FCI ਦੇ ਮੁੱਖ ਦਫਤਰ ਦਾ ਛੇ ਘੰਟਿਆਂ ਤੱਕ ਮੁੱਕਮਲ ਘਿਰਾਓ ਕੀਤਾ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 5 ਅਪ੍ਰੈਲ

ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਕੇਂਦਰੀ ਖਰੀਦ ਅਜੰਸੀ ਫੂਡ ਕਾਰਪੋਰੇਸ਼ਨ ਆਫ ਇੰਡਿਆ( ਐਫਸੀਆਈ) ਵੱਲੋਂ ਇਸ ਹਾੜੀ ਦੇ ਸੀਜ਼ਨ ਵਿੱਚ ਕਣਕ ਦੀ ਖਰੀਦ ਦੀ ਅਦਾਇਗੀ ਨੂੰ ਜ਼ਮੀਨੀ ਰਿਕਾਰਡ ਨਾਲ਼ ਜੋੜ ਕੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਰਚੀ ਸਾਜਿਸ਼ ਖਿਲਾਫ ਪਟਿਆਲਾ ਜ਼ਿਲੇ ਦੇ ਸੈਂਕੜੇ ਕਿਸਾਨਾਂ ਨੇ ਸਰਹਿੰਦ ਰੋਡ ਨੂੰ ਜਾਮ ਕਰਕੇ ਐਫਸੀਆਈ ਦੇ ਮੁੱਖ ਦਫਤਰ ਦਾ ਛੇ ਘੰਟਿਆਂ ਤੱਕ ਮੁੱਕਮਲ ਘਿਰਾਓ ਕਰਕੇ ਰੋਹ ਭਰਪੂਰ ਮੁਜ਼ਾਹਰਾ ਕੀਤਾ। ਇਸ ਘਿਰਾਓ ਦੀ ਅਗਵਾਈ ਸੰਯੁਕਤ ਕਿਸਾਨ ਮੋਰਚੇ ਦੀ ਪਟਿਆਲਾ ਇਕਾਈ ਵਿੱਚ ਸ਼ਾਮਲ ਕਿਸਾਨ ਜੱਥੇਬੰਦੀਆਂ ਵੱਲੋਂ ਕੀਤੀ ਗਈ।

