ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਨਮੋਹਨ ਸਿੰਘ ਦਾ ਸ਼ਬਦ ਗਾਇਨ ‘ਦੁਖ ਭੰਜਨੁ ਤੇਰਾ ਨਾਮੁ ਜੀ’ ਰਿਲੀਜ਼

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 30 ਅਪ੍ਰੈਲ

ਅਮਰੀਕਾ ਰਹਿੰਦੇ ਮੁਹਾਲੀ ਵਾਸੀ ਇੰਜਨੀਅਰ ਮਨਮੋਹਨ ਸਿੰਘ ਵੱਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗਾਇਨ ‘ਦੁਖ ਭੰਜਨੁ ਤੇਰਾ ਨਾਮੁ ਜੀ’ ਰਿਲੀਜ਼ ਕੀਤਾ ਗਿਆ। ਕੋਵਿਡ ਦੇ ਚੱਲਦਿਆਂ ਰਿਲੀਜ਼ ਦੀ ਰਸਮ ਵਰਚੁਅਲ ਤਰੀਕੇ ਨਾਲ ਪ੍ਰਸਿੱਧ ਗਾਇਕ ਤੇ ਫਿਲਮ ਅਦਾਕਾਰ ਹਰਭਜਨ ਮਾਨ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਉਤੇ ਰਿਲੀਜ਼ ਕੀਤਾ ਗਿਆ।

ਹਰਭਜਨ ਮਾਨ ਨੇ ਇਸ ਉਦਮ ਲਈ ਮਨਮੋਹਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਮਰੀਕੀ-ਭਾਰਤੀ ਹੋਣ ਦੇ ਨਾਤੇ, ਦੋਵਾਂ ਦੇਸ਼ਾਂ ਸਣੇ ਵਿਸ਼ਵ ਭਰ ਵਿਚ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਅਤੇ ਲੰਮੇ ਸਮੇਂ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੇ ਵੀ ਮਨਮੋਹਨ ਸਿੰਘ ਦਾ ਮਨ ਟੁੰਬਿਆ। ਉਨ੍ਹਾਂ ਆਪਣੀ ਰਸਭਿੰਨੀ ਆਵਾਜ਼ ਵਿਚ ਬਹੁਤ ਹੀ ਪਿਆਰ ਅਦਬ ਅਤੇ ਸ਼ਰਧਾ ਨਾਲ ਇਸ ਸ਼ਬਦ ਨੂੰ ਗਾਇਆ ਹੈ ਜੋ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੇ ਨਾਲ ਨੂੰ ਸਮਰਪਿਤ ਕੀਤਾ ਹੈ । ਉਨ੍ਹਾਂ ਕਿਹਾ ਕਿ ਸੱਤ ਸਮੁੰਦਰ ਪਾਰ ਵੀ ਉਹ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ ਜਿਸ ਲਈ ਵਧਾਈ ਦੇ ਪਾਤਰ ਹਨ।

ਮਨਮੋਹਨ ਸਿੰਘ ਨੇ ਦੱਸਿਆ ਕਿ ਇਸ ਸ਼ਬਦ ਦਾ ਸੰਗੀਤ ‘ਦਾ ਬੌਸ’ ਵੱਲੋਂ ਕੀਤਾ ਗਿਆ ਜਦੋਂ ਕਿ ਇਸ ਦੇ ਨਿਰਮਾਤਾ ਤੇ ਨਿਰਦੇਸ਼ਕ ਅਮਰਦੀਪ ਕੌਰ ਹਨ। ਇਸ ਦੀ ਵੀਡਿਓਗ੍ਰਾਫੀ ਲਈ ਬਹੁਤਾ ਫਿਲਮਾਂਕਣ ਅਮਰੀਕਾ ਵਿੱਚ ਹੀ ਕੀਤਾ ਗਿਆ ਹੈ ਜਦੋਂ ਕਿ ਕੁੱਝ ਹਿੱਸਾ ਪੰਜਾਬ ਵਿੱਚ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਫੇਸਬੁੱਕ ਉਪਰ ਜਿੱਥੇ ਹਰਭਜਨ ਮਾਨ ਦੇ ਪੇਜ਼ ਉਪਰ ਇਹ ਉਪਲੱਬਧ ਹੈ ਉਥੇ ਯੂ.ਟਿਊਬ ਉਪਰ ਇਹ ਏ.ਐਮ.ਰਿਕਾਰਡਜ਼ ‘ਤੇ ਮਿਲੇਗਾ।

ਭਾਰਤ ਵਿੱਚ ਵਰਚੁਅਲ ਤਰੀਕੇ ਨਾਲ ਇਸ ਸ਼ਬਦ ਗਾਇਨ ਨੂੰ ਰਿਲੀਜ਼ ਕਰਵਾਉਣ ਵਾਲੇ ਮਨਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਹਾਲੀ ਵਿੱਚ ਪੜ੍ਹੇ-ਲਿਖੇ ਪਰਿਵਾਰ ਵਿੱਚ ਜਨਮੇ ਮਨਮੋਹਨ ਸਿੰਘ ਨੇ ਕਰਨਾਟਕਾ ਦੇ ਪਾਲਕੀ ਤੋਂ ਇੰਜਨੀਅਰ ਦੀ ਪੜ੍ਹਾਈ ਕੀਤੀ ਹੈ ਅਤੇ ਅੱਜ ਕੱਲ੍ਹ ਉਹਅਮਰੀਕਾ ਦੇ ਸੂਬੇ ਐਰੋਜੀਨਾ ਦੀ ਰਾਜਧਾਨੀ ਫਿਨਿਕਸ ਵਿਚ ਇਕ ਨਾਮੀ ਕੰਪਨੀ ਦੇ ਵਾਈਸ ਪ੍ਰੈਜੀਡੈਂਟ ਹਨ। ਉਨ੍ਹਾਂ ਦੱਸਿਆ ਕਿ ਨੌਵੀਂ ਪਾਤਸ਼ਾਹੀ ਜੀ ਦੇ 400ਵੇਂ ਪ੍ਰਕਾਸ਼ ਪੁਰਬ ਦੀ ਪੂਰਵ ਸੰਧਿਆ ਮੌਕੇ ਰਿਲੀਜ਼ ਕੀਤੇ ਇਸ ਸ਼ਬਦ ਗਾਇਨ ਦੇ ਨਾਲ ਮਨਮੋਹਨ ਸਿੰਘ ਨੇ ਕੋਰੋਨਾ ਮਹਾਂਮਾਰੀ ਅਤੇ ਕਿਸਾਨੀ ਅੰਦੋਲਨ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਨੂੰ ਵੀ ਸਿਜਦਾ ਕੀਤਾ ਹੈ।

Jeeo Punjab Bureau

Leave A Reply

Your email address will not be published.