ਨੌਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਭਰ ਚ ਵਿੱਦਿਅਕ ਸੰਸਥਾਵਾਂ ਖੁਲਵਾਉਣ ਲਈ ਕੀਤੇ ਗਏ ਰੋਸ ਪ੍ਰਦਰਸ਼ਨ

38

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 8 ਅਪ੍ਰੈਲ

ਅੱਜ ਅਸੈਂਬਲੀ ਬੰਬ ਕਾਂਡ ਦੀ 92 ਵੀਂ ਵਰੇਗੰਢ ਮਨਾਉਂਦਿਆਂ ਨੌੰ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੰਜਾਬ ਭਰ ਚ ਸੈਂਕੜੇ ਥਾਂਵਾਂ ‘ਤੇ ਵਿੱਦਿਅਕ ਸੰਸਥਾਵਾਂ ਬੰਦ ਕਰਨ ਦੇ ਖ਼ਿਲਾਫ਼ ਰੋਸ ਮਾਰਚ ਕਰਦਿਆਂ ਪਿੰਡਾਂ/ ਸ਼ਹਿਰਾਂ/  ਕਸਬਿਆਂ ਤੇ ਵਿੱਦਿਅਕ ਅਦਾਰਿਆਂ ਸਾਹਮਣੇ ਨਵੀਂ ਸਿੱਖਿਆ ਨੀਤੀ ਦੀਆਂ ਕਾਪੀਆਂ ਸਾੜੀਆਂ ਗਈਆਂ। ਸਿੱਖਿਆ ਦਾ ਨਿੱਜੀਕਰਨ ਕਾਰਪੋਰੇਟੀਕਰਨ ਅਤੇ ਭਗਵਾਂਕਰਨ ਕੀਤੇ ਜਾਣ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ  ।

ਪੀ ਐਸ ਯੂ (ਸ਼ਹੀਦ ਰੰਧਾਵਾ), ਪੀ ਐਸ ਯੂ (ਲਲਕਾਰ), ਪੀ ਆਰ ਐੱਸ ਯੂ , ਪੀ ਐੱਸ ਯੂ, ਡੀ ਐਸ ਓ, ਏ ਆਈ ਐਸ ਐਫ, ਐਸ ਐਫ ਆਈ, ਪੀ ਐਸ ਐਫ ਅਤੇ ਆਇਰਸਾ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤੇ ਬਿਆਨ ਰਾਹੀਂ ਪੰਜਾਬ ਸਰਕਾਰ ਵੱਲੋਂ ਵਿੱਦਿਅਕ  ਸੰਸਥਾਵਾਂ ਨੂੰ 30 ਅਪ੍ਰੈਲ ਤਕ ਬੰਦ ਰੱਖਣ ਦੇ ਕੀਤੇ ਫੈਸਲੇ ਦੀ ਸਖਤ ਨਿੰਦਿਆ ਕੀਤੀ ਗਈ ਅਤੇ ਇਸ ਨੂੰ ਰਾਜਾਸ਼ਾਹੀ ਅੈਲਾਨ ਕਰਾਰ ਦਿੱਤਾ  ।

ਉਨ੍ਹਾਂ ਕਿਹਾ ਕਿ ਮੁਲਕ ਦੇ ਆਕਾਵਾਂ ਵੱਲੋਂ ਹਰ ਰੋਜ਼ ਮੁਲਕ  ਚ ਕੋਰੋਨਾ ਕਾਰਨ ਹਾਲਾਤ ਨਾਜ਼ੁਕ ਹੋਣ ਤੇ ਮੌਤਾਂ ਤੇ ਕੇਸਾਂ ਦੀ ਗਿਣਤੀ ਲਗਾਤਾਰ ਵਧਣ ਦੀ ਦੁਹਾਈ ਪਾਈ ਜਾ ਰਹੀ ਹੈ ਜੇਕਰ ਮੁਲਕ ਚ ਏਨੇ ਹੀ ਹਾਲਾਤ ਖ਼ਰਾਬ ਹਨ ਤਾਂ ਫਿਰ  ਮੈਡੀਕਲ ਐਮਰਜੈਂਸੀ ਦੀ ਘੋਸ਼ਣਾ ਕਰਕੇ ਹਰ ਤਰ੍ਹਾਂ ਦੇ ਕੰਮ ਕਿਉਂ ਨਹੀਂ ਰੋਕੇ ਜਾਂਦੇ ਤੇ ਸਾਰੀ ਰਾਜ ਮਸ਼ੀਨਰੀ ਨੂੰ ਇਸ ਬਿਮਾਰੀ ਖ਼ਿਲਾਫ਼ ਲੜਨ ਲਈ ਕਿਉਂ ਨਹੀਂ ਚੁੱਕਿਆ ਜਾ ਰਿਹਾ ਮੁਲਕ ਦੇ ਪੰਜ ਰਾਜਾਂ ਚ ਚੋਣਾਂ ਹੋ ਰਹੀਆਂ ਹਨ ਤੇ ਸਿਆਸੀ ਆਗੂ ਵੱਡੀਆਂ ਰੈਲੀਆਂ ਕਰ ਰਹੇ ਹਨ ਸਾਰੀ ਇੰਡਸਟਰੀ ਚੱਲ ਰਹੀ ਹੈ  ਤੇ ਸਿਨੇਮਾ ਹਾਲ, ਠੇਕੇ, ਮੌਲ ਤੇ ਟਰਾਂਸਪੋਰਟ ਸਭ ਚੱਲ ਰਿਹਾ ਹੈ ਪ੍ਰੰਤੂ ਉਥੇ ਕਰੋਨਾ ਦਾ ਕੋਈ ਅਸਰ ਨਹੀਂ ਸਿਰਫ਼ ਵਿੱਦਿਅਕ ਅਦਾਰਿਆਂ ਚ ਹੀ ਕਰੋਨਾ ਅਸਰ ਕਰਦਾ ਹੈ  ।

