Rakesh Tikait ਨੂੰ ਮਿਲ ਰਹੀਆਂ ਹਨ ਜਾਨ ਤੋਂ ਮਾਰਨ ਦੀਆਂ ਧਮਕੀਆਂ

ਜੀਓ ਪੰਜਾਬ ਬਿਊਰੋ

ਨਵੀਂ ਦਿੱਲੀ, 14 ਅਪ੍ਰੈਲ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਬਾਰੇ ਤਿੰਨ ਕਾਨੂੰਨਾਂ ਵਿਰੋਧ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਿਕੈਤ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੂੰ ਇੱਕ ਨੌਜਵਾਨ ਨੇ ਫੋਨ ’ਤੇ ਧਮਕੀ ਦਿੱਤੀ ਹੈ। ਉਹ ਵੱਟਸਐਪ ‘ਤੇ ਮੈਸੇਜ਼ ਭੇਜ ਕੇ ਪ੍ਰੇਸ਼ਾਨ ਕਰ ਰਿਹਾ ਹੈ। ਇਸ ਬਾਰੇ ਭਾਕਿਯੂ ਦੇ ਇੱਕ ਮੈਂਬਰ ਨੇ ਕੌਸ਼ਾਂਬੀ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ ਹੈ।

ਪੁਲਿਸ ਨੇ ਰਿਪੋਰਟ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਨੀ ਵਾਸੀ ਵਿਪਨ ਕੁਮਾਰ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਹਨ। ਉਨ੍ਹਾਂ ਨੇ ਸ਼ਿਕਾਇਤ ’ਚ ਪੁਲਿਸ ਨੂੰ ਦੱਸਿਆ ਕਿ ਲਗਪਗ ਇੱਕ ਮਹੀਨੇ ਤੋਂ ਭਾਕਿਯੂ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਇੱਕ ਮੋਬਾਈਲ ਨੰਬਰ ਤੋਂ ਫੋਨ ਆ ਰਿਹਾ ਹੈ।

ਕਾਲ ਕਰਨ ਵਾਲਾ ਦੁਰਵਿਵਹਾਰ ਕਰ ਰਿਹਾ ਹੈ। ਵਿਰੋਧ ਕਰਨ ‘ਤੇ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਇਸ ਦੇ ਨਾਲ ਹੀ ਵੱਟਸਐਪ ‘ਤੇ ਵੀ ਮੈਸੇਜ਼ ਭੇਜ ਕੇ ਤੰਗ-ਪ੍ਰੇਸ਼ਾਨ ਕਰ ਰਿਹਾ ਹੈ। ਲੰਬੇ ਸਮੇਂ ਤੋਂ ਭਾਕਿਯੂ ਦੇ ਬੁਲਾਰੇ ਰਾਕੇਸ਼ ਟਿਕੈਤ ਉਸ ਨੂੰ ਸਮਝਾ ਰਹੇ ਹਨ ਤੇ ਨਜ਼ਰਅੰਦਾਜ਼ ਵੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਲਗਾਤਾਰ ਫੋਨ ਕਰਕੇ ਗਾਲਾਂ ਤੇ ਧਮਕੀਆਂ ਦੇ ਰਿਹਾ ਹੈ।

ਇਸ ਤੋਂ ਬਾਅਦ ਉਸ ਨੇ ਮੋਬਾਈਲ ਨੰਬਰ ਤੇ ਮੈਸੇਜ਼ ਦੀਆਂ ਤਸਵੀਰਾਂ ਲਈਆਂ ਤੇ ਉਸ ਵਿਰੁੱਧ ਕੌਸਾਂਬੀ ਥਾਣੇ ’ਚ ਸ਼ਿਕਾਇਤ ਦਿੱਤੀ ਹੈ। ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਹੁਣ ਤਕ ਦੀ ਜਾਂਚ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦੇ ਮੋਬਾਈਲ ਦੀ ਲੋਕੇਸ਼ਨ ਆਗਰਾ ਡਿਵੀਜ਼ਨ ਦੇ ਫਿਰੋਜ਼ਾਬਾਦ ਦੀ ਹੈ।

ਏਬੀਪੀ ਦੀ ਖ਼ਬਰ ਮੁਤਾਬਕ ਪੁਲਿਸ ਦੀ ਟੀਮ ਨੰਬਰ ਦੀ ਡਿਟੇਲ ਕੱਢਵਾ ਰਹੀ ਹੈ। ਐਸਪੀ ਸਿਟੀ-2 ਗਿਆਨੇਂਦਰ ਸਿੰਘ ਨੇ ਦੱਸਿਆ ਕਿ ਪੀੜ੍ਹਤ ਦੀ ਸ਼ਿਕਾਇਤ ’ਤੇ ਆਈਟੀ ਐਕਟ ਤੇ ਧਮਕਾਉਣ ਦੇ ਮਾਮਲੇ ’ਚ ਰਿਪੋਰਟ ਦਰਜ ਕੀਤੀ ਗਈ ਹੈ। ਪੁਲਿਸ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਮੁਲਜ਼ਮ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।

Jeeo Punjab Bureau

Leave A Reply

Your email address will not be published.