ਏਕਤਾ ਉਗਰਾਹਾਂ ਵੱਲੋਂ ਕਿਸਾਨ ਰੋਡ ਸੰਘਰਸ਼ ਕਮੇਟੀ ਦੇ ਘੋਲ਼ ਦੀ ਹਮਾਇਤ ਦਾ ਐਲਾਨ, ਟ੍ਰੈਕਟਰ ਮਾਰਚ ਵਿੱਚ ਸੈਂਕੜੇ ਕਿਸਾਨ ਹੋਣਗੇ ਸ਼ਾਮਲ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 28 ਅਪ੍ਰੈਲ

ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਅਤੇ ਇਸ ਨਾਲ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਜੋੜਦੇ ਕਈ ਲਿੰਕ ਹਾਈਵੇਜ਼ ਖਾਤਰ ਕਿਸਾਨਾਂ ਦੀ ਸਹਿਮਤੀ ਤੋਂ ਬਿਨਾਂ ਹੀ ਨਿੱਜੀ ਕੰਪਨੀਆਂ ਲਈ ਜ਼ਮੀਨਾਂ ਕੌਡੀਆਂ ਦੇ ਭਾਅ ਐਕਵਾਇਰ ਕਰਨ ਵਿਰੁੱਧ ਘੋਲ਼ ਕਰ ਰਹੀ ਜਥੇਬੰਦੀ ਕਿਸਾਨ ਰੋਡ ਸੰਘਰਸ਼ ਕਮੇਟੀ (ਪੰਜਾਬ) ਦੇ ਘੋਲ਼ ਦੀ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਉਕਤ ਮਕਸਦ ਲਈ ਪੰਜਾਬ ਦੇ 13 ਜ਼ਿਲ੍ਹਿਆਂ ਦੇ 35000 ਕਿਸਾਨਾਂ ਦੀ 25000 ਏਕੜ ਤੋਂ ਵੱਧ ਜ਼ਮੀਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਅਤੇ ਪੰਜਾਬ ਸਰਕਾਰ ਦੀ ਮਿਲੀ ਭੁਗਤ ਨਾਲ ਕੌਡੀਆਂ ਦੇ ਭਾਅ ਜ਼ਬਤ ਕਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਜ਼ਮੀਨ ਅਕਵਾਇਰ ਕਾਨੂੰਨ ਦੀ ਉਲੰਘਣਾ ਕਰਕੇ ਕਿਸਾਨਾਂ ਨਾਲ ਵੱਡੀ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਇਸ ਬੇਇਨਸਾਫ਼ੀ ਖਿਲਾਫ਼ ਜਨਤਕ ਜੱਦੋਜਹਿਦ ਕਰ ਰਹੇ ਪੀੜਤ ਕਿਸਾਨਾਂ ਦਾ ਜਥੇਬੰਦੀ ਵੱਲੋਂ ਡਟ ਕੇ ਸਾਥ ਦਿੱਤਾ ਜਾਵੇਗਾ। ਬੇਸ਼ੱਕ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਮੁਲਕ ਪੱਧਰੇ ਪੱਕੇ ਕਿਸਾਨ ਮੋਰਚਿਆਂ ਵਿੱਚ ਕੇਂਦਰੀ ਹਕੂਮਤ ਖਿਲਾਫ਼ ਜਥੇਬੰਦੀ ਦਾ ਪੂਰਾ ਤਾਣ ਲੱਗਿਆ ਹੋਇਆ ਹੈ, ਫਿਰ ਵੀ ਕੈਪਟਨ ਹਕੂਮਤ ਵਿਰੁੱਧ ਪੀੜਤ ਕਿਸਾਨਾਂ ਦੇ ਪਟਿਆਲਾ ਵਿਖੇ ਚੱਲ ਰਹੇ ਪੱਕੇ ਮੋਰਚੇ ਦੌਰਾਨ 30 ਅਪ੍ਰੈਲ ਨੂੰ ਕੀਤੇ ਜਾ ਰਹੇ ਟ੍ਰੈਕਟਰ ਮਾਰਚ ਵਿੱਚ ਜਥੇਬੰਦੀ ਵੱਲੋਂ ਸੈਂਕੜੇ ਕਿਸਾਨ ਟ੍ਰੈਕਟਰਾਂ ਸਮੇਤ ਸ਼ਾਮਲ ਹੋਣਗੇ। ਪੀੜਤ ਕਿਸਾਨਾਂ ਨੂੰ ਅਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਪੂਰਾ ਢੁੱਕਵਾਂ ਮੁਆਵਜ਼ਾ ਦੇਣ ਦੀ ਬਿਲਕੁਲ ਜਾਇਜ਼ ਤੇ ਹੱਕੀ ਮੰਗ ਮੰਨੇ ਜਾਣ ਤੱਕ ਚੱਲਣ ਵਾਲੇ ਇਸ ਘੋਲ਼ ਦੀ ਵੱਖ ਵੱਖ ਪੜਾਵਾਂ ‘ਤੇ ਢੁੱਕਵੇਂ ਢੰਗਾਂ ਨਾਲ ਹਮਾਇਤ ਜਾਰੀ ਰੱਖੀ ਜਾਵੇਗੀ।

Jeeo Punjab Bureau

Leave A Reply

Your email address will not be published.