ਅਕਸਰ ਹੀ ਛੋਟੇ ਦੁੱਖਾਂ ਦਾ ਰੌਲਾ ਜ਼ਿਆਦਾ ਉੱਚਾ ਹੁੰਦਾ ਹੈ

ਜੀਓ ਪੰਜਾਬ ਬਿਊਰੋ

ਲੇਖਕ- ਹਰਫੂਲ ਭੁੱਲਰ

ਅਸੀਂ ਮਿੱਠੀ ਬੋਲੀ,ਹੌਂਸਲੇ ਅਤੇ ਵਿਸ਼ਵਾਸ ਨਾਲ ਵੱਡੇ ਤੋਂ ਵੱਡੇ ਮਸਲੇ ਵੀ ਹੱਲ ਕਰ ਸਕਦੇ ਹਾਂ, ਇਸਦੇ ਉਲਟਾ ਕਰਾਂਗੇ ਤਾਂ ਛੋਟੇ ਮਸਲੇ ਵੀ ਉਲਝ ਜਾਂਦੇ ਹਨ।

ਸੱਚੀ ਖੁਸ਼ੀ ਕਦੇ ਵੀ ਉਨ੍ਹਾਂ ਦੇ ਚਿਹਰੇ ਦਸਤਕ ਨਹੀਂ ਦਿੰਦੀ, ਜੋ ਜ਼ਿੰਦਗੀ ਨੂੰ ਸਿਰਫ਼ ਆਪਣੀਆਂ ਸ਼ਰਤਾਂ ਅਨੁਸਾਰ ਜਿਉਂਣਾ ਚਾਹੁੰਦੇ ਹਨ। ਜੀਵਨ ਦਾ ਅਸਲ ਫਾਇਦਾ ਉਹ ਉਠਾਇਆ ਕਰਦੇ ਨੇ, ਜੋ ਦੂਜਿਆਂ ਦੀ ਖੁਸ਼ੀ ਲਈ ਆਪਣੀ ਜ਼ਿੰਦਗੀ ਦੀਆਂ ਕੁਝ ਕੁ ਸ਼ਰਤਾਂ ਨੂੰ ਬਦਲ ਲੈਂਦੇ ਹਨ। ਕੋਈ ਪਰਬਤ ਕਿੰਨਾ ਵੀ ਉੱਚਾ ਕਿਉਂ ਨਾ ਹੋਵੇ, ਪਰ ਉਹ ਸੂਰਜ ਨੂੰ ਚੜ੍ਹਨ ਤੋਂ ਨਹੀਂ ਰੋਕ ਸਕਦਾ। ਸਾਡੀ ਤਾਂ ਔਕਾਤ ਹੀ ਕੀ ਹੈ ਅਸੀਂ ਕਿਸੇ ਦੀਆਂ ਤਕਦੀਰਾਂ ਨੂੰ ਬਦਲ ਸਕੀਏ।

ਅਕਸਰ ਹੀ ਛੋਟੇ ਦੁੱਖਾਂ ਦਾ ਰੌਲਾ ਜ਼ਿਆਦਾ ਉੱਚਾ ਹੁੰਦਾ ਹੈ, ਪਰ ਜਿਨ੍ਹਾਂ ਦੇ ਦੁੱਖ ਵੱਡੇ ਹੁੰਦੇ ਹਨ, ਉਨ੍ਹਾਂ ਦੀ ਕੋਈ ਵੀ ਆਵਾਜ਼ ਨਹੀਂ ਸੁਣਦਾ, ਨਾਂਹੀ ਹੁੰਦੀ ਹੈ ਇਨ੍ਹਾਂ ਦੀ ਆਵਾਜ਼, ਅਜਿਹੇ ਲੋਕਾਂ ਕੋਲ ਤਾਂ ਸਿਰਫ਼ ਹੰਝੂ ਹੁੰਦੇ ਜੋ ਉਨ੍ਹਾਂ ਦੇ ਮਨ ਨੂੰ ਹਲਕਾ ਤੇ ਰੂਹ ਨੂੰ ਪਵਿੱਤਰ ਕਰ ਜਾਂਦੇ ਹਨ!

ਸਮਾਂ ਕਿਹੋ ਜਿਹਾ ਵੀ ਆਵੇ, ਜੇ ਆਪਾਂ ਹਿੰਮਤ-ਹੌਂਸਲਾ ਰੱਖ ਕੇ ਚਲਦੇ ਰਹੀਏ ਤਾਂ ਖੁਸ਼ੀਆਂ ਦੀ ਸੱਚੀ ਦਸਤਕ ਇੱਕ ਦਿਨ ਸਾਡੀ ਰੂਹ, ਤਨ ਅਤੇ ਮਨ ਨੂੰ ਸਾਰੀਆਂ ਪ੍ਰੇਸ਼ਾਨੀਆਂ ਵਿਚੋਂ ਬਾਹਰ ਲੈ ਆਉਂਦੀ ਹੈ। ਜੇ ਆਲਸ ਦਾ ਪੱਲਾ ਫੜ ਲਿਆ ਤਾਂ ਜੀਵਨ ਆਤਮ ਹੱਤਿਆ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ!

ਆਓ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਮੁਹੱਬਤ ਕਰਨੀ ਸ਼ੁਰੂ ਕਰੀਏ, ਆਪਣੇ ਆਪ ਤੇ ਵਿਸ਼ਵਾਸ ਕਰੀਏ ਤਾਂ ਮੰਜ਼ਿਲ ਦੂਰ ਨਹੀਂ। ਸਾਰੀਆਂ ਜਿੱਤਾਂ ਨਾਲੋਂ ਵਿਸ਼ਵਾਸ ਦੀ ਜਿੱਤ ਮਨੁੱਖ ਲਈ ਸਭ ਤੋਂ ਵੱਧ ਉਤਸ਼ਾਹਜਨਕ ਹੁੰਦੀ ਹੈ, ਇਹ ਮੇਰੇ ਜੀਵਨ ਦਾ ਤਜ਼ਰਬਾ ਹੈ, ਤੇ ਅਕਸਰ ਸੋਚਦਾ ਵੀ ਹਾਂ ਕਿ…

‘ਲਾਲ ਕਿਲ੍ਹਾ ਅਤੇ ਤਾਜ ਮਹੱਲ ਦੋਵੇਂ ਸ਼ਾਹ ਜਹਾਨ ਨੇ ਬਣਵਾਏ, ਪਰ ਸ਼ਾਹ ਜਹਾਨ ਨੂੰ ਵਧੇਰੇ ਯਾਦ ਲੋਕ ਤਾਜ ਮਹੱਲ ਕਰਕੇ ਕਰਦੇ ਹਨ ਕਿਉਂਕਿ ਇਹ ਪਿਆਰ ਦੀ ਨਿਸ਼ਾਨੀ ਹੈ ਤੇ ਮੁਹੱਬਤ ਦਾ ਪ੍ਰਤੀਕ ਹੈ ਅਤੇ ਲਾਲ ਕਿਲ੍ਹਾ ਸਿਰਫ ਤਾਕਤ ਦੀ ਨਿਸ਼ਾਨੀ ਹੈ!’

Jeeo Punjab Bureau

Leave A Reply

Your email address will not be published.