ਇੱਜ਼ਤ ਤਾਂ ਸਾਡੀ ਵੀ ਹੈ

                 

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ 

ਬਿਲਕੁੱਲ,ਇੱਜ਼ਤ ਅਮੀਰ ਗਰੀਬ ਸੱਭ ਦੀ ਹੈ ਅਤੇ ਹੋਣੀ ਵੀ ਚਾਹੀਦੀ ਹੈ।ਪੈਸੇ ਅਤੇ ਰੁੱਤਬੇ ਨਾਲ ਇੱਜ਼ਤ ਕਰਨ ਲਈ ਕਿਸੇ ਨੂੰ ਮਜ਼ਬੂਰ ਤਾਂ ਕੀਤਾ ਜਾ ਸਕਦਾ ਹੈ ਪਰ ਅਸਲ ਵਿੱਚ ਇੱਜ਼ਤ ਹੁੰਦੀ ਹੋਵੇ ਪੱਕਾ ਨਹੀਂ ਹੈ।ਸਿਆਣੇ ਕਹਿੰਦੇ ਨੇ,’ਜਿਵੇਂ ਦੀ ਖੂਹ ਵਿੱਚ ਆਵਾਜ਼ ਮਾਰੋਗੇ,ਅੱਗੋਂ ਉਵੇਂ ਦੀ ਹੀ ਆਵਾਜ਼ ਵਾਪਿਸ ਆਵੇਗੀ।’ਮਤਲਬ ਬੜਾ ਸਾਫ ਅਤੇ ਸਪੱਸ਼ਟ ਹੈ,ਜੇਕਰ ਇੱਜ਼ਤ ਕਰੋਗੇ ਤਾਂ ਕਰਵਾ ਲਵੋਗੇ।ਇਸ ਵਕਤ ਸਾਰਾ ਸਿਸਟਮ ਲੀਹੋਂ ਉਤਰਿਆ ਹੋਇਆ ਹੈ।ਲੋਕਤੰਤਰ ਦੀਆਂ ਧੱਜੀਆਂ ਉਡਾ ਰਹੀਆਂ ਹਨ।ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਦਾ ਨੰਗਾ ਨਾਚ ਹੋ ਰਿਹਾ ਹੈ।ਚੋਣਾਂ ਵਿੱਚ ਉਮੀਦਵਾਰ ਕੁੱਝ ਵੱਖਰੇ ਢੰਗ ਨਾਲ ਗੱਲ ਬਾਤ ਕਰਦੇ ਹਨ ਪਰ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਚਾਲ ਢਾਲ ਹੀ ਬਦਲ ਜਾਂਦੀ ਹੈ।ਉਸਦੀ ਇੱਜ਼ਤ ਦਾ ਮਿਆਰ ਇੰਨਾ ਉੱਚਾ ਹੋ ਜਾਂਦਾ ਹੈ ਕਿ ਉਨ੍ਹਾਂ ਵੋਟਰਾਂ ਨੂੰ ਮਿਲਣ ਵਿੱਚ ਵੀ ਆਪਣੀ ਬੇਇੱਜ਼ਤੀ ਸਮਝਦਾ ਹੈ ਜਿੰਨਾ ਨੇ ਵੋਟਾਂ ਦੇ ਕੇ ਵਧਾਇਕ ਬਣਾਇਆ ਹੁੰਦਾ ਹੈ।ਹਕੀਕਤ ਇਹ ਹੈ ਕਿ ਵਧੇਰੇ ਇੱਜ਼ਤ ਦੇ ਹੱਕਦਾਰ ਉਹ ਹਨ ਜਿੰਨਾਂ ਨੇ ਤੁਹਾਨੂੰ ਵਧਾਇਕ ਬਣਾਇਆ ਹੈ।ਮੈਂ ਇਕ ਵੋਟਰ ਹਾਂ,ਮੈਂ ਦੇਸ਼ ਦੇ ਖਜ਼ਾਨੇ ਲਈ  ਟੈਕਸ ਦਿੰਦਾ ਹਾਂ।ਮੈਂ ਤੀਲਾਂ ਦੀ ਡੱਬੀ ਖਰੀਦ ਦਾ ਹਾਂ ਤਾਂ ਟੈਕਸ ਦਿੰਦਾ ਹੈ ਫੇਰ ਚੁਣੇ ਹੋਏ ਪ੍ਰਤੀਨਿਧ ਦੀ ਹੀ ਇੱਜ਼ਤ ਦਾ ਰੌਲਾ ਤਾਂ ਸਮਝ ਨਹੀਂ ਆਉਂਦਾ।ਕਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਇਹ ਸੋਚਿਆ ਕਿ ਲੋਕ ਤੁਹਾਨੂੰ ਮਿਲਣ ਆਉਂਦੇ ਹਨ ਅਤੇ ਉਨ੍ਹਾਂ ਦੀ ਗੱਲ ਸੁਣਨ ਲਈ ਤੁਹਾਡੇ ਕੋਲ ਸਮਾਂ ਹੀ ਨਹੀਂ ਹੁੰਦਾ।ਤੁਹਾਡੇ ਦਫਤਰਾਂ ਅਤੇ ਘਰਾਂ ਵਿੱਚ ਲੋਕਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ ਪਰ ਤੁਸੀਂ ਤਾਂ ਵੋਟ ਲੈਣ ਲਈ ਹਰ ਕਿਸੇ ਦੇ ਘਰ ਜਾਂਦੇ ਹੋ,ਹਰ ਪਿੰਡ ਸ਼ਹਿਰ ਜਾਂਦੇ ਹੋ।ਇਕ ਵਾਰ ਇਹ ਸੋਚ ਕੇ ਅਤੇ ਮਹਿਸੂਸ ਕਰਨਾ ਕਿ ਤੁਸੀਂ ਕਿਸੇ ਦੇ ਘਰ ਵੋਟ ਲੈਣ ਜਾਉ ਤਾਂ ਉਹ ਤੁਹਾਨੂੰ ਆਪਣੇ ਘਰ ਨਾ ਵੜਨ ਦੇਵੇ ਜਾਂ ਆਪਣੇ ਪਿੰਡ ਅਤੇ ਮੁਹੱਲੇ ਵਿੱਚ ਵੜਨ ਨਾ ਦੇਵੇ ਤਾਂ ਤੁਹਾਨੂੰ ਕਿਵੇਂ ਦਾ ਲੱਗੇਗਾ।ਇੱਜ਼ਤ ਸਿਰਫ਼ ਅਹੁਦੇ ਲੈਕੇ ਕੁਰਸੀਆਂ ਤੇ ਬੈਠਣ ਵਾਲਿਆਂ ਦੀ ਹੀ ਨਹੀਂ ਹਰ ਕਿਸੇ ਦੀ ਹੈ।

