ਇਕੱਲਤਾ ਖਾ ਰਹੀ ਹੈ ਸਮਾਜ ਨੂੰ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 19 ਅਪ੍ਰੈਲ

ਲੇਖਕ – ਪ੍ਰਭਜੋਤ ਕੌਰ ਢਿੱਲੋਂ

ਇਕੱਲਤਾ ਵਰਗਾ ਦਰਦ ਹੋਰ ਕੋਈ ਨਹੀਂ। ਸਿਆਣੇ ਕਹਿੰਦੇ ਨੇ ਇਕੱਲਾ ਤਾਂ ਰੁੱਖ ਵੀ ਨਾ ਹੋਵੇ।ਅੱਜ ਸੋਚਦੇ ਅਤੇ ਸਮਝਦੇ ਹਾਂ ਕਿ ਇਕੱਲਤਾ ਕਿਵੇਂ ਅਸਰ ਕਰਦੀ ਹੈ ਅਤੇ ਇਸਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਾਂ ਕਿਵੇਂ ਬਚਾਇਆ ਜਾ ਸਕਦਾ ਹੈ।ਹਕੀਕਤ ਹੈ ਇਕੱਲਤਾ ਬੇਹੱਦ ਡਰਾਉਣੀ ਹੁੰਦੀ ਹੈ।ਇਸ ਨਾਲ ਮਾਨਸਿਕ ਰੋਗੀ ਹੋਣ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।ਇਕੱਲਤਾ ਖੁਦਕੁਸ਼ੀਆਂ ਵੱਲ ਨੂੰ ਤੋਰ ਦਿੰਦੀ ਹੈ।ਇਸ ਵੇਲੇ ਬਜ਼ਰਗ ਅਤੇ ਛੋਟੇ ਬੱਚੇ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ।ਹਾਂ,ਵਿੱਚ ਵਾਲੀ ਪੀੜ੍ਹੀ ਵੀ ਇਸਦੇ ਅਸਰ ਹੇਠ ਹੈ ਪਰ ਉਹ ਵਧੇਰੇ  ਪੈਸੇ ਕਮਾਉਣ ਦੀ ਦੌੜ ਵਿੱਚ ਲੱਗੀ ਹੋਈ ਹੈ।ਪਹਿਲਾਂ ਸਾਂਝੇ ਪਰਿਵਾਰ ਸਨ ਤਾਂ ਇਕੱਲਤਾ ਦਾ ਪਤਾ ਹੀ ਨਹੀਂ ਸੀ।ਬਜ਼ੁਰਗਾਂ ਅਤੇ ਬੱਚਿਆਂ ਦੀ ਆਪਸੀ ਸਾਂਝ ਬਹੁਤ ਗੂੜੀ ਹੁੰਦੀ ਸੀ।ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਸੀ,”ਮੂਲ ਨਾਲੋਂ ਵਿਆਜ਼ ਪਿਆਰਾ”।ਸਮੇਂ ਨੇ ਕਰਵਟ ਲਈ ਤਾਂ ਬਹੁਤ ਕੁੱਝ ਬਦਲਾਅ ਗਿਆ ਅਤੇ ਸਾਂਝਾ ਕਮਜ਼ੋਰ ਹੋ ਗਈਆਂ।

