ਕਿਸਾਨਾਂ ਦੀ ਚਿਤਾਵਨੀ : ਬਿਜਲੀ ਸੋਧ ਬਿੱਲ ‘ਤੇ ਕੇਂਦਰ-ਸਰਕਾਰ ਨੂੰ ਮਹਿੰਗਾ ਪਵੇਗਾ ਇਹ ਯੂ-ਟਰਨ

ਜੀਓ ਪੰਜਾਬ ਬਿਊਰੋ

ਦਿੱਲੀ, 7 ਅਪਰੈਲ:

ਸੰਯੁਕਤ ਕਿਸਾਨ ਮੋਰਚਾ (Samyukta Kisan Morcha) ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਹਾੜੀ ਦੇ ਸੀਜ਼ਨ ਦੌਰਾਨ ਦਿੱਲੀ ਦੇ ਕਿਸਾਨ-ਮੋਰਚਿਆਂ ਨੂੰ ਮਜ਼ਬੂਤ ਰੱਖਣ ਲਈ ਤਿਆਰੀਆਂ ਕਰ ਲਈਆਂ ਹਨ। ਭਰਾਤਰੀ ਹਮਾਇਤ ਦਿੰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਝੰਡੇ ਹੇਠ ਪੰਜਾਬ ਤੋਂ ਸੈਂਕੜਿਆਂ ਦੀ ਗਿਣਤੀ ‘ਚ ਮੁਲਾਜ਼ਮਾਂ ਨੇ 11 ਅਪ੍ਰੈਲ ਨੂੰ ਦਿੱਲੀ ਜਾਣ ਲਈ ਤਿਆਰੀ ਵਿੱਢ ਦਿੱਤੀ ਹੈ। ਹਰ ਹਫ਼ਤੇ ਡਿਊਟੀ ਮੁਤਾਬਿਕ ਨਵੇਂ ਕਾਫ਼ਲੇ ਆਉਂਦੇ ਰਹਿਣਗੇ। ਆਗੂਆਂ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਅੰਦੋਲਨ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ।

ਬੀਤੀ ਰਾਤ ਚੱਲੇ ਤੇਜ਼ ਝੱਖੜ ਅਤੇ ਹਲਕੀ ਬਾਰਿਸ਼ ਕਾਰਣ ਕਿਸਾਨਾਂ ਦੇ ਚਿਹਰਿਆਂ ‘ਤੇ ਨਿਰਾਸ਼ਾ ਦਾ ਆਲਮ ਛਾ ਗਿਆ ਹੈ , ਕਿਉਂਕਿ ਪੁੱਤਾਂ ਵਾਗ ਪਾਲੀ ਕਣਕ ਦੀ ਫ਼ਸਲ ਪੱਕਣੇ ਤਿਆਰ ਖੜ੍ਹੀ ਹੈ ਅਤੇ ਕੁੱਝ ਦਿਨਾਂ ਤੱਕ ਕਣਕ ਦੀ ਕਟਾਈ ਸ਼ੁਰੂ ਹੋ ਵਾਲੀ ਹੈ । ਕਿਸਾਨਾਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਰਕੇ ਫ਼ਸਲ ਖੇਤਾਂ ‘ਚ ਵਿਛੀ ਪਈ ਹੈ ਅਤੇ ਮੁੜ ਚੱਲੇ ਤੇਜ਼ ਝੱਖੜ ਨੇ ਕਿਸਾਨਾਂ ਦੀਆਂ ਆਸਾਂ ‘ਤੇ ਪਾਣੀ ਫੇਰ ਦਿੱਤਾ ਹੈ । ਦੱਸਣਯੋਗ ਹੈ ਕਿ ਤੇਜ਼ ਝੱਖੜ ਕਾਰਣ ਫ਼ਸਲਾਂ ਖੇਤਾਂ ‘ਚ ਵਿਛ ਗਈਆ ਅਤੇ ਕੁੱਝ ਸਮੇਂ ਬਾਅਦ ਹਲਕੀ ਬਾਰਸ਼ ਵੀ ਹੋਈ, ਜਿਸਦਾ ਅਸਰ ਝਾੜ ‘ਤੇ ਹੋਵੇਗਾ।

