ਅਕਾਲੀ ਦਲ ਦੀ ਮਰਿਆਦਾ ਦੀ ਹੱਤਿਆ ਕਰਕੇ Sukhbir Badal ਨੇ ਸਿਗਰਟ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ Party Fund ਲਈ ਲਏ ਪੈਸੇ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 5 ਅਪ੍ਰੈਲ

ਆਮ ਆਦਮੀ ਪਾਰਟੀ (AAP) ਨੇ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਬਾਦਲ ਉੱਤੇ ਸ਼ਰਾਬ ਅਤੇ ਸਿਗਰਟ ਬਣਾਉਣ ਵਾਲੀ ਕੰਪਨੀ ਤੋਂ ਪਾਰਟੀ ਫ਼ੰਡ ਲਈ ਪੈਸਾ ਲੈਣ ਦਾ ਦੋਸ਼ ਲਗਾਇਆ ਹੈ। ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫ਼ਰੰਸ ਦੇ ਦੌਰਾਨ ‘ਆਪ’ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਦਿਨੇਸ਼ ਚੱਢਾ ਨੇ ਸੁਖਬੀਰ ਸਿੰਘ ਬਾਦਲ ਉੱਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਸੰਵਿਧਾਨ ਵਿੱਚ ਲਿਖਿਆ ਹੋਇਆ ਹੈ ਕਿ ਨਸ਼ਾ ਕਰਨ ਵਾਲੇ ਲੋਕਾਂ ਨੂੰ ਪਾਰਟੀ ਦਾ ਮੈਂਬਰ ਤੱਕ ਨਹੀਂ ਬਣਾਇਆ ਜਾ ਸਕਦਾ, ਉਸ ਦੇ ਬਾਵਜੂਦ ਸੁਖਬੀਰ ਬਾਦਲ ਨੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਤੋਂ ਪੈਸੇ ਲਏ।  ਉਨ੍ਹਾਂ ਨੇ ਸਿਗਰਟ ਬਣਾਉਣ ਵਾਲੀ ਕੰਪਨੀ ਆਈਟੀਸੀ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਰਾਜਸਥਾਨ ਲੀਕਰ ਲਿਮਿਟੇਡ ਤੋਂ ਪਾਰਟੀ ਫ਼ੰਡ ਲਈ ਲੱਖਾਂ ਰੁਪਏ ਲਏ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੂੰ ਬਾਦਲ ਪਰਿਵਾਰ ਨੇ ਦੂਸ਼ਿਤ ਕਰ ਦਿੱਤਾ ਹੈ। ਪਾਰਟੀ ਦੀ ਮਰਿਆਦਾ ਨੂੰ ਪੂਰੀ ਤਰ੍ਹਾਂ ਇਨ੍ਹਾਂ ਲੋਕਾਂ ਨੇ ਨਸ਼ਟ ਕਰ ਦਿੱਤਾ।

‘ਆਪ’ ਆਗੂਆਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੀ ਸਥਾਪਨਾ ਹੋਈ ਸੀ ਤਾਂ ਕਿਹਾ ਗਿਆ ਸੀ ਕਿ ਪਾਰਟੀ ਵਿੱਚ ਸ਼ਰਾਬ ਅਤੇ ਹੋਰ ਤਰ੍ਹਾਂ ਦੇ ਨਸ਼ੇ ਕਰਨ ਵਾਲੇ ਲੋਕਾਂ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਮਾਸਟਰ ਤਾਰਾ ਸਿੰਘ ਅਤੇ ਹੋਰ ਸੰਸਥਾਪਕ ਮੈਂਬਰਾਂ ਨੇ ਬਹੁਤ ਹੀ ਮਿਹਨਤ ਅਤੇ ਸੰਘਰਸ਼ ਕਰਕੇ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੇ ਕਦੇ ਵੀ ਆਪਣੇ ਅਸੂਲਾਂ ਨਾਲ ਸਮਝੌਤਾ ਨਹੀਂ ਕੀਤਾ, ਪਰੰਤੂ ਬਾਦਲ ਪਰਿਵਾਰ ਨੇ ਅਕਾਲੀ ਦਲ ਉੱਤੇ ਕਬਜ਼ਾ ਕਰ ਲਿਆ ਅਤੇ ਪਾਰਟੀ ਦੇ ਸਾਰੇ ਅਸੂਲਾਂ ਨੂੰ ਦਫ਼ਨ ਕਰ ਦਿੱਤਾ। ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਗਈ ਜਾਣਕਾਰੀ ਦੇ ਦਸਤਾਵੇਜ਼ ਦਿਖਾਉਂਦੇ ਹੋਏ ‘ਆਪ’ ਆਗੂ ਨੇ ਕਿਹਾ ਕਿ ਜਿਸ ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ ਨਸ਼ੇ ਕਰਨ ਵਾਲਿਆਂ ਨੂੰ ਪਾਰਟੀ ਦੀ ਮੈਂਬਰੀ ਤੱਕ ਨਹੀਂ ਦਿੱਤੀ ਜਾਵੇਗੀ, ਉਸ ਦੇ ਪ੍ਰਧਾਨ ਨੇ ਸਿਗਰਟ ਬਣਾਉਣ ਵਾਲੀ ਕੰਪਨੀ, ਜੋ ਕਰੋੜਾਂ ਲੋਕਾਂ ਨੂੰ ਨਸ਼ੇ ਦਾ ਸ਼ਿਕਾਰ ਬਣਾਉਂਦੀ ਹੈ, ਉਸ ਤੋਂ 28 ਮਾਰਚ 2019 ਨੂੰ ਚੰਦੇ ਦੇ ਰੂਪ ਵਿੱਚ 15 ਲੱਖ ਰੁਪਏ ਲਏ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ ਰਾਜਸਥਾਨ ਲੀਕਰ ਲਿਮਿਟੇਡ ਨੇ 10 ਮਈ 2019 ਨੂੰ 25 ਲੱਖ ਰੁਪਏ ਚੰਦੇ ਦੇ ਰੂਪ ਵਿੱਚ ਲਏ। ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਦੇ ਅਕਸ ਨੂੰ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਨੇ ਪੂਰੀ ਤਰ੍ਹਾਂ ਬਰਬਾਦ ਅਤੇ ਦਾਗ਼ਦਾਰ ਕਰ ਦਿੱਤਾ, ਇਸ ਲਈ ਹੁਣ ਤੋਂ ਅਕਾਲੀ ਦਲ ਨੂੰ ਬਾਦਲ ਦਲ ਕਿਹਾ ਜਾਵੇ।

