8 ਮਜ਼ਦੂਰ ਜਥੇਬੰਦੀਆਂ ਖੱਟਰ ਸਰਕਾਰ ਦੇ ਸਰਕਾਰੀ ਸਮਾਗਮਾਂ ਦਾ ਕਰਨਗੀਆਂ ਬਾਈਕਾਟ

ਜੀਓ ਪੰਜਾਬ ਬਿਊਰੋ

ਚੰਡੀਗੜ, 12 ਅਪ੍ਰੈਲ

ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ 14 ਅਪ੍ਰੈਲ ਨੂੰ ਸੂਬੇ ਭਰ ‘ਚ ਅਬੰਡੇਕਰ ਜੈਅੰਤੀ ਮਨਾਉਣ ਦੇ ਨਾਂ ਹੇਠ ਕਿਸਾਨਾਂ ਤੇ ਮਜ਼ਦੂਰਾਂ/ਦਲਿਤਾਂ ‘ਚ ਟਕਰਾਅ ਕਰਾਉਣ ਰਾਹੀਂ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਢਾਹ ਲਾਉਣ ਵਾਲੇ ਪੈਂਤੜੇ ਦੀ ਨਿਖੇਧੀ ਕਰਦਿਆਂ ਪੰਜਾਬ ਦੀਆਂ ਅੱਠ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਮੂਹ ਮਜ਼ਦੂਰਾਂ ਤੇ ਦਲਿਤ ਭਾਈਚਾਰੇ ਨੂੰ ਭਾਜਪਾਈ ਹਾਕਮਾਂ ਦੇ ਖੋਟੇ ਮਨਸੂਬਿਆਂ ਨੂੰ ਪਛਾੜਨ ਲਈ ਇਹਨਾਂ ਸਰਕਾਰੀ ਸਮਾਗਮਾਂ ਦੇ ਬਾਈਕਾਟ ਦੀ ਅਪੀਲ ਕੀਤੀ ਹੈ।

ਅੱਠ ਮਜ਼ਦੂਰ ਜਥੇਬੰਦੀਆਂ ‘ਤੇ ਅਧਾਰਿਤ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਤਰਫੋਂ ਬਿਆਨ ਜਾਰੀ ਕਰਦਿਆਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਹ ਅਪੀਲ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਬਬਲੀ ਬੁਢਲਾਡਾ, ਕੁੱਲ ਹਿੰਦ ਖੇਤ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਨੂਰਪੁਰੀ, ਖੇਤ ਮਜ਼ਦੂਰ ਸਭਾ ਪੰਜਾਬ ਦੇ ਜਨਰਲ ਸਕੱਤਰ ਗੁਲਜ਼ਾਰ ਗੌਰੀਆ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਹਰਵਿੰਦਰ ਸਿੰਘ ਸੇਮਾ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ  ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਹੈ।

