ਬੇਰੁਜ਼ਗਾਰੀ ਨਾਲ ਝੰਭਿਆ ਨੂੰ ਪੁਲਿਸ ਨੇ ਡੰਡਿਆਂ ਨਾਲ ਝੰਭਿਆ

ਜੀਓ ਪੰਜਾਬ ਬਿਊਰੋ

ਲੇਖਕ- ਪ੍ਰਭਜੋਤ ਕੌਰ ਢਿੱਲੋਂ

ਬੱਚਿਆਂ ਲਈ ਮਾਪੇ ਬਹੁਤ ਪਾਪੜ ਵੇਲਦੇ ਹਨ।ਜਿੰਨੀ ਮਰਜ਼ੀ ਬਾਪ ਨੂੰ ਮਿਹਨਤ ਕਰਨੀ ਪਵੇ ਕਦੇ ਅੱਕਦਾ ਖੱਪਦਾ ਨਹੀਂ ਅਤੇ ਮਾਂ ਬੱਚਿਆਂ ਲਈ ਦਿਨ ਰਾਤ ਕੰਮ ਕਰਦੀ ਰਹੇ ਫੇਰ ਵੀ ਮੱਥੇ ਵੱਟ ਨਹੀਂ ਪਾਉਂਦੀ।ਇਸ ਵੇਲੇ ਮਾਪੇ ਅਤੇ ਨੌਜਵਾਨ ਪੀੜ੍ਹੀ ਦੋਵੇਂ ਹੀ ਪ੍ਰੇਸ਼ਾਨ ਹਨ। ਪਰ ਸਰਕਾਰਾਂ ਸਟੇਜਾਂ ਤੇ ਉੱਚੀ ਉੱਚੀ ਵਿਕਾਸ ਦੀਆਂ ਗੱਲਾਂ ਕਰਦੀਆਂ ਹਨ।ਬਹੁਤ ਵਾਰ ਰੈਲੀਆਂ ਵਿੱਚ ਬੈਠੇ ਲੋਕਾਂ ਨੂੰ ਵੇਖਕੇ ਸੋਚਣ ਲਈ ਮਜ਼ਬੂਰ ਹੋ ਜਾਈਦਾ ਹੈ ਕਿ ਇਨ੍ਹਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ ਜੋ ਨਾਅਰੇ ਲਗਾ ਰਹੇ ਹਨ ਜਾਂ ਇੰਨਾ ਦੇ ਨੌਜਵਾਨ ਬੱਚਿਆਂ ਨੂੰ ਨੌਕਰੀਆਂ ਮਿਲੀਆਂ ਹੋਈਆਂ ਹਨ।ਅਸਲ ਵਿੱਚ ਚੋਣਾਂ ਵੀ ਵਿਉਪਾਰ ਬਣ ਗਿਆ ਹੈ।ਉਮੀਦਵਾਰ ਹਰ ਤਰ੍ਹਾਂ ਨਾਲ ਵੋਟਾਂ ਨੂੰ ਖਰੀਦਣ ਲਈ ਜ਼ੋਰ ਲਗਾਉਂਦਾ ਹੈ।ਪਰ ਅਫਸੋਸ ਲੋਕ ਸ਼ਰਾਬ ਅਤੇ ਥੋੜ੍ਹਾ ਜਿਹੇ ਪੈਸੇ ਲੈਕੇ ਵੋਟ ਵੇਚ ਦਿੰਦੇ ਹਨ।ਅੱਜ ਜੋ ਸਾਡੀ ਹਾਲਤ ਹੋਈ ਹੈ ਇਹ ਵੋਟਾਂ ਵੇਚਣ ਦਾ ਨਤੀਜਾ ਹੈ।ਖੈਰ ਅੱਜ ਆਪਾਂ ਗੱਲ ਕਰਾਂਗੇ ਨੌਜਵਾਨਾਂ ਦੀ,ਹੱਥ ਵਿੱਚ ਡਿਗਰੀਆਂ, ਬੇਰੁਜ਼ਗਾਰੀ ਨਾਲ ਝੰਡੇ ਹੋਏ ਅਤੇ ਰੁਜ਼ਗਾਰ ਮੰਗਦੇ ਹਨ ਤਾਂ ਪੁਲਿਸ ਡੰਡਿਆਂ ਨਾਲ ਇਵੇਂ ਕੁੱਟਦੀ ਹੈ ਜਿਵੇਂ ਛੱਲੀਆਂ ਕੁੱਟੀਆਂ ਜਾਂਦੀਆਂ ਨੇ।ਇਹ ਮਾਪਿਆਂ ਦੇ ਲਾਡਲੇ ਧੀਆਂ ਪੁੱਤ ਨੇ।ਮੁਆਫ਼ ਕਰਨਾ ਕਿਸੇ ਕੁੱਤੇ ਨੂੰ ਕੋਈ ਕੁੱਟਦਾ ਹੋਵੇ,ਪਸ਼ੂਆਂ ਨੂੰ ਡੰਡਿਆਂ ਨਾਲ ਭਜਾਉਂਦਾ ਹੋਵੇ ਤਾਂ ਵੀਡੀਓ ਵੇਖਕੇ ਤਰਥੱਲੀ ਮੱਚ ਜਾਂਦੀ ਹੈ।