ਜਦੋਂ ਅਸੀਂ ਦਫਤਰਾਂ ਵਿੱਚ ਕੰਮ ਕਰਵਾਉਣ ਲਈ ਜਾਂਦੇ ਹਾਂ ਤਾਂ ਅਫਸਰਾਂ ਦੇ ਦਫਤਰਾਂ ਵਿੱਚ ਵਧੇਰੇ ਕਰਕੇ ਵੜਨਾ ਹੀ ਵੱਡੀ ਸਮੱਸਿਆ ਹੈ।ਕੰਮ ਹੋਏਗਾ ਇਹ ਤਾਂ ਬਹੁਤ ਦੂਰ ਦੀ ਗੱਲ ਹੈ।ਦਫਤਰਾਂ ਵਿੱਚ ਇਵੇਂ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਜਿਵੇਂ ਅਸੀਂ ਫਾਲਤੂ ਹਾਂ ਅਤੇ ਸਾਡੀ ਕੋਈ ਇਜ਼ੱਤ ਨਹੀਂ।ਪਰ ਅੰਦਰ ਬੈਠਾ ਹਰ ਅਫਸਰ ਇਹ ਭੁੱਲ ਰਿਹਾ ਹੁੰਦਾ ਹੈ ਕਿ ਤਨਖਾਹ ਇੰਨਾ ਲੋਕਾਂ ਦੇ ਦਿੱਤੇ ਟੈਕਸਾਂ ਤੋਂ ਮਿਲ ਰਹੀ ਹੈ।ਤੰਗ ਪ੍ਰੇਸ਼ਾਨ ਹੋ ਕੇ ਜੇਕਰ ਕੋਈ ਕੁੱਝ ਬੋਲਦਾ ਹੈ ਤਾਂ ਸਰਕਾਰੀ ਅਫਸਰਾਂ ਦੀ ਬੇਇੱਜ਼ਤੀ ਹੋ ਜਾਂਦੀ ਹੈ।ਜਿਹੜੇ ਦਫਤਰ ਦੇ ਬਾਹਰ ਖੜ੍ਹੇ ਹਨ ਅਤੇ ਚੱਕਰ ਤੇ ਚੱਕਰ ਲਗਾ ਰਹੇ ਹਨ,ਉਨ੍ਹਾਂ ਦੀ ਇਜ਼ੱਤ ਵੀ ਤੁਹਾਡੇ ਵਰਗੀ ਹੈ। 

ਪੜ੍ਹੇ ਲਿਖੇ ਨੌਜਵਾਨ ਸੜਕਾਂ ਤੇ ਧਰਨੇ ਦੇਣ,ਭੁੱਖ ਹੜਤਾਲਾਂ ਕਰਨ ਆਪਣੀ ਤਕਲੀਫ਼ ਮੰਤਰੀਆਂ,ਵਿਧਾਇਕਾਂ ਜਾਂ  ਅਧਿਕਾਰੀਆਂ ਨੂੰ ਦੱਸਣ ਲਈ ਉਨ੍ਹਾਂ ਦੇ ਦਫਤਰਾਂ ਵੱਲ ਜਾਣ ਤਾਂ ਉਨ੍ਹਾਂ ਦੀ ਖਿੱਚ ਧੂਹ ਕੀਤੀ ਜਾਂਦੀ ਹੈ,ਉਨ੍ਹਾਂ ਤੇ ਪੁਲਿਸ ਡੰਡੇ ਚਲਾਉਂਦੀ ਹੈ,ਕੁੜੀਆਂ ਨੂੰ ਸੜਕਾਂ ਤੇ ਖਿੱਚਿਆ ਜਾਂਦਾ ਹੈ।ਇੰਨਾ ਦੀ ਇਜ਼ੱਤ ਦੀ ਗੱਲ ਸਮਝ ਕਿਉਂ ਨਹੀਂ ਆਉਂਦੀ।ਸਿਆਸਤਦਾਨਾਂ ਦੀ ਤਾਂ ਕਾਰ ਦੇ ਅੱਗੇ ਕਾਰ ਵੀ ਕਿਸੇ ਦੀ ਆ ਜਾਏ ਤਾਂ ਇੰਨਾ ਦੀ ਤੌਹੀਨ ਹੋ ਜਾਂਦੀ ਹੈ।ਗੱਡੀਆਂ ਅੱਗੇ ਚੱਲ ਰਹੀਆਂ ਪਾਇਲਟ ਜਿਪਸੀਆਂ ਲੋਕਾਂ ਨੂੰ ਹੀਟਰ ਮਾਰਕੇ ਇਵੇਂ ਸੜਕਾਂ ਤੋਂ ਹੇਠਾਂ ਕਰਦੀਆਂ ਜਿਵੇਂ ਦੂਸਰਿਆਂ ਨੂੰ ਸੜਕਾਂ ਤੇ ਚੱਲਣ ਦਾ ਹੱਕ ਨਹੀਂ। ਇਵੇਂ ਹੀਟਰ ਮਾਰਨਗੇ ਜਿਵੇਂ ਅੱਗੇ ਬਹੁਤ ਕੰਮ ਕਰਨਾ ਹੈ।ਸੱਚ ਇਹ ਹੈ ਕਿ ਲੋਕ ਅਜੇ ਵੀ ਗਲੀਆਂ,ਨਾਲੀਆਂ,ਸੜਕਾਂ ਅਤੇ ਸੀਵਰੇਜ਼ ਦੀ ਗੰਦਗੀ ਵਿੱਚੋਂ ਹੀ ਬਾਹਰ ਨਹੀਂ ਨਿਕਲੇ।ਜੇਕਰ  ਅਸੀਂ ਇੱਜ਼ਤ ਕਰਵਾਉਣੀ ਹੈ ਤਾਂ ਸਾਨੂੰ ਆਪਨੂੰ ਵੀ ਸੋਚਣਾ,ਸਮਝਣਾ ਅਤੇ ਕੁੱਝ ਕਦਮ ਚੁੱਕਣੇ ਪੈਣਗੇ।ਆਪਸੀ ਭਾਈਚਾਰਾ ਕਾਇਮ ਕਰੀਏ,ਵੋਟ ਪਾਉਣ ਤੋਂ ਪਹਿਲਾਂ ਉਮੀਦਵਾਰ ਦੀ ਪਰਖ ਜ਼ਰੂਰ ਕਰੋ।ਆਪਣੀ ਵੋਟ ਦਾ ਸਹੀ ਇਸਤੇਮਾਲ ਕਰੀਏ।ਹਰ ਉਮੀਦਵਾਰ ਕੋਲੋਂ ਸਵਾਲ ਜ਼ਰੂਰ ਕਰੋ ਅਤੇ ਉਸਨੂੰ ਜਵਾਬ ਦੇਣ ਲਈ ਮਜ਼ਬੂਰ ਕਰੋ।ਮਿੱਟੀ ਦੇ ਮਾਧੋ ਨਾ ਬਣੀਏ।ਹਰ ਉਮੀਦਵਾਰ ਨੂੰ ਇਹ ਅਹਿਸਾਸ ਜ਼ਰੂਰ ਕਰਵਾਉ ਕਿ ਅਸੀਂ ਟੈਕਸ ਦਿੰਦੇ ਹਾਂ ਅਤੇ ਸਰਕਾਰ ਦੀਆਂ ਸਾਡੇ ਪ੍ਰਤੀ ਇਹ ਡਿਊਟੀਆਂ ਵੀ ਹਨ।ਪਿਛੱਲੇ ਸਾਲਾਂ ਦੇ ਕੀਤੇ ਕੰਮਾਂ ਦਾ ਹਿਸਾਬ ਮੰਗੋ ਅਤੇ ਸਪੱਸ਼ਟ ਕਰੋ ਕਿ ਪਿੱਛਲੇ ਕੰਮ ਤੁਸੀਂ ਨਹੀਂ ਕੀਤੇ।

