ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੰਜਾਬ ‘ਚ ਯਾਤਰੀ ਗੱਡੀਆਂ ਨਾ ਚੱਲਣ ਦੇਣ ਦਾ ਐਲਾਨ

ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਵਿਖੇ ਰੇਲ ਪਾਰਕ ਵਿਚ ਪੱਕਾ ਮੋਰਚਾ 60ਵੇਂ ਦਿਨ ਜਾਰੀ |

26 ਨਵੰਬਰ ਤੋਂ ਦਿੱਲੀ ਦੇ ਘਿਰਾਓ ਲਈ ਜਥੇ ਭੇਜੇ ਜਾਣਗੇ

ਰਾਜੀਵ ਮਠਾੜੂ
ਚੰਡੀਗੜ੍ਹ, 22 ਨਵੰਬਰ

ਪੰਜਾਬ ਦੀਆਂ ਇਕੱਤੀ ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ ਮੰਨਦਿਆਂ ਸੂਬੇ ‘ਚ ਮਾਲ ਤੇ ਯਾਤਰੂ ਗੱਡੀਆਂ ਚਲਾਉਣ ਲਈ ਰੇਲ ਪਟੜੀਆਂ ਖਾਲ਼ੀ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਯਾਤਰੂ ਰੇਲ ਗੱਡੀਆਂ ਰੋਕਣ ਦੇ ਆਪਣੇ ਐਲਾਨ ਤੇ ਬਰਕਰਾਰ ਹਨ। ਇੱਕ ਬਿਆਨ ਰਾਹੀਂ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਹੈ ਕਿ
ਮੋਦੀ ਸਰਕਾਰ ਵੱਲੋਂ ਖੇਤੀ ਸੈਕਟਰ ਉੱਤੇ ਅੰਬਾਨੀਆ ਅਤੇ ਅਡਾਨੀਆ ਦਾ ਕਬਜ਼ਾ ਕਰਾਉਣ ਲਈ ਪਾਸ ਕੀਤੇ ਤਿੰਨੇ ਖੇਤੀ ਕਾਨੂੰਨਾਂ ਵਿਰੁੱਧ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਜੰਡਿਆਲਾ ਗੁਰੂ ਵਿਖੇ ਰੇਲ ਪਾਰਕ ਵਿੱਚ ਪੱਕਾ ਮੋਰਚਾ 60ਵੇਂ ਦਿਨ ਤੇ ਰਿਲਾਇੰਸ ਦੇ ਸ਼ਾਪਿੰਗ ਮਾਲ ਤੇ ਟੋਲ ਪਲਾਜਾ ਤਰਨਤਾਰਨ ਵਿਖੇ 44ਵੇਂ ਦਿਨ ਵਿਚ ਜਾਰੀ ਹੈ। ਕਿਸਾਨ ਆਗੂ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੜੀਅਲ ਰਵੱਈਆ ਅਖਤਿਆਰ ਕਰਕੇ ਪੰਜਾਬ ਦੀ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ। ਪੰਜਾਬ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਨੂੰ ਸੱਟ ਮਾਰਨ ਲਈ ਮਾਲ ਗੱਡੀਆਂ ਨੂੰ ਪੈਸੇਂਜਰ ਗੱਡੀਆਂ ਨਾਲ ਬੰਨ੍ਹ ਕੇ ਬੇ-ਦਲੀਲੀ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਮਜ਼ਦੂਰ ਜਥੇਬੰਦੀ ਆਪਣੇ ਪਹਿਲੇ ਫੈਸਲੇ ਉਤੇ ਕਾਇਮ ਹੈ ਕਿ ਪੰਜਾਬ ਦੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਮਾਲ ਗੱਡੀਆਂ ਦਾ ਲਾਂਘਾ 10 ਦਸੰਬਰ ਤੱਕ ਦਿੱਤਾ ਜਾਂਦਾ ਹੈ ਤੇ ਪੈਸੰਜਰ ਗੱਡੀਆਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਤੇ 26 ਨਵੰਬਰ ਨੂੰ ਦੇਸ਼ ਵਿਆਪੀ ਅੰਦੋਲਨ ਤਹਿਤ ਦਿੱਲੀ ਦੇ ਘਿਰਾਓ ਦੇ ਐਕਸ਼ਨ ਵਿੱਚ ਵੱਡੇ ਜਥੇ ਭੇਜੇ ਜਾਣਗੇ। ਕਿਸਾਨ ਆਗੂ ਨੇ ਕਿਹਾ ਕਿ 23 ਨਵੰਬਰ ਨੂੰ ਪਹਿਲਾਂ ਤੈਅ ਹੋਈ ਮੁੱਖ ਮੰਤਰੀ ਨਾਲ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਨ ਲਈ ਮੀਟਿੰਗ ਜੇ ਸੱਦਾ ਪੱਤਰ ਮਿਲਿਆ ਤਾਂ ਕਿਸਾਨ ਆਗੂ ਮੀਟਿੰਗ ਵਿੱਚ ਜਾਣਗੇ। ਕਿਸਾਨ ਆਗੂ ਇੰਦਰਜੀਤ ਸਿੰਘ ਬਾਠ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਅਮਨਦੀਪ ਸਿੰਘ ਕੱਚਰਭੰਨ, ਸੁਰਿੰਦਰ ਸਿੰਘ ਘੁੱਦੂਵਾਲਾ, ਅੰਗਰੇਜ਼ ਸਿੰਘ ਬੂਟੇ ਵਾਲਾ, ਬਲਵਿੰਦਰ ਸਿੰਘ ਲਹੁਕੇ ਕਲਾਂ ਨੇ ਇਸ ਮੌਕੇ ਤਿੰਨੇ ਖੇਤੀ ਕਾਲੇ ਕਾਨੂੰਨ, ਹਵਾ ਪ੍ਰਦੂਸ਼ਣ ਕਾਨੂੰਨ, ਤਜਵੀਜ਼ਤ ਬਿਜਲੀ ਸੋਧ ਬਿੱਲ 2020 ਨੂੰ ਰੱਦ ਦੀ ਮੰਗ ਕੀਤੀ।

Leave A Reply

Your email address will not be published.