ਅਸਮਾਨ ਛੂ ਰਹੀਆਂ ਕੀਮਤਾਂ, ਜ਼ਰੂਰੀ ਦਵਾਈਆਂ ਦੀ ਕਾਲਾ ਬਾਜ਼ਾਰੀ ਰੋਕਣ ਵਿੱਚ Modi and Capt. Govt. ਫ਼ੇਲ੍ਹ : Bhagwant Mann

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 1 ਮਈ,

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਵਿੱਚ ਫੈਲੀ ਕੋਰੋਨਾ ਮਹਾਂਮਾਰੀ ਦੌਰਾਨ ਅਤਿ ਲੋੜੀਂਦੀਆਂ ਦਵਾਈਆਂ, ਟੀਕੇ, ਆਕਸੀਜਨ ਦੀ ਕਾਲਾ ਬਾਜ਼ਾਰੀ ਦੇਸ਼ ਸਮੇਤ ਪੰਜਾਬ ‘ਚ ਵੀ ਜ਼ੋਰਾਂ ‘ਤੇ ਹੈ, ਜਿਸ ਨੂੰ ਰੋਕਣ ਵਿੱਚ ਸਰਕਾਰਾਂ  ਫ਼ੇਲ੍ਹ ਸਾਬਤ ਹੋਈ ਰਹੀਆਂ ਹਨ।

ਸ਼ਨੀਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਭਰ ‘ਚੋਂ ਕੋਵਿਡ ਦੇ ਇਲਾਜ ਲਈ ਜ਼ਰੂਰੀ ਦਵਾਈਆਂ, ਰੈਮਡੇਸੇਵਰ ਅਤੇ ਆਕਸੀਜਨ ਦੀ ਕਾਲਾ ਬਾਜ਼ਾਰੀ ਦੀਆਂ ਰਿਪੋਰਟਾਂ ਆ ਰਹੀਆਂ ਹਨ। ਇਨ੍ਹਾਂ ਦਵਾਈਆਂ ਅਤੇ ਆਕਸੀਜਨ ਦੀ ਗੈਰ ਕਾਨੂੰਨੀ ਕੰਮਾਂ ਲਈ ਵਰਤੋਂ ਹੋ ਰਹੀ ਹੈ। ਇਹ ਸਭ ਗਤੀਵਿਧੀਆਂ ਮੋਦੀ ਸਰਕਾਰ ਦੀ ਨਾਕਾਮੀ ਸਿੱਧ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਦੇ ਦੌਰ ‘ਚ ਦਵਾਈਆਂ ਅਤੇ ਆਕਸੀਜਨ ਦੀ ਸਹੀ ਵੰਡ, ਸੰਭਾਲ ਅਤੇ ਪੈਦਾ ਕਰਨ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਜਦੋਂ ਹਸਪਤਾਲ ਕੋਵਿਡ ਨਾਲ ਸਬੰਧਿਤ ਦਵਾਈਆਂ ਤੇ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਕੋਰੋਨਾ ਪੀੜਤ ਮਰੀਜ਼ਾਂ ਦੇ ਪਰਿਵਾਰ ਵਾਲੇ ਪ੍ਰੇਸ਼ਾਨ ਹੋ ਰਹੇ ਹਨ, ਤਾਂ ਉਦੋਂ ਸ਼ਰਾਰਤੀ ਤੱਤ ਦਸ ਗੁਣਾ ਮਹਿੰਗੀ ਕੀਮਤ ‘ਤੇ ਇਹ ਦਵਾਈਆਂ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਵਧਣ ਕਾਰਨ ਦਵਾਈਆਂ ਅਤੇ ਆਕਸੀਜਨ ਹਸਪਤਾਲਾਂ ਵਿੱਚੋਂ ਵੀ ਗੰਭੀਰ ਮਰੀਜ਼ਾਂ ਨੂੰ ਕਾਲਾਬਾਜ਼ਾਰੀ ਰਾਹੀਂ ਮੂੰਹ ਮੰਗੇ ਪੈਸਿਆਂ ‘ਤੇ ਵੇਚੀਆਂ ਜਾ ਰਹੀਆਂ ਹਨ।

