Mohali ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਖਿਲਾਫ AAP ਲੀਡਰ ਗੁਰਤੇਜ ਸਿੰਘ ਪਨੂੰ ਨੇ ਚੁੱਕੀ ਆਵਾਜ਼

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 24 ਅਪ੍ਰੈਲ

ਆਮ ਆਦਮੀ ਪਾਰਟੀ ਨੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ’ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਲੈਂਡ ਚੈਸਟਰ ਨਾਂ ਦੀ ਆਪਣੀ ਕੰਪਨੀ ਰਾਹੀਂ ਮਾਣਕਪੁਰ ਕੱਲਰ ਦੇ ਲੋਕਾਂ ਦੇ ਸਮਸਾਨਘਾਟ ਦੀ ਜ਼ਮੀਨ ਹੜੱਪ ਰਹੇ ਹਨ।

ਅੱਜ ਇੱਥੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਆਮ ਆਦਮੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਸਿੰਘ ਪੰਨੂੰ ਨੇ ਕਿਹਾ ਕਿ ਜੀਤੀ ਸਿੱਧੂ ਪਿੰਡ ਮਾਣਕਪੁਰ ਕਲੇਰ ਦੇ ਐਸ ਸੀ ਭਾਈਚਾਰੇ ਦਾ ਸਮਸ਼ਾਨ ਘਾਟ ਢਾਹ ਕੇ ਉਸਨੂੰ ਆਪਣੀ ਕੰਪਨੀ ਲੈਂਡ ਚੈਸਟਰ ’ਚ ਮਿਲਾ ਰਹੇ ਹਨ। ਜਿਸਦਾ ਪਿੰਡ ਵਾਲਿਆਂ ਨੇ ਵਿਰੋਧ ਕੀਤਾ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਜੀਤੀ ਸਿੱਧੂ ਨੂੰ ਮੁੜ ਉਨ੍ਹਾਂ ਦਾ ਸਮਸ਼ਾਨਘਾਟ ਬਣਾਉਣ ਦੀ ਬੇਨਤੀ ਕੀਤੀ ਸੀ, ਪਰ ਉਹ ਨਗਰ ਨਿਗਮ ਦੀਆਂ ਚੋਣਾਂ ਦਾ ਬਹਾਨਾ ਲਾ ਕੇ ਗੱਲ ਟਾਲਦੇ ਰਹੇ। ਉਨ੍ਹਾਂ ਦੱਸਿਆ ਕਿ ਹੁਣ ਉਹ ਫਿਰ ਮੁਕਰ ਗਏ ਹਨ ਅਤੇ ਲੋਕਾਂ ਨੂੰ ਮੁੜ ਅਦਾਲਤ ਦਾ ਸਹਾਰਾ ਲੈਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਨਸਾਫ ਮਿਲਣ ਤੱਕ ਉਹ ਲੋਕਾਂ ਨਾਲ ਖੜ੍ਹਣਗੇ। ਉਨ੍ਹਾਂ ਇਸ ਮੌਕੇ ਪਿੰਡ ਦੇ ਕੁਝ ਲੋਕ ਵੀ ਪੱਤਰਕਾਰਾਂ ਸਾਹਮਣੇ ਪੇਸ਼ ਕੀਤੇ।

ਦੂਜੇ ਪਾਸੇ ਮੋਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਨੇ ਇਨ੍ਹਾਂ ਦੋਸ਼ਾਂ ਨੂੰ ਕੋਰਾ ਝੂਠ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੀ ਜ਼ਮੀਨ ਨਾਲ ਪਿੰਡ ਦੇ ਐਸ ਈ ਭਾਈਚਾਰੇ ਦੇ ਸਮਸ਼ਾਨਘਾਟ ਦੀ ਜ਼ਮੀਨ ਦੇ ਦੋ ਪਾਸੇ ਹੈ ਅਤੇ ਲੋਕ ਇਸ ਜ਼ਮੀਨ ਨੂੰ ਇੱਕ ਪਾਸੇ ਇਕੱਠਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਦੀ 68 ਏਕੜ ਜ਼ਮੀਨ ਦਾ ਕੋਈ ਰੌਲਾ ਨਹੀਂ ਤੇ ਨਾ ਹੀ ਕਿਸੇ ਦੇ ਮੁਆਵਜ਼ੇ ਦਾ ਕੋਈ ਪੈਸਾ ਰਹਿੰਦਾ ਹੈ। ਇਹ ਸਿਰਫ ਸਿਆਸੀ ਦੋਸ਼ ਹਨ।

Jeeo Punjab Bureau

Leave A Reply

Your email address will not be published.