ਸੰਘਰਸ਼ ਕਰ ਰਹੇ ਕਿਸਾਨਾਂ ਨੇ Modi Govt. ਨੂੰ ਦਿੱਤੀ ਚਿਤਾਵਨੀ

49

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 17 ਅਪ੍ਰੈਲ

ਕੋਰੋਨਾ ਦੀ ਆੜ ਹੇਠ ਕਿਸਾਨ ਸੰਘਰਸ਼ ‘ਤੇ ਪਾਬੰਦੀਆਂ ਮੜ੍ਹਨ ਦੀਆਂ ਵਿਉਂਤਾਂ ਘੜ ਰਹੀ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਕਿਹਾ ਹੈ ਉਹ ਕਿਸਾਨ ਸੰਘਰਸ਼ ਤੋਂ ਆਪਣੇ ਨਾਪਾਕ ਤੇ ਜਾਬਰ ਹੱਥ ਪਾਸੇ ਰੱਖੇ। ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਦ੍ਰਿੜ੍ਹ ਹਨ ਤੇ ਇਹ ਸੰਘਰਸ਼ ਕਿਸੇ ਵੀ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਡੱਕਿਆ ਨਹੀਂ ਜਾ ਸਕਦਾ।

ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਮੋਦੀ ਸਰਕਾਰ ਇੱਕ ਪਾਸੇ ਦੇਸ਼ ਅੰਦਰ ਮੁੜ ਲੌਕਡਾਊਨ ਵਰਗੇ ਹਾਲਾਤ ਪੈਦਾ ਕਰ ਰਹੀ ਹੈ ਜਦਕਿ ਦੂਜੇ ਪਾਸੇ ਬੰਗਾਲ ਤੇ ਹੋਰਨਾਂ ਸੂਬਿਆਂ ਦੀਆਂ ਚੋਣਾਂ ਅੰਦਰ ਆਪ ਵੱਡੀਆਂ ਰੈਲੀਆਂ ਕਰ ਰਹੀ ਹੈ।

ਆਪਣੇ ਖੇਤੀ ਕਿੱਤੇ ਦੀ ਰਾਖੀ ਲਈ ਦਿੱਲੀ ਦੇ ਬਾਰਡਰ ‘ਤੇ ਡਟੇ ਹੋਏ ਕਿਸਾਨਾਂ ਨੂੰ ਕੋਰੋਨਾ ਖ਼ਤਰੇ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ। ਮੀਡੀਆ ਦੀਆਂ ਖਬਰਾਂ ਰਾਹੀਂ ਅਪਰੇਸ਼ਨ ਕਲੀਨ ਵਰਗੀ ਚਰਚਾ ਚਲਾ ਕੇ ਕਿਸਾਨਾਂ ਨੂੰ ਦਹਿਸ਼ਤਜ਼ਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਰਕਾਰ ਨੇ ਇਸ ਮਹਾਂਮਾਰੀ ਨੂੰ ਵੀ ਆਪਣੇ ਲੁਟੇਰੇ ਮਨਸੂਬਿਆਂ ਦਾ ਹੱਥਾ ਬਣਾ ਲਿਆ ਹੈ ।

ਅਜਿਹੀਆਂ ਕੋਈ ਵੀ ਰਿਪੋਰਟਾਂ ਕਿਸਾਨਾਂ ਨੂੰ ਸੰਘਰਸ਼ ਦੇ ਰਸਤੇ ਤੋਂ ਥਿੜਕਾ ਨਹੀਂ ਸਕਦੀਆਂ। ਇਨ੍ਹਾਂ ਮਨਸ਼ਿਆਂ ਦਾ ਜਵਾਬ ਦੇਣ ਲਈ 21 ਅਪ੍ਰੈਲ ਨੂੰ  ਕਿਸਾਨਾਂ ਦਾ ਵੱਡਾ ਕਾਫਲਾ ਪੰਜਾਬ ਤੋਂ ਦਿੱਲੀ ਵੱਲ ਕੂਚ ਕਰੇਗਾ। ਆਗੂਆਂ ਨੇ ਕਿਹਾ ਕਿ  ਸੰਘਰਸ਼ ਵਿੱਚ ਸ਼ਾਮਲ ਕਿਸਾਨ ਆਪਣੀ ਸਿਹਤ ਲਈ ਵੀ ਜਾਗਰੂਕ ਹਨ। ਲੋਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਜਾ ਰਿਹਾ ਹੈ  ਪਰ ਕੋਰੋਨਾ ਬਿਮਾਰੀ ਕਿਸਾਨਾਂ ਲਈ ਖੇਤੀ ਕਿੱਤੇ ਦੀ ਤਬਾਹੀ ਤੋਂ ਉਪਰ ਨਹੀਂ ਹੈ। ਕਿਸਾਨ ਆਪਣੇ ਜੂਨ ਗੁਜ਼ਾਰੇ ਦੀ ਰਾਖੀ ਲਈ ਸੰਘਰਸ਼ ਕਰਨ ਦਾ ਜਮਹੂਰੀ ਹੱਕ ਪੁਗਾ ਪੁਗਾ ਰਹੇ ਹਨ ਤੇ ਇਸ ਹੱਕ ਨੂੰ ਕਿਸੇ ਬਹਾਨੇ ਵੀ ਖੋਹਣ ਨਹੀਂ ਦਿੱਤਾ ਜਾਵੇਗਾ। ਉਹਨਾਂ ਸਭਨਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਦਿੱਲੀ ਮੋਰਚੇ ਨੂੰ ਮਜ਼ਬੂਤ ਕਰਨ ਲਈ 21 ਅਪ੍ਰੈਲ ਨੂੰ ਦਿੱਲੀ ਵੱਲ ਕੂਚ ਕਰਨ।

Jeeo Punjab Bureau

Leave A Reply

Your email address will not be published.