ਹਰ ਵਿਧਾਇਕ,ਹਰ ਮੰਤਰੀ ਅਤੇ ਹਰ ਵੱਡੇ ਛੋਟੇ ਅਫਸਰ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਡੀ ਲੋਕਾਂ ਦੀ ਵੀ ਇਜ਼ੱਤ ਹੈ।ਲੋਕ ਹੀ ਹਨ ਜੋ ਤੁਹਾਨੂੰ ਚੁਣਦੇ ਹਨ।ਉਨ੍ਹਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਹੈ।ਖੈਰ,ਇਜ਼ੱਤ ਤਾਂ ਹਰ ਇਕ ਦੀ ਹੈ,ਅਮੀਰਾਂ ਅਤੇ ਸਿਆਸਤਦਾਨਾਂ ਦੀ ਇਜ਼ੱਤ ਨਿੱਜੀ ਜਗੀਰ ਨਹੀਂ ਹੈ।ਇੰਨਾ ਦੀ ਇਜ਼ੱਤ ਹਰ ਕੋਈ ਕਰੇ ਅਤੇ ਇਹ ਦੂਸਰਿਆਂ ਦੀ ਇਜ਼ੱਤ ਨੂੰ ਕੁੱਝ ਸਮਝਣ ਹੀ ਨਾ,ਇਹ ਸੋਚ ਬਿਲਕੁੱਲ ਗਲਤ ਹੈ।     

Jeeo Punjab Bureau

Leave A Reply

Your email address will not be published.