ਇਸ ਵਕਤ ਨੌਜਵਾਨ ਪੀੜ੍ਹੀ ਨੇ ਇਕ ਨਵੀਂ ਸੋਚ ਬਣਾ ਲਈ ਹੈ,ਸਾਡੀ ਨਿੱਜੀ ਜ਼ਿੰਦਗੀ ਵਿੱਚ ਦਖਲ ਸਾਨੂੰ ਪਸੰਦ ਨਹੀਂ।ਹਰ ਲੜਕੀ ਦੀ ਪਹਿਲੀ ਕੋਸ਼ਿਸ਼ ਹੁੰਦੀ ਹੈ ਕਿ ਲੜਕੇ ਦੇ ਮਾਪਿਆਂ ਤੋਂ ਅਲੱਗ ਰਿਹਾ ਜਾਵੇ।ਹਾਂ,ਇੱਥੇ ਕੁੱਝ ਕੁ ਲੜਕੀਆਂ ਦੇ ਮਾਪਿਆਂ ਨੂੰ ਛੱਡਕੇ,ਵਧੇਰੇ ਮਾਪਿਆਂ ਦੀ ਵੀ ਇਹ ਹੀ ਕੋਸ਼ਿਸ਼ ਹੁੰਦੀ ਹੈ ਕਿ ਉਨ੍ਹਾਂ ਦੀ ਲੜਕੀ ਪਰਿਵਾਰ ਨਾਲੋਂ ਅਲੱਗ ਹੋ ਜਾਵੇ।ਲੜਕੇ ਦੇ ਮਾਪਿਆਂ ਨਾਲੋਂ ਲੜਕਾ ਨਾ ਚਾਹੁੰਦੇ ਹੋਏ ਵੀ ਅਲੱਗ ਰਹਿਣ ਲਈ ਤਿਆਰ ਹੋ ਜਾਂਦਾ ਹੈ।ਜਿਹੜੇ ਮਾਪੇ ਪੁੱਤ ਦਾ ਵਿਆਹ ਕਰਕੇ ਪਰਿਵਾਰ ਦੇ ਵੱਧਣ ਦੇ ਸੁਪਨੇ ਲੈਂਦੇ ਸੀ,ਉਹ ਇਕੱਲੇ ਰਹਿ ਜਾਂਦੇ ਹਨ।ਜੇਕਰ ਉਹ ਬੇਟੇ ਦੇ ਘਰ ਵੀ ਜਾਂਦੇ ਹਨ ਤਾਂ ਉਨ੍ਹਾਂ ਦਾ ਉੱਥੇ ਆਉਣਾ ਵੀ ਹਜ਼ਮ ਨਹੀਂ ਹੁੰਦਾ।ਕਈ ਵਾਰ ਮਾਪੇ ਬੜੇ ਚਾਅ ਨਾਲ ਜਾਂਦੇ ਹਨ ਪਰ ਜੋ ਉਨ੍ਹਾਂ ਨਾਲ ਵਾਪਰਦਾ ਹੈ,ਉਹ ਦੁਬਾਰਾ ਜਾਣ ਦੀ ਹਿੰਮਤ ਵੀ ਨਹੀਂ ਕਰਦੇ।ਲੜਕੀਆਂ ਨਾ ਸੁਹਰੇ ਪਰਿਵਾਰ ਵਿੱਚ ਆਪ ਆਉਂਦੀਆਂ ਹਨ ਅਤੇ ਨਾ ਲੜਕਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੂੰ ਮਿਲਣ ਜਾਣ ਦਿੰਦੀਆਂ ਹਨ।ਮਾਪੇ ਇਕੱਲਤਾ ਵਿੱਚ ਘਿਰ ਜਾਂਦੇ ਹਨ।ਇਕੱਲਤਾ ਦਾ ਅਸਰ ਮਾਨਸਿਕ ਅਤੇ ਸਰੀਰਕ ਤੌਰ ਤੇ ਵੇਖਿਆ ਜਾ ਸਕਦਾ ਹੈ।ਕਈ ਬਜ਼ੁਰਗ ਡਿਪਰੈਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ।ਮਾਪਿਆਂ ਨੂੰ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਦੇਣਾ ਚਾਹੀਦਾ ਹੈ।ਕਦੇ ਅਜ਼ਮਾ ਕੇ ਵੇਖਣਾ,ਮਾਪਿਆਂ ਕੋਲ ਬੈਠਣ ਨਾਲ ਥਕਾਵਟ ਅਤੇ ਟੈਨਸ਼ਨ ਘੱਟ ਜਾਂਦੀ ਹੈ।ਮਾਪੇ ਵੀ ਸਿਹਤਮੰਦ ਅਤੇ ਤੰਦਰੁਸਤ ਰਹਿੰਦੇ ਹਨ।

