ਅਕਾਲੀ ਦਲ ਨੂੰ ਚੋਣ ਲੜਨ ਵਾਲੀਆਂ ਧਾਰਮਿਕ ਪਾਰਟੀਆਂ ਦੀ ਲਿਸਟ ਵਿਚ ਨਹੀਂ ਕੀਤਾ ਸ਼ਾਮਲ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 31 ਮਾਰਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ 25 ਅਪ੍ਰੈਲ 2021 ਨੂੰ ਹੋਣਗੀਆਂ ਜਦਕਿ ਚੋਣਾਂ ਦੇ ਨਤੀਜੇ 28 ਅਪ੍ਰੈਲ ਨੂੰ ਐਲਾਨੇ ਜਾਣਗੇ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (SAD) ਬਾਦਲ ਇਸ ਵਾਰ ਇਹ ਚੋਣਾਂ ਨਹੀਂ ਲੜ ਸਕੇਗਾ। ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਅਕਾਲੀ ਦਲ ਨੂੰ ਚੋਣ ਲੜਨ ਵਾਲੀਆਂ ਧਾਰਮਿਕ ਪਾਰਟੀਆਂ ਦੀ ਲਿਸਟ ਵਿਚ ਸ਼ਾਮਲ  ਨਹੀਂ ਕੀਤਾ ਹੈ। ਜਾਰੀ ਲਿਸਟ ਵਿਚ ਕਰੀਬ ਅੱਧੀ ਦਰਜਨ ਪਾਰਟੀਆਂ ਨੂੰ ਹੀ ਚੋਣ ਨਿਸ਼ਾਨ ਵੰਡੇ ਗਏ ਹਨ। ਅਕਾਲੀ ਦਲ ਬਾਦਲ ਵੱਲੋਂ ਡਾਇਰੈਕਟੋਰੇਟ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਪਿਛਲੀਆਂ 2 ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ ਪਰ ਇਸ ਵਾਰ ਗੁਰਦੁਆਰਾ ਐਕਟ ਦੇ ਸੋਧੇ ਹੋਏ ਨਿਯਮ ਮੁਤਾਬਿਕ ਚੋਣਾਂ ਕਰਵਾਏ ਜਾਣ ਕਾਰਨ ਬਾਦਲ ਦਲ ਦੀਆਂ ਦਿੱਕਤਾਂ ਵਧ ਸਕਦੀਆਂ ਹਨ, ਕਿਉਂਕਿ ਸੋਧੇ ਨਿਯਮ ਮੁਤਾਬਿਕ ਸਿਰਫ ਸੁਸਾਇਟੀ ਐਕਟ ਤਹਿਤ ਰਜਿਸਟਰਡ ਧਾਰਮਿਕ ਪਾਰਟੀਆਂ ਹੀ ਦਿੱਲੀ ਗੁਰਦੁਆਰਾ ਚੋਣਾਂ ਲੜ ਸਕਦੀਆਂ ਹਨ । ਚੋਣ ਪ੍ਰੋਗਰਾਮ ਮੁਤਾਬਿਕ ਬੁੱਧਵਾਰ 31 ਮਾਰਚ ਤੋਂ ਹੀ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਤੇ ਨਾਮਜ਼ਦਗੀ ਪਰਚੇ ਦਾਖਲ ਕਰਨ ਦੀ ਆਖਰੀ ਤਰੀਕ 7 ਅਪ੍ਰੈਲ ਹੋਵੇਗੀ। ਨਾਮਜ਼ਦਗੀ ਪਰਚਿਆਂ ਦੀ ਜਾਂਚ 8 ਅਪ੍ਰੈਲ ਨੂੰ ਹੋਏਗੀ ਤੇ 10 ਅਪ੍ਰੈਲ ਤੱਕ ਨਾਂ ਵਾਪਸ ਲਏ ਜਾ ਸਕਣਗੇ। 25 ਅਪ੍ਰੈਲ ਐਤਵਾਰ ਨੂੰ ਦਿੱਲੀ ਦੇ ਸਾਰੇ 46 ਚੋਣ ਹਲਕਿਆਂ ‘ਚ ਵੋਟਾਂ ਪੈਣਗੀਆਂ ਤੇ ਗਿਣਤੀ 28 ਅਪ੍ਰੈਲ ਨੂੰ ਹੋਵੇਗੀ। ਇਸ ਵਾਰ ਚੋਣ ਮੁਕਾਬਲੇ ‘ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਤੋਂ ਇਲਾਵਾ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਾਲੀ ਜਾਗੋ ਪਾਰਟੀ ਵੀ ਚੁਣੌਤੀ ਦੇਣ ਲਈ ਮੈਦਾਨ ‘ਚ ਉਤਰੇਗੀ।  ਨਾਲ ਹੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਜਥੇਬੰਦੀ, ਵਡਾਲਾ ਗਰੁੱਪ ਤੇ ਪੰਥਕ ਸੇਵਾ ਦਲ ਦੇ ਉਮੀਦਵਾਰ ਵੀ ਚੋਣ ਮੈਦਾਨ ‘ਚ ਹੋਣਗੇ।

Jeeo Punjab Bureau

Leave A Reply

Your email address will not be published.