ਮਜ਼ਦੂਰ ਆਗੂਆਂ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਅਤੇ ਮਨੋਹਰ ਲਾਲ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਦੀ ਭਾਜਪਾ ਸਰਕਾਰ ਡਾਕਟਰ ਭੀਮ ਰਾਓ ਅੰਬੇਡਕਰ ਪ੍ਰਤੀ ਨਕਲੀ ਹੇਜ ਵਿਖਾ ਰਹੀ ਹੈ ਜਦੋਂ ਕਿ ਉਹ ਆਪਣੀ ਵਿਚਾਰਧਾਰਾ ਤੇ ਅਮਲਾਂ ਪੱਖੋਂ ਡਾਕਟਰ ਭੀਮ ਰਾਓ ਅੰਬੇਡਕਰ ਅਤੇ ਦਲਿਤ ਸਮਾਜ ਦੀ ਕੱਟੜ ਦੁਸ਼ਮਣ ਹੈ । ਉਹਨਾਂ ਕਿਹਾ ਕਿ ਸੰਨ 2014 ਤੋਂ ਇਸਦੇ ਕੇਂਦਰੀ ਸਤਾ ‘ਚ ਆਉਣ ਤੋਂ ਬਾਅਦ ਦਲਿਤਾਂ ਉਤੇ ਜਾਤਪਾਤੀ ਹਿੰਸਾ ‘ਚ ਤਿੱਖਾ ਵਾਧਾ ਹੋਇਆ ਜਿਸਦੀ ਪੁਸ਼ਟੀ ਨੈਸ਼ਨਲ ਕਰਾਇਮ ਬਿਊਰੋ ਵੱਲੋਂ ਕਰਦਿਆਂ 2015 ਦੇ ਮੁਕਾਬਲੇ 2019 ‘ਚ ਦਲਿਤਾਂ ‘ਤੇ ਜ਼ਬਰ ਦੀਆਂ ਘਟਨਾਵਾਂ ‘ਚ 19 ਫੀਸਦੀ ਵਾਧਾ ਦਰਜ਼ ਕੀਤਾ  ਗਿਆ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਮਜ਼ਦੂਰ, ਕਿਸਾਨ ਤੇ ਦੇਸ਼ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਕਿਸਾਨਾਂ ਤੇ ਲੋਕਾਂ ਵਿੱਚ ਭਾਰੀ ਰੋਹ ਕਾਰਨ ਖੱਟਰ ਸਰਕਾਰ  ਜਨਤਕ ਸਮਾਗਮ ਕਰਨ ਲਈ ਤਰਸ ਰਹੀ ਹੈ ਅਤੇ ਹੁਣ ਅੰਬੇਡਕਰ ਜੈਅੰਤੀ ਦੇ ਬਹਾਨੇ ਉਹ ਇੱਕ ਤੀਰ ਨਾਲ ਕਈ ਸ਼ਿਕਾਰ ਕਰਨਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਖੱਟਰ ਸਰਕਾਰ  ਅੰਬੇਡਕਰ ਜੈਅੰਤੀ ਦੇ ਨਾਂ ਹੇਠ ਇੱਕ ਹੱਥ ਦਲਿਤ ਭਾਈਚਾਰੇ ਨੂੰ ਪਤਿਆਉਣਾ ਚਾਹੁੰਦੀ ਹੈ ਅਤੇ ਦੂਜੇ ਹੱਥ ਭਾਜਪਾ ਸਰਕਾਰ ਦਾ ਹੱਕੀ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਦਲਿਤ ਤੇ ਅੰਬੇਡਕਰ ਵਿਰੋਧੀ ਗਰਦਾਨਕੇ ਮਜ਼ਦੂਰਾਂ ਕਿਸਾਨਾਂ ‘ਚ ਟਕਰਾਅ ਪੈਦਾ ਕਰਨ ਰਾਹੀਂ ਮਜ਼ਦੂਰਾਂ ਕਿਸਾਨਾਂ ‘ਚ ਵੰਡੀਆਂ ਪਾਉਣਾ ਚਾਹੁੰਦੀ ਹੈ। ਉਹਨਾਂ ਆਖਿਆ ਕਿ ਖੱਟਰ ਸਰਕਾਰ ਇਹਨਾਂ ਸਮਾਗਮਾਂ ਦੇ ਬਹਾਨੇ ਆਪਣੀ ਖੁੱਸੀ ਹੋਈ ਸ਼ਾਖ਼ ਬਹਾਲ ਕਰਨਾ ਲੋਚਦੀ ਹੈ ਜਿਸਨੂੰ ਦਲਿਤ ਭਾਈਚਾਰਾ ਸਫ਼ਲ ਨਹੀਂ ਹੋਣ ਦੇਵੇਗਾ। ਮਜ਼ਦੂਰ ਆਗੂਆਂ ਨੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਦੀ ਮੋਦੀ ਤੇ ਖੱਟਰ ਸਰਕਾਰ ਵਲੋਂ ਦਲਿਤ ਭਾਈਚਾਰੇ  ਉੱਤੇ ਢਾਹੇ ਜਾ ਰਹੇ ਜ਼ੁਲਮਾਂ ਨੂੰ ਚੇਤੇ ਰੱਖਣ । ਉਹਨਾਂ ਆਖਿਆ ਕਿ ਇਹ ਉਹੋ ਭਾਜਪਾ ਸਰਕਾਰ ਹੈ ਜਿਸਨੇ ਭੀਮਾਕੋਰੋਗਾਓ ਵਿਖੇ ਆਪਣੇ ਦਲਿਤ ਸੂਰਬੀਰਾਂ ਦੀ ਵਰੇਗੰਢ ਮਨਾਉਂਦੇ ਦਲਿਤਾਂ ਅਤੇ ਜਮਹੂਰੀ ਲੋਕਾਂ ਉੱਤੇ ਹਮਲੇ ਕਰਵਾਕੇ ਦਲਿਤ ਵਿਦਵਾਨ ਅਤੇ ਡਾਕਟਰ ਅੰਬੇਡਕਰ ਦੇ ਰਿਸ਼ਤੇਦਾਰ ਪ੍ਰੋਫੈਸਰ ਅਨੰਦ ਤੇਲਤੂੰਬੜੇ ਤੋਂ ਇਲਾਵਾ ਅਨੇਕਾਂ ਲੋਕ ਪੱਖੀ ਲੇਖਕਾਂ ਤੇ ਵਿਦਵਾਨਾਂ ਨੂੰ ਸਲਾਖਾਂ ਪਿੱਛੇ ਡੱਕ ਰੱਖਿਆ ਹੈ। ਉਹਨਾਂ ਕਿਹਾ ਕਿ ਹਾਥਰਸ ‘ਚ ਦਲਿਤ ਲੜਕੀ ਦੀ ਜੀਭ ਕੱਟਣ ਅਤੇ ਸਮੂਹਿਕ ਬਲਾਤਕਾਰ ਕਰਕੇ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਬਚਾਉਣ ਲਈ ਸਮੁੱਚੇ ਪਿੰਡ ਨੂੰ ਪੁਲਿਸ ਛਾਉਣੀ ‘ਚ ਬਦਲਕੇ ਮਿ੍ਤਕ ਲੜਕੀ ਦਾ ਅੱਧੀ ਰਾਤ ਸਸਕਾਰ ਕਰਨ ਵਰਗੀਆਂ ਅਣਮਨੁੱਖੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਭਾਜਪਾ ਹਕੂਮਤ ਭਲਾਂ ਦਲਿਤ ਹਿਤੈਸ਼ੀ ਕਿਵੇਂ ਹੋ ਸਕਦੀ ਹੈ? ਉਹਨਾਂ ਆਸ ਪ੍ਰਗਟਾਈ ਕਿ ਸਮੂਹ ਦਲਿਤ ਭਾਈਚਾਰਾ ਆਰ ਐਸ ਐਸ ਤੇ ਭਾਜਪਾ  ਦੀ ਹਕੂਮਤ ਦੇ ਝਾਂਸੇ ‘ਚ ਨਹੀਂ ਆਵੇਗਾ ਅਤੇ ਇਸਦੇ ਕਿਸਾਨਾਂ ਮਜ਼ਦੂਰਾਂ ਤੇ ਵੰਡੀਆਂ ਪਾਉਣ ਦੇ ਮਨਸੂਬਿਆਂ ਨੂੰ ਸਫ਼ਲ ਨਹੀਂ ਹੋਣ ਦੇਵੇਗਾ। ਉਹਨਾਂ ਮਜ਼ਦੂਰ ਤੇ ਦਲਿਤ ਭਾਈਚਾਰੇ ਨੂੰ ਸੱਦਾ ਕਿ ਉਹ ਖੇਤੀ ਕਾਨੂੰਨਾਂ ਦੇ ਮਜ਼ਦੂਰਾਂ ਉਤੇ ਪੈਣ ਵਾਲੇ ਮਾਰੂ ਅਸਰਾਂ ਅਤੇ ਭਾਜਪਾ ਦੇ ਦਲਿਤ ਤੇ ਲੋਕ ਵਿਰੋਧੀ ਕਿਰਦਾਰ ਨੂੰ ਸਮਝਦੇ ਹੋਏ ਖੱਟਰ ਸਰਕਾਰ ਦੇ ਸਰਕਾਰੀ ਸਮਾਗਮਾਂ ਦੇ ਬਾਈਕਾਟ ਤੇ ਵਿਰੋਧ ਲਈ ਅੱਗੇ ਆਉਣ।

Jeeo Punjab Bureau

Leave A Reply

Your email address will not be published.