ਮਾਨ ਨੇ ਕਿਹਾ ਕਿ ਰੈਮਡੇਸੇਵਰ ਟੀਕੇ ਸਮੇਤ ਆਕਸੀਜਨ ਅਤੇ ਹੋਰ ਦਵਾਈਆਂ ਦੀ ਕਾਲਾਬਾਜ਼ਾਰੀ ਦੀਆਂ ਰਿਪੋਰਟਾਂ ਪੰਜਾਬ ‘ਚੋਂ ਵੀ ਆ ਰਹੀਆਂ ਹਨ। ਜਮਾਂ ਖੋਰ ਆਕਸੀਜਨ ਗੈਸ ਦੇ ਸਿਲੰਡਰ ਅਤੇ ਦਵਾਈਆਂ ਹੋਰਨਾਂ ਸੂਬਿਆਂ ਸਮੇਤ ਪੰਜਾਬ ਵਿੱਚ ਵੀ ਕਾਲਾਬਾਜ਼ਾਰੀ ਰਾਹੀਂ ਮਹਿੰਗੀਆਂ ਕੀਮਤਾਂ ‘ਤੇ  ਵੇਚ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੋਰੋਨਾ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਜ਼ਰੂਰੀ ਦਵਾਈਆਂ ਤੇ ਆਕਸੀਜਨ ਦੀ ਕਾਲਾਬਾਜ਼ਾਰੀ ਰੋਕਣ ਵਿੱਚ ਨਰਿੰਦਰ ਮੋਤੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰਾਂ ਫ਼ੇਲ੍ਹ ਸਾਬਤ ਹੋਈਆਂ ਹਨ। ਦੇਸ ਦੇ ਵੱਖ ਵੱਖ ਹਿੱਸਿਆਂ ਤੋਂ ਕਈ ਰਿਪੋਰਟਾਂ ਆਈਆਂ ਜਿੱਥੇ ਰੈਮਡੇਸੇਵਰ ਦੇ ਇੰਜੈੱਕਸ਼ਨ 30,000 ਰੁਪਏ ਤੋਂ ਵੱਧ ਵਿੱਚ ਵਿਕ ਰਹੇ ਹਨ, ਜਦੋਂਕਿ ਸਰਕਾਰਾਂ ਦੁਆਰਾ ਨਿਰਧਾਰਿਤ  ਕੀਮਤ ਇਸ ਤੋਂ ਕਿਤੇ ਘੱਟ ਹੈ। ਸਿਰਫ਼ ਦਵਾਈਆਂ ਦੀਆਂ ਭਾਰੀ ਕੀਮਤਾਂ ਨਾਲ ਹੀ ਨਹੀਂ, ਲੋਕਾਂ ਨੂੰ ਨਕਲੀ ਦਵਾਈਆਂ ਦੀ ਵਿੱਕਰੀ ਰਾਹੀਂ ਵੀ ਲੁੱਟਿਆ ਜਾ ਰਿਹਾ ਹੈ, ਤੇ ਇਹ ਸਭ ਜਦੋਂ ਦੇਸ ਇੱਕ ਰਾਸ਼ਟਰੀ ਐਮਰਜੈਂਸੀ ਵਿਚੋਂ ਗੁਜ਼ਰ ਰਿਹਾ ਹੈ।

ਮਹਾਂਮਾਰੀ ਦੇ ਦੌਰ ਵਿੱਚ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਦਵਾਈਆਂ ਅਤੇ ਆਕਸੀਜਨ ਮਾਫ਼ੀਆ ਵੀ ਹੋਂਦ ਵਿੱਚ ਆ ਗਿਆ ਹੈ। ਮਾਨ ਨੇ ਕਿਹਾ ਕਿ ਦਵਾਈਆਂ ਅਤੇ ਆਕਸੀਜਨ ਦੀ ਹੋ ਰਹੀ ਗੈਰ ਕਾਨੂੰਨੀ ਵਰਤੋਂ ਦੀ ਕੋਈ ਜਾਂਚ ਨਹੀਂ ਹੋ ਰਹੀ। ਦਵਾਈ ਕੰਪਨੀਆਂ ਜਾਣਬੁੱਝ ਕੇ ਦਵਾਈਆਂ ਦੀ ਘਾਟ ਪੈਦਾ ਕਰਕੇ ਇਨ੍ਹਾਂ ਨੂੰ ਮੂੰਹ ਮੰਗੀਆਂ ਕੀਮਤਾਂ ‘ਤੇ ਵੇਚ ਰਹੀਆਂ ਹਨ। ਸੂਬਾ ਤੇ ਕੇਂਦਰ ਸਰਕਾਰ ਦਵਾਈ ਕੰਪਨੀਆਂ ਨਾਲ ਮਿਲੀਭੁਗਤ ਕਰਕੇ ਆਮ ਲੋਕਾਂ ਦੇ ਜੀਵਨ ਨਾਲ ਖੇਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰਾਂ ਕਾਲਾਬਾਜ਼ਾਰੀ ਰੋਕਣ ਦੇ ਨਾਂ ‘ਤੇ ਕੇਵਲ ਡਰਾਮੇ ਕਰ ਰਹੀਆਂ ਹਨ, ਸੱਚ ਤਾਂ ਇਹ ਹੈ ਕਿ ਭਾਜਪਾਈ ਅਤੇ ਕਾਂਗਰਸੀਆਂ ਦੀ ਮਿਲੀਭੁਗਤ ਕਾਰਨ ਜਮਾਂਖੋਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਲੰਧਰ ਤੇ ਹੋਰ ਸ਼ਹਿਰਾਂ ਤੋਂ ਵੀ ਰੈਮਡੇਸੇਵਰ ਦਵਾਈ ਦੀ ਕਾਲਾਬਾਜ਼ਾਰੀ ਦੀਆਂ ਰਿਪੋਰਟਾਂ ਆ ਰਹੀਆਂ ਨੇ, ਜਿੱਥੇ ਇਹ ਦਵਾਈ ਅਸਲ ਕੀਮਤ ਤੋਂ ਕਿਤੇ ਜ਼ਿਆਦਾ ਕਈ ਕਈ ਹਜ਼ਾਰ ਰੁਪਏ ‘ਤੇ ਵੇਚੀ ਜਾ ਰਹੀ ਹੈ।

 Jeeo Punjab Bureau

Leave A Reply

Your email address will not be published.