ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੇ ਸਾਥ ਵਿਚ ਰਹਿਣ ਦੀ

ਜੀਓ ਪੰਜਾਬ ਬਿਊਰੋ

ਲੇਖਕ- ਹਰਫੂਲ ਭੁੱਲਰ

ਦਿਲ ਦੀ ਗੱਲ ਦੱਸਣ ਲਈ ਜਿਉਂ ਅਲਫਾਜ਼ ਜਰੂਰੀ ਹੁੰਦੇ ਨੇ,

ਜ਼ਿੰਦਗੀ ਦੇ ਬਿੱਖੜੇ ਰਾਹਾਂ ‘ਚ ਇਉਂ ਹਮਰਾਜ਼ ਜਰੂਰੀ ਹੁੰਦੇ ਨੇ!

ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ ਚੰਗੇ ਸਾਥ ਵਿਚ ਰਹਿਣ ਦੀ, ਭਾਵੇਂ ਅਸੀਂ ਇਕੱਲੇ ਹੀ ਕਿਉਂ ਨਾ ਹੋਈਏ। ਆਪਣੇ ਆਪ ‘ਚ ਜਿਉਂਣ ਵਾਲੇ ਸਿਰਫ ਆਪਣੇ ਤੱਕ ਹੀ ਸੀਮਤ ਹੁੰਦੇ ਨੇ, ਉਨਾਂ ਲਈ ਕੋਈ ਮਰੇ, ਕੋਈ ਜੀਵੇ, ਬਹੁਤਾ ਫਰਕ ਨਹੀਂ ਪੈਂਦਾ, ਪੱਥਰ ਹਿਰਦੇ ਹੁੰਦੇ ਹਨ ਜੋ ਸਿਰਫ਼ ਆਪਣਾ ਸੁੱਖ ਲੋਚਦੇ ਨੇ। ਕਦੇਂ ਕਿਸੇ ਦੀ ਖੁਸ਼ੀ-ਗਮੀ ਵਿਚ ਰੂਹ ਦੇ ਸਾਥੀ ਬਣ ਕੇ ਤਾਂ ਵੇਖੀਏ, ਸਾਨੂੰ ਆਪਣਾ ਆਪ ਖੁਸ਼ਹਾਲ ਲੱਗੇਗਾ, ਆਤਮਿਕ ਸ਼ਾਂਤੀ ਮਿਲ਼ੇਗੀ, ਰੂਹ ਸਕੂਨ ਮਹਿਸੂਸ ਕਰੇਗੀ।

ਪੂਰਾ ਸੰਸਾਰ ਹੈ ਤਾਂ ਆਪਣਾ ਵੀ ਬਜ਼ੁਦ ਹੈ, ਸਮਾਜ ਨਹੀਂ ਤਾਂ ਸਾਡਾ ਬੁੱਤ ਕਿਸ ਕੰਮ ਦੈ? ਜੇ ਅਸੀਂ ਆਪਣੀ ਮੁਸਕਰਾਹਟ ਦੂਸਰਿਆਂ ਦੀ ਖੁਸ਼ੀ ਚੋੰ ਲੱਭੀਏ ਤਾਂ ਮਾਸੂਮਿਅਤ ਆਪਣੇ ਆਪ ਸਾਡੀਆਂ ਅੱਖਾਂ ਅੰਦਰੋਂ ਉਤਰ ਆਵੇਗੀ।

ਜਦੋਂ ਅਸੀਂ ਉਦਾਸ ਹੁੰਦੇ ਹਾਂ, ਸਾਨੂੰ ਸਿਰਫ਼ ਕਿਸੇ ਇੱਕ ਇਨਸਾਨ ਦੀ ਜ਼ਰੂਰਤ ਹੁੰਦੀ ਹੈ, ਜੋ ਸਾਡੇ ਲਈ ਸਭ ਤੋਂ ਵੱਧ ਅਜੀਜ਼ ਹੁੰਦਾ ਹੈ, ਤੇ ਅਸੀਂ ਓਸੇ ਇਨਸਾਨ ਦੇ ਗਲ ਲੱਗ ਰੋਣਾ ਚਾਹੁੰਦੇ ਆ, ਪਰ! ਅਫ਼ਸੋਸ ਕਈ ਵਾਰੀ ਉਹੀ ਇਨਸਾਨ ਸਾਡੇ ਕੋਲ ਜਾਂ ਸਾਡੀ ਪਹੁੰਚ ਵਿੱਚ ਨਹੀ ਹੁੰਦਾ!

ਜੇ ਕੁਦਰਤ ਕਦੇ ਸਾਨੂੰ ਇਹ ਕਾਰਜ ਕਰਨ ਦਾ ਮੌਕਾ ਦੇਵੇ ਕਿ ਅਸੀਂ ਕਿਸੇ ਲਈ ਉਹ ਅਜੀਜ ਇਨਸਾਨ ਬਣ ਸਕਦੇ ਹਾਂ, ਜੀਹਦੇ ਨਾਲ ਗੱਲ ਕਰਕੇ ਜਾਂ ਮਿਲਕੇ ਅਗਲਾ ਬੰਦਾ ਥੋੜਾ ਖੁਸ਼ ਜਾਂ ਸਟਰੈਸ ਫਰੀ ਹੋ ਸਕਦਾ ਏ ਤਾਂ ਸਾਨੂੰ ਵੀ ਦੇਰ ਨਹੀਂ ਕਰਨੀ ਚਾਹੀਦੀ, ਇਨਸਾਨ ਦਾ ਅੰਦਰ ਹਰ ਕਿਸੇ ਕੋਲ ਨਹੀਂ ਖੁਲਦਾ। ਹਾਲ ਐ ਦਿਲ ਖ਼ਾਸ ਕੋਲ ਹੀ ਬੋਲਿਆ ਦੱਸਿਆ ਜਾਂਦਾ ਹੈ, ਜੇ ਅਸੀਂ ਕਿਸੇ ਲਈ ਖ਼ਾਸ ਹਾਂ ਤਾਂ ਵਕਤ ਨਾ ਗੁਵਾਈਏ, ਸਾਡੀ ਇੱਕ ਫੋਨ ਕਾਲ ਜਾਂ ਇੱਕ ਵਾਰ ਮਿਲਣਾ ਕਿਸੇ ਦੀ ਜ਼ਿੰਦਗੀ ਨੂੰ ਨਵਾਂ ਰੂਪ ਦੇ ਸਕਦਾ ਹੈ। ਜੀਵਨ ਲੰਘ ਰਿਹਾ ਹੈ, ਆਪਣਿਆਂ ਨਾਲ ਜਿਊਂ, ਨਾ ਕੇ ਆਪਣੇ ਆਪ ਚੋਂ, ਨੇਕੀ ਬਗ਼ੈਰ ਤਾਂ ਸੁਹੱਪਣ ਵੀ ਸਰਾਪ ਹੁੰਦਾ ਹੈ।

Jeeo Punjab Bureau

Leave A Reply

Your email address will not be published.