Justice Mehtab Singh Gill ਹੋਣਗੇ ਪੰਜਾਬ ਵਿਜੀਲੈਂਸ ਕਮਿਸ਼ਨ ਦੇ ਪਹਿਲੇ ਚੇਅਰਮੈਨ

ਜੀਓ ਪੰਜਾਬ ਬਿਊਰੋ

ਰਾਜੀਵ ਮਠਾੜੂ

ਚੰਡੀਗੜ 3 ਅਪਰੈਲ

ਪੰਜਾਬ ਸਰਕਾਰ ਵੱਲੋਂ  ਗਠਿਤ ਕੀਤੇ ਜਾਣ ਵਾਲੇ ਵਿਜੀਲੈਂਸ ਕਮਿਸ਼ਨ ਦੇ ਪਹਿਲੇ ਮੁਖੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ (ਜਸਟਿਸ) ਮਹਿਤਾਬ ਸਿੰਘ ਗਿੱਲ ਹੋਣਗੇ। ਸੂਤਰਾਂ ਦਾ ਦੱਸਣਾ ਹੈ ਕਿ ਸਰਕਾਰ ਵੱਲੋਂ ਭੇਜੇ ਪੈਨਲ ਵਿੱਚੋਂ ਰਾਜ ਦੇ ਗਵਰਨਰ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਜਸਟਿਸ ਗਿੱਲ ਦੇ ਨਾਮ ’ਤੇ ਸਹੀ ਪਾ ਦਿੱਤੀ ਹੈ। ਉਨਾਂ ਦਾ ਸਹੁੰ ਚੁੱਕ ਸਮਾਗਮ ਵੀ ਅਪਰੈਲ ਮਹੀਨੇ ਦੇ ਪਹਿਲੇ ਜਾਂ ਦੂਜੇ ਹਫਤੇ ਹੋਣ ਦੇ ਆਸਾਰ ਹਨ। ਸਰਕਾਰ ਵੱਲੋਂ ਕੁੱਝ ਮਹੀਨੇ ਪਹਿਲਾਂ ਹੀ ਸੂਬਾਈ ਵਿਜੀਲੈਂਸ ਕਮਿਸ਼ਨ ਦੇ ਗਠਨ ਦਾ ਫੈਸਲਾ ਕੀਤਾ ਗਿਆ ਸੀ। ਕਮਿਸ਼ਨ ਦੇ ਗਠਨ ਤੋਂ ਬਾਅਦ ਵਿਜੀਲੈਂਸ ਬਿਓਰੋ ਵੱਲੋਂ ਭਿ੍ਰਸ਼ਟਾਚਾਰ ਜਾਂ ਹੋਰਨਾਂ ਮਾਮਲਿਆਂ ’ਤੇ ਕਾਰਵਾਈ ਕਮਿਸ਼ਨ ਦੀ ਹਰੀ ਝੰਡੀ ਤੋਂ ਬਾਅਦ ਹੀ ਕੀਤਾ ਜਾਇਆ ਕਰੇਗੀ।

