Shiromani Akali Dal ਨੇ AAP ਦੇ NRI ਫੰਡ ਇਕੱਠੇ ਕਰਨ ਦੇ ਘੁਟਾਲੇ ਦੀ ਨਿਆਂਇਕ ਜਾਂਚ ਮੰਗੀ

ਜੀਓ ਪੰਜਾਬ ਬਿਊਰੋ

ਚੰਡੀਗੜ, 6 ਅਪ੍ਰੈਲ

ਸ਼੍ਰੋਮਣੀ ਅਕਾਲੀ ਦਲ ਨੈ ਅੱਜ ਆਮ ਆਦਮੀ ਪਾਰਟੀ ਵੱਲੋਂ ਐਨਆਰਆਈ ਫੰਡ ਇਕੱਠਾ ਕਰਨ ਦੇ ਘੁਟਾਲੇ ਦੀ ਨਿਆਂਇਕ ਜਾਂਚ ਮੰਗੀ ਤੇ ਕਿਹਾ ਕਿ ਆਪ ਦੇ ਅਹੁਦੇਦਾਰਾਂ ’ਤੇ ਐਨਆਰਆਈਜ਼ ਤੋਂ  ਇਕੱਤਰ ਕੀਤੇ ਗਏ ਸੌ ਕਰੋੜ ਰੁਪਏ ਦੇ ਘੁਟਾਲੇ ਕਰਨ ਦੇ ਦੋਸ਼ ਲੱਗੇ ਹਨ ਪਰ  ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ ਤੇ ਉਹਨਾਂ ਇਸ ਘੁਟਾਲੇ ਦੀ ਅੰਦਰੂਨੀਂ ਜਾਂਚ ਵੀ ਨਹੀਂ ਕਰਵਾਈ।

ਸ਼੍ਰੋਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਐਨਕੇ ਸ਼ਰਮਾ ਨੇ ਅਰਵਿੰਦ ਕੇਜਰੀਵਾਲ ਨੁੰ ਪੁੱਛਿਆ ਕਿ ਕੀ ਇਹ ਘੁਟਾਲਾ ਉਹਨਾਂ ਦੇ ਦਰ ਤੱਕ ਪੁੱਜਾ ਸੀ। ਉਹਨਾਂ ਕਿਹਾ ਕਿ ਇਸ ਮਾਮਲੇ ’ਤੇ ਤੁਹਾਡੀ ਚੁੱਪੀ ਹੈਰਾਨੀ ਭਰੀ ਹੈ। ਉਹਨਾਂ ਕਿਹਾ ਕਿ ਜਾਂ ਤਾਂ ਤੁਸੀਂ ਘੁਟਾਲੇ ਦਾ ਹਿੱਸਾ ਹੋ ਜਾਂ ਫਿਰ ਤੁਸੀਂ ਘੁਟਾਲੇਬਾਜ਼ਾਂ ਨਾਲ ਸਮਝੌਤਾ ਕਰ ਲਿਆ ਹੈ। ਉਹਨਾਂ ਕਿਹਾ ਕਿ ਹੁਣ ਸੱਚਾਈ ਦਾ ਪਤਾ ਤਾਂ ਹੀ ਲੱਗ ਸਕਦਾ ਹੈ ਕਿ ਜੇਕਰ ਮਾਮਲੇ ਦੀ ਨਿਆਂਇਕ ਜਾਂਚ ਹੋਵੇ। ਉਹਨਾਂ ਕਿਹਾ ਕਿ ਜੇਕਰ ਤੁਸੀਂ ਨਿਆਂਇਕ ਜਾਂਚ ਲਈ ਸਹਿਮਤੀ ਨਾ ਦਿੱਤੀ ਤਾਂ ਸਪਸ਼ਟ ਹੋ ਜਾਵੇਗਾ ਕਿ ਤੁਸੀਂ ਐਨਆਰਆਈਜ਼ ਦੀ ਭਲਾਈ ਦੇ ਨਾਂ ’ਤੇ ਉਹਨਾਂ ਦੀ ਲੁੱਟ ਵਿਚ ਸ਼ਾਮਲ ਹੋ।