ਸਕੂਲਾਂ,ਕਾਲਜਾਂ ਅਤੇ ਯੂਨੀਵਰਸਿਟੀ ਦੀਆਂ ਫੀਸਾਂ ਦਿੰਦੇ ਮਾਪੇ ਕਈ ਵਾਰ ਕਰਜ਼ਾਈ ਹੋ ਜਾਂਦੇ ਹਨ।ਬੱਚਿਆਂ ਨੇ ਵੀ ਪੜ੍ਹਨ ਤੋਂ ਬਾਅਦ ਚੰਗੀ ਨੌਕਰੀ ਅਤੇ ਚੰਗੀ ਜ਼ਿੰਦਗੀ ਦੇ ਸੁਪਨੇ ਲਏ ਹੁੰਦੇ ਹਨ।ਪਰ ਜਦੋਂ ਹੱਥਾਂ ਵਿੱਚ ਡਿਗਰੀਆਂ ਆਉਂਦੀਆਂ ਹਨ ਤਾਂ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਲੱਗਣਾ ਪੈਂਦਾ ਹੈ।ਬਦਕਿਸਮਤੀ ਹੈ ਕਿ ਸਿਆਸਤਦਾਨਾਂ ਨੂੰ ਦੇਸ਼ ਦਾ ਭਵਿੱਖ ਸੜਕਾਂ ਤੇ ਰੁੱਲਦਾ ਵਿਖਾਈ ਹੀ ਦਿੰਦਾ।ਜੇਕਰ ਇਹ ਕਹੀਏ ਕਿ ਦੇਖਕੇ ਅਣਦੇਖੀ ਕਰ ਰਹੇ ਹਨ ਤਾਂ ਜ਼ਿਆਦਾ ਬਿਹਤਰ ਹੋਏਗਾ।ਇਸਦੇ ਨਾਲ ਹੀ ਅਸੀਂ ਵੀ ਨੌਜਵਾਨਾਂ ਨੂੰ ਸੜਕਾਂ ਤੇ ਡੰਡੇ ਖਾਂਦੇ ਵੇਖਦੇ ਹਾਂ,ਪਰ ਵੋਟ ਪਾਉਣ ਲੱਗੇ ਫੇਰ ਗਲਤੀ ਕਰ ਲੈਂਦੇ ਹਾਂ।ਮੈਂ ਕੁੱਝ ਸਵਾਲ ਡੰਡੇ ਮਾਰਨ ਵਾਲਿਆਂ ਅਤੇ ਮਰਵਾਉਣ ਵਾਲਿਆਂ ਨੂੰ ਕਰਨਾ ਚਾਹੁੰਦੀ ਹਾਂ,ਕੀ ਤੁਹਾਡੇ ਬੱਚਿਆਂ ਨੂੰ ਇਵੇਂ ਡੰਡੇ ਪੈਂਦੇ ਹੋਣ ਤਾਂ ਤੁਹਾਡੇ ਤੇ ਕੀ ਬੀਤੇਗੀ।ਜੇਕਰ ਸਮਝ ਨਹੀਂ ਆਉਂਦੀ ਤਾਂ ਕਦੇ ਇਹ ਮਹਿਸੂਸ ਕਰਨ ਲਈ ਕਰਵਾਕੇ ਵੇਖਣਾ।ਜਦੋਂ ਧੀਆਂ ਪੁੱਤਾਂ ਦੀ ਇਹ ਹਾਲਤ ਹੁੰਦੀ ਹੈ ਤਾਂ ਦਿਲ ਅਤੇ ਰੂਹ ਦੋਵੇਂ ਰੋਂਦੇ ਹਨ।ਯਾਦ ਰੱਖੋ ਜਿੱਥੇ ਨੌਜਵਾਨੀ ਰੁੱਲ ਜਾਵੇ ਉੱਥੇ ਤਰੱਕੀ ਅਤੇ ਵਿਕਾਸ ਕਦੇ ਨਹੀਂ ਹੋ ਸਕਦਾ।ਨੌਜਵਾਨੀ ਸੰਭਾਲਣੀ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ।