ਸਰਕਾਰ ਵੱਲੋਂ ਇਸ ਕਮਿਸ਼ਨ ਵਿੱਚ ਦੋ ਮੈਂਬਰਾਂ ਦੀ ਨਿਯੁਕਤੀ ਲਈ ਵੀ ਵਿਵਸਥਾ ਕੀਤੀ ਗਈ ਹੈ ਤੇ ਇਸ ਨਿਯੁਕਤੀ ਲਈ ਸੇਵਾ ਮੁਕਤ ਆਈਏਐਸ ਅਧਿਕਾਰੀਆਂ ਵੱਲੋਂ ਹੱਥ ਪੈਰ ਮਾਰੇ ਜਾ ਰਹੇ ਹਨ।  ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਲੇਠੇ ਕਾਰਜਕਾਲ ਦੌਰਾਨ ਵੀ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਸਾਲ 2006 ਵਿੱਚ ਇਸੇ ਤਰਾਂ ਵਿਜੀਲੈਂਸ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਇਸ ਤੋਂ ਬਾਅਦ ਸਾਲ 2007 ਵਿੱਚ ਅਕਾਲੀ ਭਾਜਪਾ ਸਰਕਾਰ ਦਾ ਗਠਨ ਹੋਣ ਤੋਂ ਬਾਅਦ ਕਮਿਸ਼ਨ ਭੰਗ ਕਰ ਦਿੱਤਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਓਰੋ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾਵਾਂ ’ਤੇ ਭਿ੍ਰਸ਼ਟਾਚਾਰ ਦੇ ਮਾਮਲੇ ਦਰਜ ਕੀਤੇ ਸਨ। ਇਨਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਵਿੱਚ ਗਵਾਹਾਂ ਖਾਸ ਕਰ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਹੀ ਆਪਣੇ ਪਹਿਲੇ ਬਿਆਨਾਂ ਤੋਂ ਮੁੱਕਰਨ ਕਰਕੇ ਵਿਜੀਲੈਂਸ ਦੀ ਕਾਰਗੁਜ਼ਾਰੀ ’ਤੇ ਇੱਕ ਤਰਾਂ ਨਾਲ ਸਵਾਲੀਆ ਨਿਸ਼ਾਨ ਲੱਗਿਆ ਹੋਇਆ ਹੈ। ਇਸੇ ਤਰਾਂ ਅਕਾਲੀ ਸਰਕਾਰ ਦੇ ਸਮੇਂ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਪੁੱਤਰ ਰਣਇੰਦਰ ਸਿੰਘ ਟਿੱਕੂ ’ਤੇ ਵੀ ਵਿਜੀਲੈਂਸ ਨੇ ਮਾਮਲੇ ਦਰਜ ਕੀਤੇ ਸਨ।

ਇਹ ਮਾਮਲੇ ਵੀ ਕਿਸੇ ਤਣ ਪੱਤਣ ਨਹੀਂ ਲੱਗੇ ਸਗੋਂ ਮਾਮਲੇ ਦਰਜ ਕਰਨ ਵਾਲੀ ਸੰਸਥਾ ਵੀ ਮਾਮਲੇ ਖਤਮ ਕਰਨ ’ਤੇ ਜ਼ੋਰ ਦੇ ਰਹੀ ਹੈ। ਸਿਆਸਤਦਾਨਾਂ ਦੇ ਦੋਸ਼ ਹਨ ਕਿ ਸਮੇਂ ਦੀਆਂ ਸਰਕਾਰਾਂ ਵਿਜੀਲੈਂਸ ਬਿਓਰੋ ਦੀ ਵਰਤੋਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਕਰਦੀਆਂ ਹਨ। ਇਹ ਵੀ ਦੇਖਿਆ ਗਿਆ ਹੈ ਕਿ ਵਿਜੀਲੈਂਸ ਵੱਲੋਂ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਘਿਰੇ ਸਿਆਸਤਦਾਨਾਂ ਅਤੇ ਅਫਸਰਾਂ ਖਿਲਾਫ ਕਾਰਵਾਈ ਕਰਨ ਤੋਂ ਕੰਨੀ ਕਤਰਾਈ ਜਾਂਦੀ ਹੈ। ਵਿਜੀਲੈਂਸ ਕਮਿਸ਼ਨ ਦੇ ਗਠਨ ਤੋਂ ਬਾਅਦ ਭਿ੍ਰਸ਼ਟਾਚਾਰ ’ਚ ਲੱਥ ਪੱਥ ਵੱਡੀਆਂ ਮੱਛੀਆਂ ਵੀ ਵਿਜੀਲੈਂਸ ਦੇ ਕਾਬੂ ਆਉਣਗੀਆਂ ਇਹ ਸਵਾਲ ਇਸ ਸਮੇਂ ਆਮ ਲੋਕਾਂ ਦੀ ਜ਼ੁਬਾਨ ’ਤੇ ਹੈ।

Jeeo Punjab Bureau

Leave A Reply

Your email address will not be published.