BKU ਵੱਲੋਂ ਹਜ਼ਾਰਾਂ ਔਰਤਾਂ ਸਮੇਤ 15000 ਤੋਂ ਵੱਧ ਕਿਸਾਨਾਂ ਦਾ ਕਾਫਲਾ ਤਿੰਨ ਥਾਵਾਂ ਤੋਂ ਟਿਕਰੀ ਬਾਰਡਰ ਦਿੱਲੀ ਲਈ ਰਵਾਨਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 22 ਅਪ੍ਰੈਲ :

ਸਾਮਰਾਜ ਵਿਰੋਧੀ ਗਦਰ ਲਹਿਰ ਦੇ 107ਵੇਂ ਸਥਾਪਨਾ ਦਿਵਸ ਮੌਕੇ ਕਰੋਨਾ ਦੀ ਆੜ ਹੇਠ ਕੇਂਦਰੀ ਹਕੂਮਤ ਦੀਆਂ “ਆਪ੍ਰੇਸ਼ਨ ਕਲੀਨ” ਵਰਗੀਆਂ ਜਾਬਰ ਧਮਕੀਆਂ ਦਾ ਸ਼ਾਂਤਮਈ “ਆਪ੍ਰੇਸ਼ਨ ਸ਼ਕਤੀ” ਨਾਲ ਠੋਕਵਾਂ ਜੁਆਬ ਦੇਣ ਲਈ ਕਣਕ ਦੀ ਵਾਢੀ ਦੇ ਬੇਹੱਦ ਰੁਝੇਵਿਆਂ ਦੇ ਬਾਵਜੂਦ ਅੱਜ ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਡੱਬਵਾਲੀ, ਖਨੌਰੀ ਅਤੇ ਸਰਦੂਲਗੜ੍ਹ ਨੇੜੇ ਹਰਿਆਣਾ ਬਾਡਰਾਂ ਤੋਂ ਕੁੱਲ ਮਿਲਾਕੇ ਸੈਂਕੜੇ ਵੱਡੇ ਛੋਟੇ ਵਹੀਕਲਾਂ ‘ਚ ਸਵਾਰ ਹਜ਼ਾਰਾਂ ਔਰਤਾਂ ਸਮੇਤ 15000 ਤੋਂ ਵੱਧ ਕਿਸਾਨਾਂ ਦੇ ਕਾਫਲੇ ਟਿਕਰੀ ਬਾਡਰ ਦਿੱਲੀ ਲਈ ਰਵਾਨਾ ਕੀਤੇ ਗਏ, ਜਿੱਥੇ ਪਹਿਲਾਂ ਵੀ ਹਜ਼ਾਰਾਂ ਕਿਸਾਨ ਮਜ਼ਦੂਰ ਲਗਭਗ ਛੇ ਮਹੀਨਿਆਂ ਤੋਂ ਪੱਕੇ ਮੋਰਚੇ ਵਿੱਚ ਡਟੇ ਹੋਏ ਹਨ।

ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਨ੍ਹਾਂ ਕਾਫਲਿਆਂ ਦੀ ਅਗਵਾਈ ਕਰਨ ਵਾਲੇ ਮੁੱਖ ਆਗੂਆਂ ਵਿੱਚ ਜੋਗਿੰਦਰ ਸਿੰਘ ਉਗਰਾਹਾਂ,ਰੂਪ ਸਿੰਘ ਛੰਨਾਂ,ਸ਼ਿੰਗਾਰਾ ਸਿੰਘ ਮਾਨ,ਰਾਮ ਸਿੰਘ ਭੈਣੀਬਾਘਾ,ਗੁਰਪਾਸ਼ ਸਿੰਘ ਸਿੰਘੇਵਾਲਾ ਤੇ ਸੱਤਪਾਲ ਭੋਡੀਪੁਰਾ ਸ਼ਾਮਲ ਸਨ ਅਤੇ ਰਵਾਨਾ ਕਰਨ ਵਾਲਿਆਂ ‘ਚ ਖੁਦ ਕੋਕਰੀ ਕਲਾਂ ਤੋਂ ਇਲਾਵਾ ਝੰਡਾ ਸਿੰਘ ਜੇਠੂਕੇ,ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਆਦਿ ਸ਼ਾਮਲ ਸਨ। ਇਸ ਮੌਕੇ ਅਡਾਨੀ ਅੰਬਾਨੀ ਵਰਗੇ ਸਾਮਰਾਜੀਆਂ ਦੇ ਹੋਰ ਵਾਰੇ ਨਿਆਰੇ ਕਰਨ ‘ਤੇ ਤੁਲੀ ਹੋਈ ਭਾਜਪਾ ਹਕੂਮਤ ਵੱਲੋਂ ਜਲ, ਜੰਗਲ,ਜ਼ਮੀਨਾਂ ਸਣੇ ਦੇਸ਼ ਦੇ ਸਾਰੇ ਪੈਦਾਵਾਰੀ ਸੋਮੇ ਉਨ੍ਹਾਂ ਹਵਾਲੇ ਕਰਨ ਲਈ ਬਣਾਏ ਕਾਨੂੰਨਾਂ ਵਿਰੁੱਧ ਰੋਸ ਪ੍ਰਗਟਾਉਂਦਿਆਂ “ਕਾਲੇ ਖੇਤੀ ਕਾਨੂੰਨ ਰੱਦ ਕਰਾ ਕੇ ਰਹਾਂਗੇ”, “ਭਾਜਪਾ-ਸਾਮਰਾਜ ਗੱਠਜੋੜ ਮੁਰਦਾਬਾਦ” ਅਤੇ “ਕਿਸਾਨ -ਮਜ਼ਦੂਰ ਏਕਤਾ ਜ਼ਿੰਦਾਬਾਦ” ਵਰਗੇ ਰੋਹ ਭਰਪੂਰ ਨਾਹਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ। ਖਾਸ ਕਰਕੇ ਨੌਜਵਾਨਾਂ ਅੰਦਰ ਉਤਸ਼ਾਹ ਤੇ ਜੋਸ਼ ਠਾਠਾਂ ਮਾਰ ਰਿਹਾ ਸੀ, ਜਿਹੜੇ ਰਾਜਸੱਤਾ ਦੀ ਹਰ ਫੁੱਟਪਾਊ, ਕਪਟੀ ਤੇ ਜਾਬਰ ਚਾਲ ਨੂੰ ਇੱਕਜੁਟ ਲੋਕ-ਤਾਕਤ ਦੇ ਪੈਰਾਂ ਥੱਲੇ ਮਸਲਣ ਲਈ ਤਤਪਰ ਸਨ।

ਕਿਸਾਨ ਆਗੂ ਨੇ ਇਹ ਵੀ ਦੱਸਿਆ ਕਿ ਵਾਢੀ ਦੇ ਕੰਮਾਂ ‘ਚ ਗਲ਼-ਗਲ਼ ਖੁੱਭੇ ਹੋਣ ਦੇ ਬਾਵਜੂਦ ਪੰਜਾਬ ਅੰਦਰ ਵੀ 40 ਥਾਂਵਾਂ ‘ਤੇ ਦਿਨ ਰਾਤ ਦੇ ਪੱਕੇ ਮੋਰਚੇ ਜਾਰੀ ਹਨ ਜਿਨ੍ਹਾਂ ਦੀ ਕਮਾਂਡ ਬਹੁਤੇ ਥਾਂਈਂ ਔਰਤਾਂ ਨੇ ਸਾਂਭ ਰੱਖੀ ਹੈ। ਇਸ ਤੋਂ ਇਲਾਵਾ ਕਈ ਜਿਲ੍ਹਿਆਂ ਦੀਆਂ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਅਤੇ ਹੋਰ ਅੜਚਨਾਂ ਡਾਹੁਣ ਰਾਹੀਂ ਕਣਕ ਦੀ ਖਰੀਦ ਠੱਪ ਕਰਨ ਵਿਰੁੱਧ ਮਜਬੂਰੀਵੱਸ ਲਾਏ ਗਏ ਸੜਕ ਜਾਮ ਧਰਨਿਆਂ ‘ਚ ਬੈਠੇ  ਹਜ਼ਾਰਾਂ ਕਿਸਾਨ ਨੌਜਵਾਨ,ਔਰਤਾਂ ਅਤੇ ਮਰਦ ਬਾਰਦਾਨੇ ਸਮੇਤ ਸਭ ਅੜਚਨਾਂ ਦੂਰ ਕਰਕੇ ਮਿਥੇ ਹੋਏ ਸਮਰਥਨ ਮੁੱਲ ‘ਤੇੇ ਸਾਰੀ ਕਣਕ ਦੀ ਖਰੀਦ ਅਤੇ ਅਦਾਇਗੀ ਤੁਰੰਤ ਕਰਨ ਦੀ ਮੰਗ ਕਰ ਰਹੇ ਹਨ।

Jeeo Punjab Bureau

Leave A Reply

Your email address will not be published.