9 ਵਿਦਿਆਰਥੀ ਜਥੇਬੰਦੀਆਂ ਨੇ ਵਿੱਦਿਅਕ ਸੰਸਥਾਵਾਂ ਨੂੰ ਖੁਲ੍ਹਵਾਉਣ ਲਈ Punjab ਦੇ 13 ਜ਼ਿਲ੍ਹਿਆਂ ਤੇ Chandigarh ‘ਚ ਕੀਤਾ ਰੋਸ ਪ੍ਰਦਰਸ਼ਨ

ਜੀਓ ਪੰਜਾਬ ਬਿਊਰੋ

ਚੰਡੀਗੜ੍ਹ, 31 ਮਾਰਚ

ਪੰਜਾਬ ਦੀਆਂ 9 ਵਿਦਿਆਰਥੀ ਜਥੇਬੰਦੀਆਂ ਪੀ ਐਸ ਯੂ (ਸ਼ਹੀਦ ਰੰਧਾਵਾ), ਪੀ ਐੱਸ ਯੂ (ਲਲਕਾਰ),  ਪੀ ਆਰ ਐੱਸ ਯੂ, ਪੀ ਐੱਸ ਯੂ, ਡੀ ਐਸ ਓ, ਏ ਆਈ ਐੱਸ ਐੱਫ,  ਐਸ ਐਫ ਆਈ, ਪੀ ਐਸ ਐਫ ਤੇ ਆਇਰਸਾ ਵੱਲੋਂ ਕੋਰੋਨਾ ਬਹਾਨੇ ਬੰਦ ਕੀਤੀਆਂ ਵਿੱਦਿਅਕ ਸੰਸਥਾਵਾਂ ਨੂੰ ਖੁਲ੍ਹਵਾਉਣ ਲਈ ਪੰਜਾਬ ਦੇ 13 ਜ਼ਿਲ੍ਹਿਆਂ ਤੇ ਚੰਡੀਗਡ਼੍ਹ ਦੇ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ ।

ਪਟਿਆਲਾ, ਸੰਗਰੂਰ, ਅੰਮ੍ਰਿਤਸਰ, ਬਰਨਾਲਾ, ਮੋਗਾ, ਬਠਿੰਡਾ, ਮਾਨਸਾ, ਫ਼ਰੀਦਕੋਟ, ਮੁਕਤਸਰ, ਗੁਰਦਾਸਪੁਰ, ਫ਼ਾਜ਼ਿਲਕਾ, ਰੂਪਨਗਰ, ਜਲੰਧਰ ਤੇ ਚੰਡੀਗੜ੍ਹ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਵਿਚ ਰੋਸ ਮਾਰਚ ਕਰਦਿਆਂ ਡੀ ਸੀ ਤੇ ਐੱਸ ਡੀ ਐੱਮ ਦਫ਼ਤਰਾਂ ਰਾਹੀਂ ਪੰਜਾਬ ਸਰਕਾਰ ਦੇ ਨਾਂ ਮੰਗ ਪੱਤਰ ਭੇਜੇ ।

ਜਥੇਬੰਦੀਆਂ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਦੀ ਆਡ਼ ਚ ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰਕੇ ਨਵੀਂ ਸਿੱਖਿਆ ਨੀਤੀ ਤੇ ਆਨਲਾਈਨ ਸਿੱਖਿਆ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਟਰਾਂਸਪੋਰਟ, ਧਾਰਮਿਕ ਸਥਾਨ,  ਮੌਲ, ਸਿਨੇਮਾਘਰ ਅਤੇ ਠੇਕੇ ਖੁੱਲ੍ਹੇ ਰੱਖੇ ਜਾ ਸਕਦੇ ਹਨ ਤਾਂ ਵਿੱਦਿਅਕ ਸੰਸਥਾਵਾਂ ਕਿਉਂ ਨਹੀਂ। ਸਰਕਾਰ ਆਨਲਾਈਨ ਸਿੱਖਿਆ ਨੂੰ ਕਲਾਸਰੂਮ ਸਿੱਖਿਆ ਦੇ ਬਦਲ ਵਜੋਂ ਪ੍ਰਚਾਰ ਰਹੀ ਹੈ ਪਰੰਤੂ ਆਨਲਾਈਨ ਸਿੱਖਿਆ ਵਿਗਿਆਨਕ ਤੌਰ ਤੇ ਕਦੇ ਵੀ ਕਲਾਸਰੂਮ ਸਿੱਖਿਆ ਦਾ ਬਦਲ ਨਹੀਂ ਬਣ ਸਕਦੀ  ਕਿਉਂਕਿ ਕਲਾਸਰੂਮ ਸਿੱਖਿਆ ਤੋਂ ਬਿਨਾਂ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਨਹੀਂ ਹੋ ਸਕਦਾ। ਜਥੇਬੰਦੀਆਂ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਜੇਕਰ ਸਰਕਾਰ ਨੇ ਵਿੱਦਿਅਕ ਅਦਾਰੇ ਤੁਰੰਤ ਨਾ ਖੋਲ੍ਹੇ ਤਾਂ ਜਲਦੀ ਮੀਟਿੰਗ ਕਰਕੇ ਅਗਲਾ ਐਕਸ਼ਨ ਦਿੱਤਾ ਜਾਵੇਗਾ ।

ਅੱਜ ਦੇ ਰੋਸ ਪ੍ਰਦਰਸ਼ਨਾਂ ਵਿਚ ਵੱਖ ਵੱਖ ਕਿਸਾਨ –  ਮਜ਼ਦੂਰ, ਨੌਜਵਾਨ ਤੇ ਅਧਿਆਪਕ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕਰਕੇ ਹਮਾਇਤ ਕੀਤੀ ਗਈ ।  ਅੱਜ ਦੇ ਇਕੱਠਾਂ ਨੂੰ ਜਥੇਬੰਦੀ ਆਗੂਆਂ ਹੁਸ਼ਿਆਰ ਸਿੰਘ ਸਲੇਮਗੜ੍ਹ, ਜਸਵਿੰਦਰ ਲੌਂਗੋਵਾਲ, ਰਸ਼ਪਿੰਦਰ ਸਿੰਘ ਜਿੰਮੀ, ਲਖਵਿੰਦਰ ਸਿੰਘ, ਬਲਕਾਰ ਸਿੰਘ, ਵਰਿੰਦਰ, ਅੰਮ੍ਰਿਤ, ਗਗਨ ਤੇ ਮਨਪ੍ਰੀਤ ਸਿੰਘ ਵੱਲੋਂ ਸੰਬੋਧਨ ਕੀਤਾ ਗਿਆ ।

Jeeo Punjab Bureau

Leave A Reply

Your email address will not be published.