School Collage ਬੰਦ ਕਰਨ ਦੇ ਖਿਲਾਫ ਪਿੰਡ-ਪਿੰਡ ਪ੍ਰਦਰਸ਼ਨ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 3 ਅਪ੍ਰੈਲ

ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੋਰੋਨਾ ਦੇ ਕੇਸ ਵਧਣ ਦੇ ਬਹਾਨੇ ਹੇਠ ਪੰਜਾਬ ਦੀਆਂ ਵਿੱਦਿਅਕ ਸੰਸਥਾਵਾਂ ਨੂੰ ਮੁੜ ਬੰਦ ਕਰਨ ਦੇ ਦਿੱਤੇ ਹੁਕਮਾਂ ਖ਼ਿਲਾਫ਼ ਸਕੂਲਾਂ ਕਾਲਜਾਂ ਨੂੰ ਖੁੱਲ੍ਹਵਾਉਣ ਲਈ ਪੰਜਾਬ ਪੱਧਰ ਤੇ ਨੌੰ ਜਥੇਬੰਦੀਆਂ ਦੇ ਬਣੇ ਸਾਂਝਾ ਥੜ੍ਹੇ ਦੇ ਸੱਦੇ ਤਹਿਤ ਅੱਜ ਵਿਦਿਆਰਥੀ ਏਕਤਾ ਕਮੇਟੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਨੇੜ੍ਹਲੇ ਪਿੰਡਾਂ ਵਿਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਜਿਸ ਤਹਿਤ ਪਿੰਡ ਢਪਾਲੀ , ਪੂਹਲੀ ,ਕਾਲਾ ਪੱਤੀ ਅਤੇ ਕਰਮਚੰਦ ਪਤੀ ਮਹਿਰਾਜ ਵਿਖੇ ਰੋਸ ਪ੍ਰਦਰਸ਼ਨ ਕੀਤੇ ਗਏ।

ਇਸ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਵੱਲੋਂ ਅਮਿਤੋਜ ਮੌੜ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਐਲਾਨ ਕਰਨਾ ਵਿਦਿਆਰਥੀਆਂ ਨਾਲ ਬਹੁਤ ਵੱਡਾ ਧੱਕਾ ਹੈ, ਵਿਗਿਆਨੀਆਂ ਡਾਕਟਰਾਂ ਨੇ ਇਹ ਸਾਬਤ ਕੀਤਾ ਹੈ ਕਿ ਲੌਕਡਾਊਨ ਕੋਰੋਨਾ ਦਾ ਕੋਈ ਹੱਲ ਨਹੀਂ। ਜਿੱਥੇ ਤਮਾਮ ਹੋਰ ਅਦਾਰੇ ਖੁੱਲ੍ਹੇ ਹਨ, ਵੱਡੀਆਂ-ਵੱਡੀਆਂ ਸਿਆਸੀ ਰੈਲੀਆਂ ਕੀਤੀਆਂ ਜਾ ਰਹੀਆਂ ਹਨ,ਦਾਰੂ ਦੇ ਠੇਕੇ, ਸਿਨਮੇ, ਮਾਲ ਅਤੇ ਧਾਰਮਿਕ ਸਥਾਨ ਖੁੱਲ੍ਹੇ ਹਨ, ਉੱਥੇ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਨ ਦਾ ਫੁਰਮਾਨ ਜਾਰੀ ਕਰਨਾ ਪੰਜਾਬ ਸਰਕਾਰ ਉੱਤੇ ਸਵਾਲ ਖੜ੍ਹੇ ਕਰਦਾ ਹੈ। ਆਨਲਾਈਨ ਪੜ੍ਹਾਈ ਦੇ ਨਾਮ ਹੇਠ ਵਿਦਿਆਰਥੀਆਂ ਦੇ ਦਿਮਾਗ਼ਾਂ ਨੂੰ ਥੋਥਾ ਕੀਤਾ ਜਾ ਰਿਹਾ ਹੈ। ਅਸਲ ਵਿਚ ਕੋਰੋਨਾ ਦਾ ਬਹਾਨਾ ਬਣਾ ਕੇ ਸਿੱਖਿਆ ਅਤੇ ਹੋਰ ਜਨਤਕ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਸਰਕਾਰਾਂ ਵਿੱਦਿਅਕ ਸੰਸਥਾਵਾਂ ਦਾ ਭੋਗ ਪਾਉਣਾ ਚਾਹੁੰਦੀਆਂ ਹਨ।