ਅੱਜ ਹਰ ਬੱਚਾ ਵਿਦੇਸ਼ ਨੂੰ ਜਾਣ ਲਈ ਕਾਹਲਾ ਹੈ।ਉਸਨੂੰ ਪੁਲਿਸ ਦੇ ਪੈਂਦੇ ਡੰਡੇ ਸਮਝ ਆ ਰਹੇ ਹਨ।ਉਸਨੂੰ ਬੇਰੁਜ਼ਗਾਰੀ ਦੀ ਲੰਮੀ ਕਤਾਰ ਵਿਖਾਈ ਦੇ ਰਹੀ ਹੈ।ਹਾਂ,ਸਰਕਾਰਾਂ ਜ਼ਿੰਮੇਵਾਰੀ ਤੋਂ ਸ਼ਰੇਆਮ ਭੱਜ ਰਹੀਆਂ ਹਨ।ਪੰਜਾਬ ਵਿੱਚ ਨੌਕਰੀਆਂ ਦਾ ਪ੍ਰਬੰਧ ਕਰਨ ਦੀ ਥਾਂ ਆਈਲੈਟਸ ਮੁਫਤ ਕਰਵਾਉਣ ਵੱਲ ਤੁਰ ਪਈਆਂ।ਸਾਨੂੰ ਵੀ ਕੁੱਝ ਸਮਝਣਾ ਚਾਹੀਦਾ ਹੈ ਕਿ ਅਸੀਂ ਇੰਨੀ ਘਟੀਆ ਸੋਚ ਵਾਲੇ ਲੋਕਾਂ ਨੂੰ ਵੋਟਾਂ ਪਾਕੇ ਚੁਣਦਾ ਹਾਂ।ਆਪਣੀ ਗਲਤੀ ਸਮਝਕੇ ਆਪਣੇ ਆਪਨੂੰ ਸੁਧਾਰ ਲਈਏ।ਸਾਡੇ ਬੱਚੇ ਸਾਡੇ ਤੋਂ ਅਲੱਗ ਹੋ ਜਾਂਦੇ ਹਨ।ਬੱਚੇ ਉੱਥੇ ਧੱਕੇ ਖਾਂਦੇ ਹਨ ਅਤੇ ਮਾਪੇ ਇੱਥੇ ਦੁੱਖੀ ਹੁੰਦੇ ਹਨ।ਇਸ ਵੇਲੇ ਬੱਚੇ ਇਕ ਜਾਂ ਦੋ ਹਨ ਅਤੇ ਸਾਰੇ ਹੀ ਲਾਡਾਂ ਨਾਲ ਪਲੇ ਹੋਏ ਹਨ।ਪਿਛੱਲੇ ਦਿਨੀਂ ਕਨੇਡਾ ਵਿੱਚ ਬੱਚੇ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਹ ਪ੍ਰੇਸ਼ਾਨ ਸੀ।ਕਦੇ ਸਿਆਸਤਦਾਨਾਂ ਨੇ ਇਹ ਸੋਚਿਆ ਕਿ ਲੋਕਾਂ ਦੀ ਮਾਨਸਿਕ ਹਾਲਤ ਕੀ ਹੈ,ਸਮਾਜ ਮਾਨਸਿਕ ਰੋਗੀ ਹੁੰਦਾ ਜਾ ਰਿਹਾ ਹੈ।ਨਾ ਮਾਪਿਆਂ ਨੂੰ ਕੋਈ ਸਮਝ ਆ ਰਹੀ ਹੈ ਅਤੇ ਨਾ ਨੌਜਵਾਨ ਪੀੜ੍ਹੀ ਨੂੰ।

ਸਰਕਾਰਾਂ ਦਾ ਫਰਜ਼ ਹੈ ਲੋਕਾਂ ਨੂੰ ਰੁਜ਼ਗਾਰ ਦੇਵੇ।ਜੇਕਰ ਰੁਜ਼ਗਾਰ ਨਹੀਂ ਦੇ ਸਕਦੀ ਤਾਂ ਉਸਨੂੰ ਉਸਦੀ ਡਿਗਰੀ ਮੁਤਾਬਿਕ ਬੇਰੁਜ਼ਗਾਰੀ ਭੱਤਾ ਦੇਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਜਿਊ ਸਕੇ।ਮੁਆਫ਼ ਕਰਨਾ ਸਿਰਫ਼ ਸਿਆਸਤਦਾਨਾਂ ਨੂੰ ਹੀ ਤਨਖਾਹਾਂ ਅਤੇ ਪੈਨਸ਼ਨਾਂ ਦੀ ਜ਼ਰੂਰਤ ਨਹੀਂ, ਹਰ ਬੰਦੇ ਨੂੰ ਜ਼ਿੰਦਗੀ ਜਿਊਣ ਲਈ ਪੈਸਾ ਚਾਹੀਦਾ ਹੈ।ਪੀ ਐਚ ਡੀ ਕੀਤਿਆਂ ਨੂੰ ਚੌਥੇ ਦਰਜੇ ਦੀ ਨੌਕਰੀ ਲਈ ਜਾਣਾ ਪਵੇ,ਇਸਤੋਂ ਵੱਡੀ ਦੇਸ਼ ਦੀ ਬਦਕਿਸਮਤੀ ਕੀ ਹੋ ਸਕਦੀ ਹੈ।

