ਬੇਅਦਬੀ ਤੇ ਗੋਲੀ ਕਾਂਡ `ਚ ਮੂਰਖ ਬਣਾਉਣ ਵਾਲੀ ਕੈਪਟਨ ਸਰਕਾਰ ਖਿਲਾਫ਼ ਵਿਦਰੋਹ ਕਰਨ ਲੋਕ: ਪਰਮਿੰਦਰ ਸਿੰਘ ਢੀਂਡਸਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 29 ਅਪਰੈਲ:

ਲਹਿਰਾਗਾਗਾ ਦੇ ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਦੌਸਤਾਨਾ ਮੈਚ ਖੇਡ ਰਹੇ ਹਨ ਅਤੇ ਹਾਈਕੋਰਟ ਵੱਲੋਂ ਜਾਂਚ ਰਿਪੋਰਟ ਨੂੰ ਰੱਦ ਕਰ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਕੈਪਟਨ ਨੇ ਬਾਦਲਾਂ ਨੂੰ ਇਸ ਮਾਮਲੇ ਵਿੱਚ ਕਲੀਨ ਚਿੱਟ ਦੇ ਦਿੱਤੀ ਹੈ ਅਤੇ ਇਸ ਨਾਲ ਇੱਕ ਵਾਰ ਫਿ਼ਰ ਤੋਂ ਕੈਪਟਨ ਅਤੇ ਬਾਦਲਾਂ ਦੀ ਦੋਸਤੀ ਜੱਗ ਜਾਹਿਰ ਹੋ ਗਈ ਹੈ।

ਢੀਂਡਸਾ ਨੇ ਕਿਹਾ ਕਿ ਹੁਣ ਜਦੋਂ ਇਸ ਮਾਮਲੇ ਵਿੱਚ ਘਿਰੇ ਕੈਪਟਨ ਅਮਰਿੰਦਰ ਸਿੰਘ ਆਪਣੀ ਹੀ ਪਾਰਟੀ ਦੇ ਸੀਨੀਅਰ ਲੀਡਰਾਂ ਅਤੇ ਵਿਧਾਇਕਾਂ ਤੱਕ ਦੇ ਨਿਸ਼ਾਨੇ ਤੇ ਹਨ ਤਾਂ ਆਏ ਦਿਨ ਬਾਦਲਾਂ ਵਿਰੁਧ ਝੁਠੀ ਬਿਆਨਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸਿ਼ਸ਼ ਕਿਉਂ ਕਰ ਰਹੇ ਹਨ? ਢੀਂਡਸਾ ਨੇ ਲੋਕਾਂ ਨੂੰ ਕਿਹਾ ਕਿ ਉਹ ਉਨ੍ਹਾ ਨੂੰ ਮੂਰਖ ਸਮਝਣ ਵਾਲੀ ਕੈਪਟਨ ਸਰਕਾਰ ਖਿ਼ਲਾਫ਼ ਵਿਦਰੋਹ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਥ ਅਤੇ ਪੰਜਾਬ ਵਿਰੋਧੀ ਬਾਦਲਾਂ ਅਤੇ ਕਾਂਗਰਸ ਨੂੰ ਹਰਾ ਕੇ ਕਰਾਰਾ ਸਵਾਬ ਦੇਣ। ਉਨ੍ਹਾ ਕਿਹਾ ਕਿ ਕਾਂਗਰਸੀ ਆਗੂਆਂ ਦੇ ਵੱਖ ਵੱਖ ਬਿਆਨ ਅਤੇ ਆਪਣੀ ਸਰਕਾਰ ‘ਤੇ ਸਵਾਲ ਚੁੱਕਣਾ ਕੈਪਟਨ ਅਮਰਿੰਦਰ ਸਿੰਘ ਦੀ ਨਾਕਾਮੀ ਉਜਾਗਰ ਕਰਦਾ ਹੈ ਅਤੇ ਕਾਂਗਰਸੀ ਆਗੂਆਂ ਦੀ ਨਰਾਜ਼ਗੀ ਇਸ ਗੱਲ ਦਾ ਸੰਕੇਤ ਹੈ ਕਿ ਸੱਤਾਧਾਰੀ ਕਾਂਗਰਸ ਸਰਕਾਰ ਹੁਣ ਕਈਂ ਧਿਰਾਂ ਵਿੱਚ ਵੰਡ ਚੁੱਕੀ ਹੈ।

ਉਨ੍ਹਾ ਕਿਹਾ ਕਿ ਕੈਪਟਨ ਸਰਕਾਰ ਨੇ ਪਿੱਛਲੇ ਸਾਢੇ ਚਾਰ ਸਾਲਾਂ ‘ਚ ਸਵਾਏ ਬਾਦਲਾਂ ਨੂੰ ਬਚਾਉਣ ਦੇ ਹੋਰ ਕੁੱਝ ਵੀ ਨਹੀਂ ਕੀਤਾ ਹੈ। ਕੈਪਟਨ ਸਰਕਾਰ ਵੱਲੋਂ ਸਾਜਿਸ਼ ਦੇ ਤਹਿਤ ਬਾਦਲਾਂ ਨੂੰ ਦਿੱਤੀ ਗਈ ਕਲੀਨ ਚਿੱਟ `ਤੇ ਨਾਰਾਜ਼ਗੀ ਜਾਹਿਰ ਕਰਦਿਆਂ ਢੀਂਡਸਾ ਨੇ ਕਿਹਾ ਕਿ ਇਸ ਫੈਸਲੇ ਨਾਲ ਜਿਥੇ ਸਿੱਖਾਂ ਦੇ ਹਿਰਦਿਆਂ `ਤੇ ਮਾੜਾ ਅਸਰ ਪਿਆ ਹੈ ਉਥੇ ਹੀ ਦੇਸ਼-ਵਿਦੇਸ਼ ਵਿੱਚ ਬੈਠੀ ਸਿੱਖ ਸੰਗਤ ਪੂਰੇ ਰੋਸ਼ ਵਿੱਚ ਹੈ ਅਤੇ ਦੂਜੇ ਪਾਸੇ ਬਾਦਲ ਦਲ ਦੇ ਆਗੂ ਇਸ ਫੈਸਲੇ ਤੋਂ ਬਾਅਦ ਲੱਡੂ ਵੰਡ ਰਹੇ ਹਨ ਅਤੇ ਢੋਲ ਵਜਾ ਕੇ ਭੰਗੜੇ ਪਾ ਰਹੇ ਹਨ, ਜਿਹੜੀ ਕਿ ਮੰਦਭਾਗੀ ਗੱਲ ਹੈ। ਢੀਂਡਸਾ ਨੇ ਸਿੱਖ ਸੰਗਤ ਅਤੇ ਲੋਕਾਂ ਨੂੰ ਵਿਸ਼ਵ ਪੱਧਰ `ਤੇ ਇਸ ਫੈਸਲੇ ਦੇ ਵਿਰੁੱਧ ਰੋਸ਼ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ ਤਾਂਕਿ ਬੇਅਦਬੀ ਮਾਮਲੇ ਵਿੱਚ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਸਰਕਾਰ `ਤੇ ਦਬਾਅ ਪਾਇਆ ਜਾ ਸਕੇ।

Jeeo Punjab Bureau

Leave A Reply

Your email address will not be published.