 ਇਸ ਵਕਤ ਬੱਚਿਆਂ ਨੂੰ ਵੀ ਇਕੱਲਤਾ ਨੇ ਚਿੜਚਿੜੇ ਅਤੇ ਕਮਜ਼ੋਰ ਕਰ ਦਿੱਤਾ ਹੈ।ਬੱਚਿਆਂ ਦੇ ਮੂੰਹ ਤੇ ਰੌਣਕ ਵਿਖਾਈ ਹੀ ਨਹੀਂ ਦਿੰਦੀ। ਬੁਝੇ ਹੋਏ ਅਤੇ ਉਦਾਸੇ ਚਿਹਰੇ ਨੇ।ਅਸਲ ਵਿੱਚ ਪਹਿਲਾਂ ਮਾਵਾਂ ਜੇਕਰ ਘਰਾਂ ਦਾ ਕੰਮ ਕਰਦੀਆਂ ਸਨ ਤਾਂ ਬੱਚੇ ਦਾਦੇ ਦਾਦੀਆਂ ਕੋਲ ਹੀ ਰਹਿੰਦੇ ਸਨ।ਘਰਾਂ ਵਿੱਚ ਬੱਚਿਆਂ ਨੂੰ ਕਦੇ ਵੀ ਇਕੱਲੇ ਨਹੀਂ ਛੱਡਿਆ ਜਾਂਦਾ ਸੀ ਜਾਂ ਇਵੇਂ ਦਾ ਮੌਕਾ ਹੀ ਨਹੀਂ ਸੀ ਹੁੰਦਾ।ਬੱਚੇ ਆਪਸ ਵਿੱਚ ਖੇਡਦੇ ਰਹਿੰਦੇ। ਖੁੱਲੇ ਵਿਹੜਿਆਂ ਵਿੱਚ ਖੇਡਦੇ।ਗਰਮੀਆਂ ਵਿੱਚ ਸਾਰੇ ਵਿਹੜੇ ਵਿੱਚ ਸੌਂਦੇ ਅਤੇ ਸਰਦੀਆਂ ਵਿੱਚ ਵੱਡੇ ਕਮਰੇ,ਜਿਸਨੂੰ ਦਲਾਨ ਕਿਹਾ ਜਾਂਦਾ ਸੀ ਸੌਂਦੇ।ਉੱਥੇ ਬਾਤਾਂ,ਕਹਾਣੀਆਂ ਅਤੇ ਬੁਝਾਰਤਾਂ ਆਦਿ ਦਾ ਦੌਰ ਚੱਲਦਾ।ਖੁੱਲੇ ਮਾਹੌਲ ਅਤੇ ਖੁੱਲੇ ਸੁਭਾਅ ਸਨ।ਮੇਰ _ਤੇਰ ਵਾਲੀ ਗੱਲ ਨਹੀਂ ਸੀ।ਪਹਿਲੀ ਗੱਲ ਤਾਂ ਤੌਲੀਆ ਹੁੰਦਾ ਹੀ ਨਹੀਂ ਸੀ।ਜੇਕਰ ਕਿਸੇ ਦੇ ਹੁੰਦਾ ਤਾਂ ਸਾਰਾ ਟੱਬਰ ਉਹ ਹੀ ਵਰਤਦਾ।ਕੋਈ ਬਿਮਾਰ ਨਹੀਂ ਸੀ ਹੁੰਦਾ। ਅਸਲ ਵਿੱਚ ਬੀਮਾਰੀ ਤੌਲੀਏ ਜਾਂ ਇਵੇਂ ਨਹੀਂ ਹੁੰਦੀ,ਖੁਰਾਕ ਤੇ ਬਹੁਤ ਕੁੱਝ ਨਿਰਭਰ ਕਰਦਾ ਹੈ।ਦੇਸੀ ਘਿਉ ਵਿੱਚ ਚੂਰੀ ਕੁੱਟ ਕੇ ਬੱਚਿਆਂ ਨੂੰ ਦੇਣੀ।ਦੁੱਧ ਦਹੀਂ ਬਜ਼ੁਰਗਾਂ ਨੇ ਬੱਚਿਆਂ ਨੂੰ ਆਪਣੇ ਹੱਥੀਂ ਪਿਆਉਣਾ।ਦਗ ਦਗ ਕਰਦੇ ਬੱਚਿਆਂ ਦੇ ਚਿਹਰੇ ਹੋਣੇ।ਪਰ ਹੁਣ ਬੱਚੇ ਉੱਠਦੇ ਹਨ ਤਾਂ ਕਈ ਮਾਪੇ ਤਾਂ ਦਫਤਰਾਂ ਨੂੰ ਜਾ ਚੁੱਕੇ ਹੁੰਦੇ ਹਨ।ਨੌਕਰਾਂ ਨੇ ਜਿਵੇਂ ਦਾ ਖਾਣ ਨੂੰ ਦਿੱਤਾ,ਬੱਚਿਆਂ ਨੇ ਖਾ ਲਿਆ।ਜੇਕਰ ਨਹੀਂ ਖਾਧਾ ਤਾਂ ਨੌਕਰਾਂ ਨੂੰ ਕੋਈ ਫਰਕ ਨਹੀਂ ਪੈਂਦਾ।ਬੱਚਿਆਂ ਨੂੰ ਕੋਈ ਵੀ ਉਵੇਂ ਦਾ ਪਿਆਰ ਨਹੀਂ ਕਰ ਸਕਦਾ ਅਤੇ ਉਵੇਂ ਨਹੀਂ ਸੰਭਾਲ ਸਕਦਾ ਜਿਵੇਂ ਦਾਦਾ ਦਾਦੀ ਸੰਭਾਲਦੇ ਹਨ।ਬੱਚਿਆ ਇਕੱਲੇ ਮੋਬਾਈਲ ਤੇ ਜਾਂ ਟੀ ਵੀ ਤੇ ਜੋ ਚੰਗਾ ਮਾੜਾ ਵੇਖਣ ਨੂੰ ਮਿਲਦਾ ਹੈ ਵੇਖਦੇ ਹਨ।

