Modi Govt. ਵੱਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਆਉਣ ਲੱਗਾ ਸੱਚ ਸਾਹਮਣੇ

ਜੀਓ ਪੰਜਾਬ ਬਿਊਰੋ

ਨਵੀ ਦਿੱਲੀ,9 ਅਪ੍ਰੈਲ

ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਝੂਠੇ ਦਾਅਵਿਆਂ ਦਾ ਸੱਚ ਸਾਹਮਣੇ ਆ ਰਿਹਾ ਹੈ ਕਿਉਂਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਕੀਤੇ ਜਾ ਰਹੇ ਪ੍ਰਚਾਰ ਦੇ ਉਲਟ ਖਾਦਾਂ ਤੇ ਬੀਜਾਂ ਦੇ ਰੇਟ ਵਧਣ ਨਾਲ ਅੱਜ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਮੁਨਾਫੇ ਦੁੱਗਣੇ ਚੌਗੁਣੇ ਵਧ ਰਹੇ ਹਨ। ਡੀਏਪੀ ਖਾਦ ਦੀ ਕੀਮਤ 1200 ਤੋਂ ਵਧ ਕੇ ਲਗਪਗ 2000 ਦੇ ਕਰੀਬ ਹੋ ਗਈ ਹੈ। ਨਰਮੇ ਦੇ ਬੀ ਟੀ ਬੀਜਾ ਦੇ ਰੇਟ ਵਿੱਚ ਚੁੱਪ ਚੁਪੀਤੇ ਵਾਧਾ ਕਰ ਦਿੱਤਾ ਹੈ  । ਡੀਜ਼ਲ ਪੈਟਰੋਲ ਦੀਆਂ ਕੀਮਤਾਂ ਹਰ ਰੋਜ਼ ਹੀ ਵਧ ਰਹੀਆਂ ਹਨ। ਜਿਸ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋਣ ਦੀ ਬਜਾਏ ਖਰਚੇ ਦੁੱਗਣੇ ਜਰੂਰ ਹੋ ਗਏ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ  ਟਿਕਰੀ ਬਾਰਡਰ ਤੇ ਪਕੌੜਾ ਚੌਂਕ ਨੇੜੇ ਚਲਦੀ ਗਦਰੀ ਗੁਲਾਬ ਕੌਰ ਨਗਰ ਸਟੇਜ ਤੋਂ ਕੀਤਾ।

ਔਰਤ ਜੱਥੇਬੰਦੀ ਦੀ ਆਗੂ  ਪਰਮਜੀਤ ਕੌਰ ਕੋਟੜਾ ਨੇ ਕਿਹਾ ਕਿ 1967 ਵਿੱਚ ਸਰਕਾਰਾਂ ਨੇ ਸਾਡੀ ਕੁਦਰਤੀ ਖੇਤੀ ਭੰਗ ਕਰਕੇ ਨਵੇਂ ਹਰੇ ਇਨਕਲਾਬ ਦੇ ਨਾਂ ਹੇਠ ਲਿਆਂਦੀਆਂ ਰਸਾਇਣਕ ਕੀੜੇਮਾਰ ਦਵਾਈਆਂ , ਬੀਜਾਂ, ਖਾਦਾਂ ਅਤੇ ਮਸ਼ੀਨਰੀ ਨੇ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੀਆਂ ਪੰਡਾਂ ਲੱਦ ਦਿੱਤੀਆਂ ਹਨ ,ਕਰਜ਼ੇ ਤੇ ਆਰਥਕ ਤੰਗੀਆਂ ਕਾਰਨ ਕਿਸਾਨ ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ , ਢੇਰ ਸਾਰੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ । ਹੁਣ ਹਕੂਮਤਾਂ ਵੱਲੋਂ ਨਵੇਂ ਆਰਥਿਕ ਸੁਧਾਰਾਂ ਦੇ ਨਾਂ ਹੇਠ ਨਵੀਆਂ ਨੀਤੀਆਂ ਅਤੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ  ਜਿਸ ਨਾਲ  ਕਿਰਤੀ ਲੋਕਾਂ ਦੀ ਜ਼ਿੰਦਗੀ ਬਦ ਤੋਂ ਹੋਰ ਬਦਤਰ ਹੋ ਰਹੀ ਹੈ । ਆਪਸ ਵਿਚ ਭਾਈਚਾਰਕ ਸਾਂਝਾਂ ਟੁੱਟ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਦੀ ਮਾਰ ਸਭ ਤੋ ਪਹਿਲਾਂ  ਸਾਡੀਆਂ ਔਰਤ ਭੈਣਾਂ ਤੇ ਪੈਂਦੀ ਹੈ। ਉਨ੍ਹਾਂ ਔਰਤਾਂ  ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ ਦਿੱਤਾ। 

ਅੱਜ ਦੀ ਸਟੇਜ ਤੋਂ ਹਰਵਿੰਦਰ ਦਿਵਾਨਾ ਦੀ ਨਿਰਦੇਸ਼ਨਾ ਹੇਠ ਚੇਤਨਾ ਕਲਾ ਕੇਂਦਰ ਬਰਨਾਲਾ ਦੀ ਟੀਮ ਵੱਲੋਂ   ਨਾਟਕ ਟੋਆ ਪੇਸ਼ ਕੀਤਾ। ਅੱਜ ਦੇ ਇਕੱਠ ਨੂੰ ਜਸਵਿੰਦਰ ਕੌਰ ਚੱਠੇਵਾਲਾ  ,ਜਸਮੇਲ ਕੌਰ,ਮਨਜੀਤ ਕੌਰ,ਪਿਆਰੋ ਕੌਰ ਅਤੇ ਬਲਦੇਵ ਸਿੰਘ ਸਰਾਭਾ ਨੇ ਵੀ ਸੰਬੋਧਨ ਕੀਤਾ।

Jeeo Punjab Bureau

Leave A Reply

Your email address will not be published.