ਸ਼ਰਮਾ ਨੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਆਪਣੀ ਪਾਰਟੀ ਦੇ ਛੋਟੇ ਆਗੂ ਰਾਘਵ ਚੱਢਾ ਨੂੰ ਅਕਾਲੀ ਦਲ ’ਤੇ ਦੋਸ਼ ਲਾਉਣ ਲਈ ਤਾਇਨਾਤ ਕਰਨ ਦੇ ਤਰੀਕੇ ’ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਇਹ ਰਾਤੋ ਰਾਤ ਫੁਰਰ ਹੋ ਜਾਣ ਵਾਲੇ ਆਗੂਆਂ ਵੱਲੋਂ ਲਗਾਏ ਹਰ ਦੋਸ਼ ਨੁੰ ਰੱਦ ਕਰਦੇ ਹਾਂ। ਉਹਨਾਂ ਕਿਹਾ ਕਿ ਉਹ ਆਪਣੇ ਮੁਖੀ ਨੂੰ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਛੇਤੀ ਹੀ ਮੁਆਫੀ ਮੰਗਦੇ ਵੇਖਣਾ ਚਾਹੁੰਦੇ ਹਨ।

ਅਕਾਲੀ ਦਲ ਦੇ ਖ਼ਜ਼ਾਨਚੀ ਨੇ ਜ਼ੋਰ ਦੇ ਕੇ ਕਿਹਾ ਕਿ ਇਕ ਇਕ ਪੈਸਾ ਅਕਾਲੀ ਦਲ ਦੇ ਖਾਤੇ ਵਿਚ ਜਮ੍ਹਾਂ ਕੀਤਾ ਗਿਆ ਤੇ ਇਕ ਇਕ ਪੈਸੇ ਦਾ ਹਿਸਾਬ ਰੱਖਿਆ ਗਿਆ ਹੈ। ਉਹਨਾਂ ਕਿਹਾ ਕਿ ਆਪ ਪਾਰਟੀ ਦੇ ਆਗੂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਸੰਭਾਵੀ ਉਮੀਦਵਾਰਾਂ ਤੋਂ ਨਜਾਇਜ਼ ਤਰੀਕੇ ਨਾਲ ਪੈਸੇ ਇਕੱਠੇ ਕਰਦੇ ਵੇਖੇ ਗਏ। ਉਹਨਾਂ ਕਿਹਾ ਕਿ ਇਹਨਾਂ ਸੰਭਾਵੀ ਉਮੀਦਵਾਰਾਂ ਨੇ ਹੀ ਪ੍ਰੈਸ ਕਾਨਫਰੰਸਾਂ ਕਰਕੇ ਦੱਸਿਆ ਕਿ ਕਿਵੇਂ ਉਹਨਾਂ ਨਾਲ ਲੱਖਾਂ ਦੀ ਠੱਗੀ ਮਾਰੀ ਗਈ। ਉਹਨਾਂ ਕਿਹਾ ਕਿ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਵੀ ਆਪ ਦੀ ਕੇਂਦਰੀ ਦੀ ਪੰਜਾਬ ਇੰਚਾਰਜ ਕੇਂਦਰੀ ਟੀਮ ’ਤੇ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਉਹਨਾਂ ਕਿਹਾ ਕਿ ਇਹ ਰਿਕਾਡਰ ਦਾ ਹਿੱਸਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਇਹਨਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਅੰਦਰੂਨੀ ਜਾਂਚ ਕਰਵਾਉਣ ਦੀ ਵੀ ਜ਼ਰੂਰਤ ਨਹੀਂ ਸਮਝੀ। ਉਹਨਾਂ ਕਿਹਾ ਕਿ ਹੁਣ ਐਨ ਆਰ ਆਈ ਆ ਕੇ ਦੱਸ ਰਹੇ ਹਨ ਕਿ ਕਿਵੇਂ ਉਹਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਗਈ ਤੇ ਇਹ ਪੈਸਾ ਜੋ ਆਪ ਦੀਆਂ ਸਿਆਸੀ ਸਰਗਰਮੀਆਂ ਲਈ ਸੀ, ਆਪ ਦੇ ਪ੍ਰਮੁੱਖ ਆਗੂਆਂ ਨੇ ਹੜੱਪ ਲਿਆ।

