ਕਿਸਾਨ ਅੰਦੋਲਨ: ਬਦਲਿਆਂ ਜ਼ਿੰਦਗੀ ਦਾ ਮਿਜ਼ਾਜ

41

ਜੀਓ ਪੰਜਾਬ ਬਿਊਰੋ

ਲੇਖਕ- ਸੰਜੀਵ ਸਿੰਘ ਸੈਣੀ

ਦਿਨੋਂ ਦਿਨ ਕਿਸਾਨ ਅੰਦੋਲਨ ਨੂੰ ਹੋਰ ਵੀ ਪ੍ਰਚੰਡ ਹੁੰਦਾ ਜਾ ਰਿਹਾ ਹੈ। ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ ਤਕਰੀਬਨ ਚਾਰ ਮਹੀਨੇ ਤੋਂ ਵੱਧ ਸਮਾਂ ਹੋ ਚੁੱਕਿਆ ਹੈ। ਹਰ ਧਰਮ-ਜਾਤ ਦੇ ਲੋਕ ਇਸ ਅੰਦੋਲਨ ਵਿੱਚ ਆਪ ਮੁਹਾਰੇ ਸਾਹਮਣੇ ਆ ਰਹੇ ਹਨ। ਪੰਜਾਬ ਵਿੱਚ ਪਹਿਲੇ ਦੋ ਮਹੀਨੇ ਰੇਲ ਚੱਕਾ ਜਾਮ ਰਿਹਾ।ਰਿਲਾਇੰਸ ਸਟੋਰ, ਪੈਟਰੋਲ ਪੰਪ ਤੇ ਵੀ ਧਰਨੇ ਦਿੱਤੇ ਗਏ। ਤਕਰੀਬਨ ਹਰ ਤਬਕੇ ਵੱਲੋਂ ਪੰਜਾਬ ਵਿੱਚ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਜਦੋਂ ਇਹ ਮਸਲਾ ਕਿਸੇ ਤਣ-ਪੱਤਣ ਨਹੀਂ ਲੱਗ ਸਕਿਆ ਤਾਂ ਕਿਸਾਨਾਂ ਨੇ ਨਵੰਬਰ ਮਹੀਨੇ ਦਿੱਲੀ ਵੱਲ ਕੂੱਚ ਕੀਤਾ।ਹਰਿਆਣਾ ਸਰਕਾਰ ਵੱਲੋਂ ਪਹਿਲੇ ਤਾਂ ਬਹੁਤ ਸਖਤੀ ਕੀਤੀ ਗਈ। ਪਾਣੀ ਦੀਆਂ ਬੁਛਾੜਾਂ ਦੀਆਂ ਪਰਵਾਹ ਕੀਤੇ ਬਿਨਾਂ ਹੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ। ਜਿਸ ਵਿੱਚ ਵੱਡੇ ਪੱਧਰ ਤੇ ਔਰਤਾਂ ,ਨੌਜਵਾਨਾਂ ,ਬਜ਼ੁਰਗਾਂ ,ਮਜ਼ਦੂਰ, ਲੇਖਕਾਂ, ਗੀਤਕਾਰ, ਨਾਟਕਕਾਰ ਆਦਿ ਵਰਗਾਂ ਨੇ ਸ਼ਮੂਲੀਅਤ ਕੀਤੀ। ਦੇਖਾ ਦੇਖੀ ਵਿੱਚ ਆਪਣੇ ਹੱਕਾਂ ਦੀ ਰਾਖੀ ਲਈ ਹੋਰ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਵੀ ਕੇਂਦਰ ਦੇ ਵਜ਼ੀਰ ਜਾਂਦੇ ਹਨ ,ਇਨ੍ਹਾਂ ਬਿੱਲਾਂ ਦੇ ਸੋਹਲੇ ਗਾਣ ਲੱਗ ਜਾਂਦੇ ਹਨ। ਜਮਹੂਰੀਅਤ ਵਿੱਚ ਕਿਸੇ ਵੀ ਕਾਨੂੰਨ ਤੇ ਦੁਬਾਰਾ ਵਿਚਾਰ ਕਰਨਾ ਸੰਭਵ ਹੈ।ਅਜਿਹੀ ਕੜਾਕੇ ਦੀ ਠੰਡ ਵਿੱਚ  350ਦੇ ਕਰੀਬ ਕਿਸਾਨਾਂ ਨੇ ਸ਼ਹੀਦੀ ਵੀ ਪਾਈ ਹੈ।ਹਰ ਵਰਗ ਦੇ ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ।ਇਕ ਹੀ ਜਗ੍ਹਾ ਬੈਠ ਕੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਇਕੱਠੇ ਖਾਣਾ ਬਣਾਇਆ ਤੇ ਖਾਧਾ ਜਾ ਰਿਹਾ ਹੈ।ਧਰਨੇ ਤੇ ਹੀ ਕਿਸਾਨਾਂ ਨੇ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ। ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦੀ ਸ਼ਹੀਦੀ ਨੂੰ ਵੀ ਯਾਦ ਕੀਤਾ ਗਿਆ। ਨਵਾਂ ਵਰ੍ਹਾ ਵੀ ਮਨਾਇਆ ਗਿਆ। ਲੋਹੜੀ ਦੇ ਤਿਉਹਾਰ ਤੇ ਭੁੱਗੇ ਦੇ ਰੂਪ ਵਿੱਚ ਤਿੰਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂਂ। ਪਗੜੀ ਸੰਭਾਲ ਜੱਟਾ ਦਿਵਸ ਮਨਾਇਆ ਗਿਆ। ਵਿਸਾਖੀ ਦਾ ਤਿਉਹਾਰ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਬਰੂਹਾਂ ਤੇ ਮਨਾਇਆ ਗਿਆ। ਡਾ. ਅੰਬੇਡਕਰ ਜਯੰਤੀ ਵੀ ਮਨਾਈ ਗਈ।ਕਿਸਾਨਾਂ ਨੇ  ਬਾਡਰਾਂ ਤੇ ਲਾਇਬ੍ਰੇਰੀ ਵੀ ਸਥਾਪਿਤ ਕਰ ਦਿੱਤੀ। ਜਥੇਬੰਦੀਆਂ ਵੱਲੋਂ ਟਰੈਲੀ ਟਾਈਮਜ਼ ਅਖ਼ਬਾਰ ਵੀ ਸ਼ੁਰੂ ਕਰ ਦਿੱਤਾ ਗਿਆ। ਵਰਜਿਸ਼ ਕਰਨ ਲਈ ਉੱਥੇ ਜਿੰਮ ਤੱਕ ਖੋਲ ਦਿੱਤੇ ਗਏ। ਸਵੇਰ ਸ਼ਾਮ ਨੌਜਵਾਨ ਮੁੰਡੇ ਕੁੜੀਆਂ ਬੈਡਮਿੰਟਨ ਤੇ ਕਬੱਡੀ ਖੇਡਦੇ ਹਨ।ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਖੇਤੀ ਮਾਰੂ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ।ਸਰਕਾਰ ਇਸ ਅੰਦੋਲਨ ਨੂੰ ਜਿੰਨਾ ਲੰਬਾ ਖਿੱਚੇਗੀ, ਇਹ ਹੋਰ ਪ੍ਰਚੰਡ ਹੁੰਦਾ ਜਾਵੇਗਾ ।ਇਸ ਦਾ ਸਰਕਾਰ ਨੂੰ ਹੀ ਨੁਕਸਾਨ ਹੋਵੇਗਾ।

Jeeo Punjab Bureau

Leave A Reply

Your email address will not be published.