ਉਨ੍ਹਾਂ ਕਿਹਾ ਕਿ ਅਸਲ ਚ ਕਰੋਨਾ ਨੂੰ ਸਿਰਫ਼ ਬਹਾਨਾ ਬਣਾ ਕੇ ਸਰਕਾਰੀ ਸਿੱਖਿਆ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੇਂਦਰ ਤੇ ਸਾਰੀਆਂ ਸੂਬਾਈ ਹਕੂਮਤਾਂ ਕਰੋਨਾ ਬਹਾਨੇ ਸਾਮਰਾਜੀ ਨੀਤੀਆਂ ਧਡ਼ਾਧਡ਼ ਲਾਗੂ ਕਰ ਰਹੀਆਂ ਹਨ ।  ਇਸੇ ਤਰ੍ਹਾਂ ਵਿੱਦਿਅਕ ਸੰਸਥਾਵਾਂ ਬੰਦ ਰੱਖ ਕੇ ਨਵੀਂ ਸਿੱਖਿਆ ਨੀਤੀ  ਲਾਗੂ ਕੀਤੀ ਜਾ ਰਹੀ ਹੈ। ਸਿੱਖਿਆ ਨੂੰ ਸਿਰਫ਼ ਡਿਗਰੀਆਂ ਤੱਕ ਸੀਮਤ ਕਰ ਕੇ ਵਿਦਿਆਰਥੀਆਂ ਨੂੰ ਸਮਾਜਿਕ ਸੂਝ ਤੋਂ ਸੱਖਣੇ ਰੱਖਿਆ ਜਾ ਰਿਹਾ ਹੈ ਜਿਸਦੇ ਕਾਰਨ ਵਿਦਿਆਰਥੀ ਮਾਨਸਿਕ ਤਣਾਅ ਚੋਂ ਗੁਜ਼ਰ ਰਹੇ ਹਨ  ।

ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਅਸੈਂਬਲੀ ਬੰਬ ਕਾਂਡ ਦੀ 92 ਵੀਂ ਵਰ੍ਹੇਗੰਢ ਮਨਾ ਰਹੇ ਹਾਂ ਇਸੇ ਵੇਲੇ ਮੁਲਕ ਦੇ ਹਾਕਮ ਖੇਤੀ, ਸਨਅਤ ਅਤੇ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਨੂੰ ਦੇਣ ਖ਼ਾਤਰ ਸਾਮਰਾਜੀ ਨੀਤੀਆਂ ਲਾਗੂ ਕਰ ਰਿਹਾ ਹੈ ਅਜਿਹੇ ਮੌਕੇ ਸਭਨਾ ਨੌਜਵਾਨਾਂ ਵਿਦਿਆਰਥੀਆਂ ਅਤੇ ਕਿਰਤੀ ਲੋਕਾਂ ਨੂੰ  ਜੋਟੀ ਪਾ ਕੇ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ।

ਅੱਜ ਦੇ ਇਕੱਠਾਂ ਨੂੰ ਜਥੇਬੰਦੀ ਆਗੂਆਂ ਹੁਸ਼ਿਆਰ ਸਿੰਘ ਸਲੇਮਗੜ, ਜਸਵਿੰਦਰ ਲੌਂਗੋਵਾਲ, ਰਸ਼ਪਿੰਦਰ ਜਿੰਮੀ, ਅਮਨਦੀਪ ਸਿੰਘ, ਬਲਕਾਰ ਸਿੰਘ, ਵਰਿੰਦਰ, ਅੰਮਿ੍ਤ, ਗਗਨ, ਤੇ ਮਨਪ੍ਰੀਤ ਸਿੰਘ ਬਾਠ ਵੱਲੋਂ ਸੰਬੋਧਨ ਕੀਤਾ ਗਿਆ।

Jeeo Punjab Bureau

Leave A Reply

Your email address will not be published.