ਅਕਾਲੀ ਆਗੂ ਨੇ ਕਿਹਾ ਕਿ ਆਪ ਵਿਚ ਭ੍ਰਿਸ਼ਟਾਚਾਰ ਕੋਈ ਨਵੀਂ ਗੱਲ ਨਹੀਂ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਆਪ ਦੇ ਮੰਤਰੀ ਕਪਿਲ ਮਿਸ਼ਰਾ ਦੀ ਉਦਾਹਰਣ ਹੈ ਜਿਸਨੇ ਇਹ ਦਾਅਵਾ ਕੀਤਾ ਸੀ ਕਿ ਉਸਨੇ ਆਪ ਦੇ ਇਕ ਹੋਰ ਮੰਤਰੀ ਨੂੰ ਕੇਜਰੀਵਾਲ ਨੂੰ ਇਕ ਜ਼ਮੀਨ  ਸੌਦੇ ਦੇ ਮਾਮਲੇ ਵਿਚ ਕੇਜਰੀਵਾਲ ਨੁੰ ਦੋ ਕਰੋੜ ਰੁਪਏ ਦਿੰਦਿਆਂ ਵੇਖਿਆ ਸੀ। ਉਹਨਾਂ ਕਿਹਾ ਕਿ ਹਾਲ ਹੀ ਵਿਚ ਕੇਜਰੀਵਾਲ ਸਰਕਾਰ ’ਤੇ ਦਿੱਲੀ ਜਲ ਬੋਰਡ ਨੂੰ ਦਿੱਤੇ ਗਏ 41000 ਕਰੋੜ ਰੁਪੲੈ ਦੇ ਕਰਜ਼ੇ ਵਿਚੋਂ 26000 ਕਰੋੜ ਰੁਪਏ ਦਾ ਘੁਟਾਲਾ ਕਰਨ ਦੇ ਦੋਸ਼ ਲੱਗੇ ਸਨ। ਉਹਨਾਂ ਕਿਹਾ ਕਿ ਰਾਘਵ ਚੱਢਾ ਇਸ ਘੁਟਾਲੇ ਤੇ ਹੋਰਨਾਂ ਬਾਰੇ ਦੱਸੇ ਤੇ ਉਸੇ ਤਰੀਕੇ ਝੂਠ ਫੈਲਾਏ ਜਿਵੇਂ ਇਹ ਹਰ ਚੋਣਾਂ ਤੋਂ ਪਹਿਲਾਂ ਕਰਦੇ ਹਨ।

ਰਾਘਵ ਚੱਢਾ ਨੂੰ ਪਹਿਲਾਂ ਦਿੱਲੀ ਜਾ ਕੇ ਪਾਰਟੀ ਵੱਲੋਂ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਆਖਦਿਆਂ ਸ਼ਰਮਾ ਨੇ ਕਿਹਾ ਕਿ ਆਪ ਨੇ ਦਿੱਲੀ ਵਿਚ 8 ਲੱਖ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਦਿੱਲੀ ਰੋਜ਼ਗਾਰ ਐਕਸਚੇਂਜ ਤੋਂ ਆਰਟੀਆਈ ਰਾਹੀਂ ਮਿਲੀ ਇਕ ਸੂਚਨਾ ਵਿਚ ਦੱਸਿਆ ਗਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਸਿਰਫ 214 ਲੋਕਾਂ ਨੂੰ ਨੌਕਰੀ ਦਿੱਤੀ ਗਈ। ਉਹਨਾਂ ਕਿਹਾ ਕਿ ਪੰਜਾਬੀਆਂ ਨੁੰ ਮੁੜ ਮੂਰਖ ਬਣਾਉਣ ਤੋਂ ਪਹਿਲਾਂ ਉਹ ਆਪਣੀ ਭਲੀ ਨਿਬੇੜਨ। ਉਹਨਾਂ ਕਿਹਾ ਕਿ ਪੰਜਾਬੀ ਹੁਣ ਇਸ ਪਾਰਟੀ ਦੇ  ਪ੍ਰਭਾਵ ਹੇਠ ਕਦੇ ਨਹੀਂ ਆਉਣਗੇ।

Jeeo Punjab Bureau

Leave A Reply

Your email address will not be published.