ਉਨ੍ਹਾਂ ਨੇ ਅਕਾਲੀ ਦਲ ਨੂੰ ਪਿਛਲੇ ਦੋ ਸਾਲਾਂ ਵਿੱਚ ਮਿਲੇ ਫ਼ੰਡ ਸੰਬੰਧੀ ਦੱਸਦੇ ਹੋਏ ਕਿਹਾ ਕਿ 2018 ਵਿੱਚ ਅਕਾਲੀ ਦਲ ਨੂੰ ਮਿਲੇ ਪੌਣੇ ਦੋ ਕਰੋੜ ਰੁਪਏ ਵਿੱਚੋਂ 1 ਕਰੋੜ ਤੀਹ ਲੱਖ ਰੁਪਏ ਯਾਨੀ ਲਗਭਗ 75 ਫ਼ੀਸਦੀ ਰਾਸ਼ੀ ਬਾਦਲ ਪਰਿਵਾਰ ਨਾਲ ਸਬੰਧਿਤ ਕੰਪਨੀਆਂ ਨੇ ਦਿੱਤਾ। ਉੱਥੇ ਹੀ 2017 ਵਿੱਚ ਲਗਭਗ 76 ਫ਼ੀਸਦੀ ਪੈਸਾ ਬਾਦਲ ਪਰਿਵਾਰ ਨਾਲ ਸੰਬੰਧਿਤ ਕੰਪਨੀਆਂ ਨੇ ਦਿੱਤਾ। ਸੁਖਬੀਰ ਬਾਦਲ ਨੇ ਅਕਾਲੀ ਦਲ ਨੂੰ ਬਾਦਲ ਪ੍ਰਾਈਵੇਟ ਲਿਮਿਟੇਡ ਬਣਾ ਦਿੱਤਾ ਹੈ। ਹੁਣ ਪਾਰਟੀ ਸੁਖਬੀਰ ਬਾਦਲ ਦੇ ਵਪਾਰ ਦਾ ਸਾਧਨ ਬਣ ਗਈ ਹੈ। ਮੀਡੀਆ ਤੋਂ ਲੈ ਕੇ ਟਰਾਂਸਪੋਰਟ ਹਰ ਤਰ੍ਹਾਂ ਦੇ ਕੰਮ-ਕਾਜ ਵਿੱਚ ਸੁਖਬੀਰ ਬਾਦਲ ਦਾ ਪੈਸਾ ਲੱਗਿਆ ਹੋਇਆ ਹੈ ।

ਉਨ੍ਹਾਂ ਨੇ ਕਿਹਾ ਕਿ ਇੱਕ ਪਾਸੇ ਸੁਖਬੀਰ ਬਾਦਲ ਨਸ਼ੀਲੇ ਪਦਾਰਥ ਬਣਾਉਣ ਵਾਲੀ ਕੰਪਨੀਆਂ ਤੋਂ ਪਾਰਟੀ ਫ਼ੰਡ ਲਈ ਪੈਸਾ ਲੈ ਰਿਹਾ ਹੈ ਅਤੇ ਦੂਜੇ ਪਾਸੇ ਆਪਣੀ ਧੀ ਦਾ ਕਤਲ ਕਰਨ ਵਾਲੀ ਮਹਿਲਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ। ਅਜਿਹਾ ਕਰਕੇ ਸੁਖਬੀਰ ਬਾਦਲ ਨੇ ਅਕਾਲੀ ਦਲ, ਸਿੱਖ ਧਰਮ ਅਤੇ ਪੰਜਾਬ ਤਿੰਨਾਂ ਨੂੰ ਕਲੰਕਿਤ ਕਰ ਦਿੱਤਾ ਹੈ। ‘ਆਪ’ ਆਗੂਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਇਸ ਕਲੰਕਿਤ ਕਾਰਜ ਲਈ ਸੁਖਬੀਰ ਬਾਦਲ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਬਾਦਲ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਸੁਖਬੀਰ ਬਾਦਲ ਅਤੇ ਬਾਦਲ ਪਰਿਵਾਰ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ।

Jeeo Punjab Bureau

Leave A Reply

Your email address will not be published.