ਕੇਂਦਰ ਸਰਕਾਰ ਵਲੋਂ ਚੁੱਪ-ਚੁਪੀਤੇ ਨਰਮੇ ਦੇ ਬੀ.ਟੀ. ਬੀਜ਼ ਮੁੱਲ ‘ਚ ਵਾਧਾ ਕੀਤੇ ਜਾਣ ਦੀ ਪੰਜਾਬ ਦੇ ਕਿਸਾਨ ਆਗੂਆਂ ਨੇ ਸਖ਼ਤ ਨਿਖੇਧੀ ਕੀਤੀ ਹੈ, ਨਰਮੇ ਦੇ ਬੀਟੀ ਵਿਚ 37 ਰੁਪਏ ਪ੍ਰਤੀ ਪੈਕੇਟ ਦਾ ਵਾਧਾ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਇਕ ਹੋਰ ਵੱਡਾ ਆਰਥਿਕ ਝਟਕਾ ਦਿੱਤਾ ਗਿਆ ਹੈ। ਕਿਸਾਨਾਂ ਨੇ ਦੱਸਿਆ ਕਿ ਇਸ ਨਾਲ ਕਿਸਾਨਾਂ ’ਤੇ 14 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਹ ਪੈਕੇਟ 730 ਰੁਪਏ ਨਿਰਧਾਰਿਤ ਕੀਤਾ ਸੀ ਅਤੇ ਹੁਣ 767 ਰੁਪਏ ਵਾਲੇ ਪੈਕੇਟਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਮਾਲਵਾ ਪੱਟੀ ਦੇ ਕਿਸਾਨ ਪ੍ਰਭਾਵਿਤ ਹੋਣਗੇ। ਜਿਸ ਵਿਚ ਬਠਿੰਡਾ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ, ਫ਼ਰੀਦਕੋਟ, ਮੋਗਾ, ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਸ਼ਾਮਿਲ ਹਨ।

189ਵੇਂ ਦਿਨ ਵੀ ਪੰਜਾਬ ਭਰ ‘ਚ ਪੱਕੇ-ਧਰਨੇ ਜਾਰੀ ਰਹੇ। ਸੰਯੁਕਤ ਕਿਸਾਨ ਮੋਰਚਾ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਭਾਜਪਾ ਨਾਲ ਸਬੰਧਤ ਆਗੂਆਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅਤੇ ਕਾਰਪੋਰੇਟ ਮਾਲਜ਼ ਸਮੇਤ 68 ਤੋਂ ਵੱਧ ਥਾਵਾਂ ‘ਤੇ ਧਰਨੇ ਦਿਨ-ਰਾਤ ਜਾਰੀ ਹਨ।

ਕਿਸਾਨ-ਆਗੂਆਂ ਨੇ ਕੇਂਦਰ-ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਬਿਜ਼ਲੀ ਸੋਧ ਬਿਲ-2020 ਨੂੰ ਕਾਨੂੰਨ ‘ਚ ਬਦਲਣ ਦੀ ਤਿਆਰੀ ਨਾ ਕਰੇ, ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਵਾਅਦਾਖ਼ਿਲਾਫੀ ਹੋਵੇਗੀ, ਕਿਉਂਕਿ ਕੇਂਦਰੀ-ਮੰਤਰੀਆਂ ਨੇ ਕਿਸਾਨ-ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਬਿਲ ਨੂੰ ਠੰਢੇ ਬਸਤੇ ਪਾ ਦਿੱਤਾ ਜਾਵੇਗਾ।

ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਲਗਾਤਾਰ ਵਿਰੋਧ ਕਰ ਰਹੀਆਂ ਹਨ ਅਤੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਕਿਸਾਨੀ ਅੰਦੋਲਨ ਚੱਲ ਰਿਹਾ ਹੈ, ਉਹ ਕਿਸੇ ਵੀ ਜਨਤਕ ਸਮਾਗਮ ਵਿੱਚ ਨਾ ਜਾਣ।

ਭਾਜਪਾ ਦੇ ਓਮਪ੍ਰਕਾਸ਼ ਧਨਖੜ, ਨਾਇਬ ਸੈਣੀ ਅਤੇ ਹੋਰਨਾਂ ਆਗੂਆਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਵਿਰੁੱਧ ਪੁਲਿਸ ਕਾਰਵਾਈ ਹੋਣ ਤੋਂ ਬਾਅਦ ਇਹ ਮਤਾ ਪਾਸ ਕੀਤਾ ਹੈ।  ਸੰਯੁਕਤ ਕਿਸਾਨ ਮੋਰਚਾ ਨੇ ਸਾਰੇ ਕਿਸਾਨਾਂ ਨੂੰ ਸ਼ਾਂਤਮਈ ਰਹਿੰਦੇ ਹੋਏ ਭਾਜਪਾ ਅਤੇ ਜੇਜੇਪੀ ਨੇਤਾਵਾਂ ਦਾ ਸਮਾਜਿਕ ਬਾਈਕਾਟ ਜਾਰੀ ਰੱਖਣ ਦੀ ਅਪੀਲ ਕੀਤੀ।

ਉੱਤਰ ਪ੍ਰਦੇਸ਼ ਮਹਿਲਾ ਕਮਿਸ਼ਨ ਦੀ ਇਕ ਮੈਂਬਰ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।  ਸੰਯੁਕਤ ਕਿਸਾਨ ਮੋਰਚਾ ਨੇ ਹੋਰਨਾਂ ਆਗੂਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਅਤੇ ਕਿਸਾਨਾਂ ਪ੍ਰਤੀ ਸੰਵੇਦਨਸ਼ੀਲਤਾ ਦਿਖਾਉਣ।

Jeeo Punjab Bureau

Leave A Reply

Your email address will not be published.