ਬੱਚੇ ਵੀ ਇਕੱਲੇ ਰਹਿਕੇ ਬੀਮਾਰ ਹੋ ਰਹੇ ਹਨ ਅਤੇ ਬਜ਼ੁਰਗ ਵੀ।ਹਾਂ,ਜੇਕਰ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਉਹ ਵੀ ਮਾਨਸਿਕ ਦਬਾਅ ਹੇਠਾਂ ਹੈ।ਬਜ਼ੁਰਗ ਮਾਪਿਆਂ ਨੂੰ ਨਾਲ ਰੱਖਣ ਲਈ ਤਿਆਰ ਨਹੀਂ ਹਨ ਪਰ ਸਕੂਨ ਤਾਂ ਫਿਰ ਵੀ ਨਹੀਂ ਹੈ।ਇਸ ਆਧੁਨਿਕਤਾ ਨੇ ਅਤੇ ਨਿੱਜੀ ਜ਼ਿੰਦਗੀ ਦੇ ਚੱਕਰ ਵਿੱਚ ਸਮਾਜ ਮਾਨਸਿਕ ਰੋਗੀ ਹੋ ਰਿਹਾ ਹੈ।ਇਕੱਲਤਾ ਨੇ ਜਿੱਥੇ ਬਿਮਾਰੀਆਂ ਸਹੇੜੀਆਂ

 ਹਨ ਉੱਥੇ  ਪਰਿਵਾਰਾਂ ਦਾ ਟੁੱਟਣਾ ਵੀ ਤੇਜ਼ੀ ਨਾਲ ਵਧ ਰਿਹਾ ਹੈ।ਖੁਦਕੁਸ਼ੀਆਂ ਵੀ ਇਸ ਇਕੱਲਤਾ ਦੀ ਦੇਣ ਹੀ ਹੈ।ਸਹਿਣਸ਼ੀਲਤਾ ਤਾਂ ਹੀ ਆਉਂਦੀ ਹੈ ਜੇਕਰ ਪਰਿਵਾਰਾਂ ਵਿੱਚ ਰਹਿਕੇ ਹਰ ਕਿਸੇ ਨਾਲ ਰਹਿਣ ਦੀ ਅਤੇ ਗੱਲ ਬਰਦਾਸ਼ਤ ਕਰਨ ਜਾਂ ਸੁਣਨ ਦੀ ਆਦਤ ਹੋਵੇ।

ਸਮਾਜ ਅਤੇ ਪਰਿਵਾਰਾਂ ਨੂੰ ਇਸ ਮਾਹੌਲ ਵਿੱਚੋਂ ਕੱਢਣਾ ਅਤੇ ਨਿਕਲਣਾ ਬਹੁਤ ਜ਼ਰੂਰੀ ਹੈ।ਮਾਪਿਆਂ ਨੂੰ ਧੀਆਂ ਨੂੰ ਵਿਆਹ ਤੋਂ ਬਾਅਦ ਕਦੇ ਵੀ ਸੁਹਰੇ ਪਰਿਵਾਰ ਨਾਲੋਂ ਅਲੱਗ ਰਹਿਣ ਦੀ ਹਾਮੀ ਨਹੀਂ ਭਰਨੀ ਚਾਹੀਦੀ।ਮਾਪਿਆਂ ਨੂੰ ਧੀਆਂ ਦੇ ਘਰਾਂ ਵਿੱਚ ਦਖਲਅੰਦਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਲੜਕੇ ਦੇ ਮਾਪੇ ਵੀ ਅਕਲ ਵਾਲੇ ਹੁੰਦੇ ਹਨ।ਅੱਜ ਲੜਕਿਆਂ ਦੇ ਮਾਪੇ ਜੇਕਰ ਇਕੱਲੇ ਹਨ ਜਾਂ ਬਿਰਧ ਆਸ਼ਰਮਾਂ ਵਿੱਚ ਹਨ ਤਾਂ ਸਮਾਜ ਨੂੰ ਇਸ ਬਾਰੇ ਚਿੰਤਤ ਵੀ ਹੋਣਾ ਚਾਹੀਦਾ ਹੈ ਅਤੇ ਇਸਨੂੰ ਰੋਕਣਾ ਵੀ ਚਾਹੀਦਾ ਹੈ।ਸਮਾਜ ਦਾ ਇਵੇਂ ਮਾਨਸਿਕ ਦਬਾਅ ਹੇਠਾਂ ਰਹਿਣਾ ਅਤੇ ਇਕੱਲਤਾ ਭੋਗਣਾ,ਸਮਾਜ ਨੂੰ ਮਾਨਸਿਕ ਰੋਗੀ ਬਣਾ ਰਿਹਾ ਹੈ।ਇਕੱਲਤਾ ਸਮਾਜ ਨੂੰ ਬਹੁਤ ਤੇਜ਼ੀ ਨਾਲ ਖਾ ਰਹੀ ਹੈ,ਇਸ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਹੈ।     

Jeeo Punjab Bureau

Leave A Reply

Your email address will not be published.