Corona ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਮਚਾਈ ਹਫੜਾ ਦਫੜੀ, ਕੋਰੋਨਾ ਕੇਸਾਂ ਦਾ ਅੰਕੜਾ 4 ਲੱਖ ਤੋਂ ਪਾਰ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ:1 ਮਈ,

ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਹਫੜਾ ਦਫੜੀ ਮਚਾਈ ਹੋਈ ਹੈ। ਫਿਲਹਾਲ ਕੋਰੋਨਾ ਦੀ ਤਬਾਹੀ ਰੁਕਦੀ ਨਜ਼ਰ ਨਹੀਂ ਆ ਰਹੀ। ਅੱਜ ਮਈ ਮਹੀਨੇ ਦੇ ਪਹਿਲੇ ਦਿਨ ਹੀ ਕੋਰੋਨਾ ਕੇਸਾਂ ਦਾ ਅੰਕੜਾ 4 ਲੱਖ ਤੋਂ ਪਾਰ ਚਲਾ ਗਿਆ ਅਤੇ 3500 ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆਈ ਹੈ।

ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ ਰਿਕਾਰਡ 4,01,993 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਪਿਛਲੇ 24 ਘੰਟਿਆਂ ‘ਚ 3523 ਲੋਕਾਂ ਦੀ ਮੌਤ ਹੋ ਗਈ ਹੈ। ਭਾਰਤ ਤੋਂ ਪਹਿਲਾਂ ਸਿਰਫ਼ ਅਮਰੀਕਾ ‘ਚ ਹੀ ਇਕ ਦਿਨ ‘ਚ 4 ਲੱਖ ਤੋਂ ਵੱਧ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ ਸਨ।

ਦੇਸ਼ ‘ਚ ਕੁੱਲ ਮਾਮਲਿਆਂ ਦੀ ਗਿਣਤੀ 1,91,64,969 ਹੋ ਗਈ ਹੈ, ਜਿਨ੍ਹਾਂ ਵਿਚੋਂ ਹੁਣ ਤੱਕ 2,11,853 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕੋਰੋਨਾ ਇਨਫੈਕਸ਼ਨ ਤੋਂ ਦੇਸ਼ ਵਿਚ ਹੁਣ ਤਕ 1,56,84,406 ਲੋਕ ਠੀਕ ਵੀ ਹੋਏ ਹਨ। ਇਸ ਸਮੇਂ ਦੇਸ਼ ‘ਚ ਸਰਗਰਮ ਮਾਮਲਿਆਂ ਦੀ ਗਿਣਤੀ 32,68,710 ਹੈ।

ਉੱਥੇ ਹੀ ਹੁਣ ਤੱਕ 15,49,89,635 ਲੋਕਾਂ ਦਾ ਟੀਕਾਕਰਨ ਹੋ ਚੁਕਿਆ ਹੈ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਾਲਤ ਲਗਾਤਾਰ ਚਿੰਤਾਜਨਕ ਬਣੀ ਹੋਈ ਹੈ। ਸਰਕਾਰ ਕੋਰੋਨਾ ਨਾਲ ਮੁਕਾਬਲੇ ਲਈ ਵੈਕਸੀਨੇਸ਼ਨ ‘ਤੇ ਜ਼ੋਰ ਦੇ ਰਹੀ ਹੈ ਪਰ ਟੀਕਿਆਂ ਦੀ ਕਮੀ ਕਾਰਣ ਇਹ ਮੁਮਕਿਨ ਨਹੀਂ ਹੋ ਪਾ ਰਹੀ ਹੈ।

Jeeo Punjab Bureau

Leave A Reply

Your email address will not be published.