸ਼ੁਰੂ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮਾਰਕਫੈਡ ਦੇ ਉਤਪਾਦਾਂ ਦੀ ਵਿਸ਼ਵ ਵਿਆਪੀ ਪਹੁੰਚ ਕਰਕੇ ਖਿੱਚ ਭਰਪੂਰ ਵੈਬਸਾਈਟ ਸਮੇਂ ਦੀ ਵੱਡੀ ਲੋੜ ਸੀ ਖਾਸ ਕਰਕੇ ਕੋਵਿਡ ਮਹਾਂਮਾਰੀ ਦੇ ਦੌਰ ਵਿੱਚ ਇਹ ਘਰ ਬੈਠੇ ਲੋਕਾਂ ਨੂੰ ਹਰ ਜਾਣਕਾਰੀ ਮੁਹੱਈਆ ਕਰਵਾਏਗੀ।

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੋਰੋਨਾ ਦੇ ਦੌਰ ਵਿੱਚ ਸਹਿਕਾਰੀ ਅਦਾਰਿਆਂ ਵੱਲੋਂ ਸੂਬਾ ਵਾਸੀਆਂ ਨੂੰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣ ਵਿੱਚ ਮੋਹਰੀ ਰੋਲ ਨਿਭਾਇਆ ਗਿਆ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਸੋਹਣਾ ਬਰਾਂਡ ਦਾ ਸ਼ਹਿਦ ਦੇ ਮਿਆਰ ਉਤੇ ਸੈਂਟਰ ਫਾਰ ਸਾਇੰਸ ਐਨਵਾਇਰਮੈਂਟ (ਸੀ.ਐਸ.ਈ.) ਵੱਲੋਂ ਵੀ ਮੋਹਰ ਲਗਾਈ ਗਈ ਹੈ ਕਿਉਂਕਿ ਇਸ ਸੈਂਟਰ ਵੱਲੋਂ ਕੀਤੇ ਟੈਸਟਾਂ ਵਿੱਚ 13 ਬਰਾਂਡ ਦੇ ਸ਼ਹਿਦਾਂ ਵਿੱਚੋਂ ਸਿਰਫ ਤਿੰਨ ਬਰਾਂਡ ਹੀ ਟੈਸਟ ਪਾਸ ਕਰ ਸਕੇ ਸਨ ਜਿਨ੍ਹਾਂ ਵਿੱਚੋਂ ਮਾਰਕਫੈਡ ਦਾ ਸੋਹਣਾ ਸ਼ਹਿਦ ਇਕ ਸੀ।

ਵੈਬਸਾਈਟ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਵਰੁਣ ਰੂਜ਼ਮ ਨੇ ਕਿਹਾ ਕਿ ਇਹ ਉਪਭੋਗਤਾ ਨੂੰ ਬਿਹਤਰ ਤਜ਼ਰਬਾ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਨੂੰ ਘਰ ਬੈਠਿਆਂ ਹੀ ਮਾਰਕਫੈਡ ਦੇ ਸਾਰੇ ਉਤਪਾਦਾਂ ਦੀ ਬਿਹਤਰ ਦਿੱਖ ਦੇਖਣ ਨੂੰ ਮਿਲੇਗੀ। ਉਨ੍ਹਾਂ ਕਿਹਾ ਉਪਭੋਗਤਾ ਹੁਣ ਸਮੇਂ ਦੀਆਂ ਵਿਸ਼ੇਸ਼ਤਾਵਾਂ ਨਾਲ ਮਾਰਕਫੈਡ ਨਾਲ ਹੋਰ ਜੁੜੇ ਹੋਏ ਮਹਿਸੂਸ ਕਰਨਗੇ। ਮਾਰਕਫੈਡ ਵੱਲੋਂ ਸ਼ੁਰੂਆਤ ਤੋਂ ਲੈ ਕੇ ਆਪਣਾ ਸਾਰਾ ਸਫਰ ਵੀ ਸਾਂਝਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਉਪਭੋਗਤਾ ਹੁਣ ਸੋਹਣਾ ਦੇ ਮਿਆਰੀ ਉਤਪਾਦ ਦੇਸ਼ ਭਰ ਵਿੱਚ ਮਾਰਕਫੈਡ ਦੇ ਡਿਲਵਰੀ ਮੁਹੱਈਆ ਕਰਨ ਵਾਲੇ ਭਾਈਵਾਲਾਂ ਜ਼ਰੀਏ ਆਰਡਰ ਵੀ ਦੇ ਸਕਿਆ ਕਰਨਗੇ।

 Jeeo Punjab Bureau

Leave A Reply

Your email address will not be published.