ਇਸ ਮੌਕੇ ਬਸੰਤ ਸਿੰਘ ਨੇ ਆਖਿਆ ਕਿ ਪਿਛਲੇ ਸਾਲ ਦੇ ਲਾਕਡਾਊਨ ਦੇ ਝੰਬੇ ਲੋਕ ਹਾਲੇ ਵੀ ਸੰਭਲੇ ਨਹੀਂ ਹਨ।ਲੋਕਾਂ ਦੀ ਆਰਥਿਕਤਾ ਬੁਰੀ ਤਰ੍ਹਾਂ ਡਗਮਗਾਈ ਹੋਈ ਹੈ ਪਰ ਬੇਸ਼ਰਮੀ ਦੀ ਹੱਦ ਹੈ ਕਿ ਵਿਦਿਆਰਥੀਆਂ ਤੋਂ ਫੀਸਾਂ ਭਰਵਾ ਸਰਕਾਰ ਨੇ ਵਿੱਦਿਅਕ ਸੰਸਥਾਵਾਂ ਨੂੰ ਮੁੜ ਬੰਦ ਕਰ ਦਿੱਤਾ ਹੈ।

ਇੱਕ ਪਾਸੇ ਪੰਜਾਬ ਸਰਕਾਰ ਕੇਂਦਰ ਦੇ ਅਖੌਤੀ ਵਿਰੋਧ ਦਾ ਵਿਖਾਵਾ ਕਰ ਰਹੀ ਹੈ ਪਰ ਦੂਸਰੇ ਪਾਸੇ ਬੀਜੇਪੀ ਨਾਲ ਆਪਣੀ ਯਾਰੀ ਪੁਗਾਉਂਦੀ ਹੋਈ ਲੋਕਾਂ ਦਾ ਮੂੰਹ ਬੰਦ ਕਰਨ ਲੱਗੀ ਹੋਈ ਹੈ।ਪਿਛਲੇ ਦਿਨੀਂ ਕੈਪਟਨ ਦੀ ਮੀਟਿੰਗ ਇਸ ਗੱਲ ‘ਤੇ ਸਾਫ ਮੋਹਰ ਲਾਉਦੀ ਹੈ।ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਜਦੋਂ ਕੋਈ ਮਹਾਮਾਰੀ ਆਉਦੀ ਹੈ ਤਾਂ ਲੋੜ ਹੁੰਦੀ ਹੈ ਕਿ ਜਨਤਕ ਸਿਹਤ ਢਾਂਚੇ ਨੂੰ ਮਜ਼ਬੂਤ ਬਣਾਇਆ ਜਾਵੇ ,ਪ੍ਰਾਈਵੇਟ ਹਸਪਤਾਲਾਂ ਆਦਿ ਦਾ ਕੰਟਰੌਲ ਸਰਕਾਰੀ ਹੱਥਾਂ ‘ਚ ਲਿਆ ਜਾਵੇ।ਸਰਕਾਰ ਨੇ ਉਪਰੋਕਤ ‘ਚੋਂ ਕੁੱਝ ਵੀ ਕਰਨ ਦੀ ਬਜਾਏ ਲੋਕਾਂ ਦੇ ਮੂੰਹਾਂ ‘ਤੇ ਛਿੱਕਲੀਆਂ ਬੰਨਣ ਲੱਗੀ ਹੈ।

ਇਸਨੂੰ ਬਿਲਕੁਲ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ।ਜਦੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਪੰਜਾਬ ਦੇ ਲੋਕ ਚਾਰ ਮਹੀਨੇ ਪਾਰ ਕਰਕੇ ਪੰਜਵੇਂ ‘ਚ ਦਾਖਲ ਹੋ ਗਏ ਹਨ ਤਾਂ ਅਜਿਹੇ ਸਮੇਂ ਵਿਦਿਆਰਥੀਆਂ ਦਾ ਆਪਣੀ ਪੜਾਈ ਨੂੰ ਲੈ ਸਰਕਾਰ ਨੂੰ ਘੇਰਨਾ ਸੁਲੱਖਣਾ ਵਰਤਾਰਾ ਹੈ। ਲਾਜ਼ਮੀ ਹੈ ਕਿ ਇਹ ਲੜਾਈ ਆਪਣੀਆਂ ਵਿੱਦਿਅਕ ਸੰਸਥਾਵਾਂ ਖੁੱਲਵਾਉਣ ਤੱਕ ਜਾਰੀ ਰਹੇਗੀ।ਇਸ ਤੋਂ ਅਗਾਂਹ ਸਿੱਖਿਆ ਦਾ ਨਿੱਜੀਕਰਨ ਕਰਨ ਦੀਆਂ ਚਾਲਾਂ ਨੂੰ ਵੀ ਮੋੜਾ ਪਾਵੇਗੀ।

ਇਸ ਮੌਕੇ ਵਿਦਿਆਰਥੀ ਸਤਨਾਮ ਸਿੰਘ , ਬੱਬਲਜੀਤ ਸਿੰਘ , ਜਸ ਮਹਿਰਾਜ , ਚਮਕੌਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਚ ਕਿਸਾਨ ਮਜ਼ਦੂਰ ਮੌਜੂਦ ਸਨ।

Jeeo Punjab Bureau

Leave A Reply

Your email address will not be published.