ਐਫਸੀਆਈ ਦੇ ਗੇਟ ਅੱਗੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਗੁਰਮੇਲ ਢੱਕੜਬਾ, ਹਰੀ ਸਿੰਘ, ਗੁਰਮੀਤ ਦਿੱਤੂਪੁਰ, ਸ਼ੇਰ ਸਿੰਘ ਕਾਕੜਾ, ਦਲਜੀਤ ਸਿੰਘ, ਗੁਰਨਾਮ ਸਿੰਘ, ਕੁਲਵੰਤ ਮੌਲਵੀਵਾਲਾ, ਗੁਰਚਰਨ ਸਿੰਘ ਨੇ ਕਿਹਾ ਕਿ ਭਾਜਪਾ ਹਕੂਮਤ ਨੇ ਮੁਲਕ ਦੇ ਖੇਤੀ ਅਰਥਚਾਰੇ ਸਮੇਤ ਲੋਕਾਂ ਦੀ ਕਿਰਤ ਨਾਲ਼ ਉਸਰੇ ਵੱਡੇ ਜਨਤਕ ਅਦਾਰਿਆਂ ਦੀ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਅੱਗੇ ਬੇਕਿਰਕ ਨਿਲਾਮੀ ਕਰਕੇ ਵੇਚਣ ਲਈ ਤਿੱਖੇ ਨੀਤੀਗਤ ਹਮਲੇ ਵਿੱਢੇ ਹੋਏ ਹਨ। ਵਿਸ਼ਵ ਬੈੰਕ, ਅੰਤਰਾਸ਼ਟਰੀ ਮੁਦਰਾ ਕੋਸ਼ ਨਿਰਦੇਸ਼ਤ ਨਿੱਜੀਕਰਨ, ਵਿਸ਼ਵੀਕਰਨ, ਉਦਾਰੀਕਰਨ ਦੀਆਂ ਨੀਤੀਆਂ ਤਹਿਤ ਫਸਲਾਂ ਦੀ ਖਰੀਦ, ਭਾਅ, ਭੰਡਾਰਨ ਅਤੇ ਵੰਡ ਵਿੱਚੋੰ ਬਾਹਰ ਹੋਣ ਲਈ ਲਿਆਂਦੇ ਤਿੰਨ ਖੇਤੀ ਕਨੂੰਨਾਂ ਖਿਲਾਫ ਪੰਜਾਬ ਚੋਂ ਉੱਠੀ ਕਿਸਾਨੀ ਲਹਿਰ ਸਾਰੇ ਦੇਸ਼ ਦੀ ਕਿਰਸਾਨੀ ਨੂੰ ਜਗਾਉਂਦੀ ਹੋਈ ਕੌਮੀ ਲਹਿਰ ਵਰਗਾ ਸਰੂਪ ਧਾਰ ਚੁੱਕੀ ਹੈ। ਜਿਸ ਤੋਂ ਬੁਖਲਾਈ ਕੇਂਦਰੀ ਸਰਕਾਰ ਨੇ ਪੰਜਾਬ ਦੀ ਅਗਵਾਈ ਅਤੇ ਖੇਤੀ ਨਾਲ਼ ਜੁੜੇ ਵੱਖ ਵੱਖ ਵਰਗਾਂ ਦੀ ਇਮੁੱਠ ਤਾਕਤ ਨੂੰ ਖੋਰਾ ਲਾਉਣ ਲਈ ਕਣਕ ਦੀ ਖਰੀਦ ਲਈ ਜ਼ਮੀਨੀ ਫਰਦਾਂ ਨੂੰ ਲਾਜ਼ਮੀ ਕੀਤਾ ਹੈ। ਜਦਕਿ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਚਾਲ਼ੀ ਫਿਸਦੀ ਠੇਕਾ ਖੇਤੀ ਹੁੰਦੀ ਹੈ ਅਤੇ ਇਹਨਾਂ ਠੇਕਾ ਖੇਤੀ ਕਰਨ ਵਾਲੇ ਕਿਸਾਨਾਂ ਕੋਲ਼ ਜ਼ਮੀਨੀ ਮਾਲਕੀ ਦਾ ਰਿਕਾਰਡ ਨਹੀਂ ਹੈ। ਦਹਾਕਿਆਂ ਤੋਂ ਫਸਲਾਂ ਦੀ ਖਰੀਦ ਲਈ ਚੱਲ ਰਹੀ ਚਲੰਤ ਪ੍ਰਣਾਲੀ ਵਿੱਚ ਲਾਈਆਂ ਜਾ ਰਹੀਆਂ ਬੇਲੋੜੀਆਂ ਸ਼ਰਤਾਂ, ਕਿਸਾਨਾਂ ਨੂੰ ਪੰਜਾਬ ਵਿੱਚ ਉਲਝਾ ਕੇ ਦਿੱਲੀ ਮੋਰਚਿਆਂ ਦੀ ਤਾਕਤ ਨੂੰ ਕਮਜ਼ੋਰ ਕਰਨ ਅਤੇ ਫਸਲਾਂ ਦੀ ਸਰਕਾਰੀ ਖਰੀਦ ਚੋਂ ਬਾਹਰ ਹੋ ਕੇ ਕਾਰਪੋਰੇਟ ਖੇਤੀ ਮਾਡਲ ਨੂੰ ਬਦਲ ਵੱਜੋਂ ਲਿਆਉਣ ਦੀ ਵਡੇਰੀ ਸਾਜਿਸ਼ ਦਾ ਹਿੱਸਾ ਹਨ।

ਕਿਸਾਨ ਆਗੂਆਂ ਰਣਜੀਤ ਸਿੰਘ ਆਕੜ, ਅਵਤਾਰ ਕੌਰਜੀਵਾਲਾ, ਦਵਿੰਦਰ ਪੂਨੀਆ, ਲਾਲ ਸਿੰਘ ਕਲਾਰਾਂ, ਬਲਦੇਵ ਬਠੋਈ ਨੇ ਐਲਾਨ ਕੀਤਾ ਕਿ ਇਸ ਹਾੜੀ ਦੇ ਸੀਜ਼ਨ ਵਿੱਚ ਪੰਜਾਬ ਦੇ ਕਿਸਾਨ ਦਿੱਲੀ ਕਿਸਾਨ ਮੋਰਚਿਆਂ ਨੂੰ ਵੀ ਸਾਂਭਣਗੇ ਅਤੇ ਕਣਕ ਦੀ ਫਸਲ ਪਹਿਲਾਂ ਵਾਂਗ ਹੀ ਬਿਨਾਂ ਕਿਸੇ ਜ਼ਮੀਨੀ ਕਾਗਜ਼ਾਂ ਤੋਂ ਸਰਕਾਰੀ ਮੰਡੀਆਂ ਵਿੱਚ ਵੇਚਣਗੇ। ਤਿੰਨ ਖੇਤੀ ਕਨੂੰਨਾਂ ਦੇ ਮੁਕੰਮਲ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਅੱਜ ਦੇ ਕਿਸਾਨ ਇਕੱਠ ਨੇ ਇੱਕ ਅਵਾਜ਼ ਵਿੱਚ  ਐਫਸੀਆਈ ਦੇ ਹੁਕਮਾਂ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ।

Jeeo Punjab Bureau

Leave A Reply

Your email address will not be published.