ਜਿੰਨਾਂ ਨੇ ਵੋਟਾਂ ਦਿੱਤੀਆਂ,ਸਰਕਾਰ ਵਿੱਚ ਬਿਠਾਇਆ,ਉਨ੍ਹਾਂ ਕੋਲੋਂ ਆਪਣੇ ਹੱਕਾਂ ਲਈ ਜਾਣ ਤੇ ਜੇਕਰ ਡਾਂਗਾਂ ਖਾਣੀਆਂ ਪੈਣ ਤਾਂ ਇਸਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੈ।ਜਿੰਨਾ ਧੀਆਂ ਪੁੱਤਾਂ ਨੂੰ ਮਾਪਿਆਂ ਨੇ ਚੰਗੀ ਜ਼ਿੰਦਗੀ ਜਿਊਣ ਲਈ ਪੜ੍ਹਾਇਆ ਉਨ੍ਹਾਂ ਨੂੰ ਜੇਕਰ ਸੜਕਾਂ ਤੇ ਕੁੱਟਿਆ ਅਤੇ ਘੁਟਿਆ ਜਾਂਦਾ ਹੈ ਤਾਂ ਸਰਕਾਰਾਂ ਦੀ ਲੋਕਾਂ ਪ੍ਰਤੀ ਸੋਚ ਦਾ ਪਤਾ ਲੱਗਦਾ ਹੈ।ਜੇਕਰ ਸਰਕਾਰ ਦੇ ਇਹ ਹੁਕਮ ਨਾ ਹੋਣ ਤਾਂ ਪੁਲਿਸ ਦੀ ਇੰਨੀ ਹਿੰਮਤ ਨਹੀਂ ਹੁੰਦੀ। 

ਹਰ ਪੰਜ ਸਾਲਾਂ ਬਾਅਦ ਅਸੀਂ ਵੋਟ ਦਿੰਦੇ ਹਾਂ।ਉਮੀਦਵਾਰ ਨੂੰ ਪੁੱਛੋ ਕਿ ਸਾਡੇ ਧੀਆਂ ਪੁੱਤਾਂ ਦੀ ਇਹ ਹਾਲਤ ਹੁੰਦੀ ਹੈ ਤਾਂ ਤੁਸੀਂ ਕਿੱਥੇ ਸੀ।ਜੇਕਰ ਅਸੀਂ ਨਾ ਜਾਗੇ ਤਾਂ ਇਵੇਂ ਹੀ ਕੁੱਟ ਖਾਂਦੇ ਰਹਾਂਗੇ।ਸਰਕਾਰਾਂ ਅਸੀਂ ਬਣਾਉਂਦੇ ਹਾਂ, ਸਰਕਾਰਾਂ ਲੋਕ ਬਣਾਉਂਦੇ ਹਨ।ਲੋਕਾਂ ਨੂੰ ਸਰਕਾਰਾਂ ਨਹੀਂ ਬਣਾਉਂਦੀਆਂ।ਸਾਡੇ ਬੱਚੇ ਡੰਡੇ ਖਾਣ ਅਤੇ ਜਿੰਨਾ ਨੂੰ ਅਸੀਂ ਚੁਣਿਆ ਉਨ੍ਹਾਂ ਦੇ ਬੱਚੇ ਐਸ਼ ਕਰਨ।ਬੜੀ ਤਕਲੀਫ਼ ਹੁੰਦੀ ਹੈ,ਦਰਦ ਹੁੰਦਾ ਹੈ ਜਦੋਂ ਬੇਰੁਜ਼ਗਾਰੀ ਦੇ ਝੰਭਿਆਂ ਨੂੰ ਪੁਲਿਸ ਡੰਡਿਆਂ ਨਾਲ ਝੰਭਦੀ ਹੈ।ਸਰਕਾਰ ਆਪਣੀ ਨਾਕਾਮੀ ਨੂੰ ਕੁੱਟ ਕੇ ਛਪਵਉਣ  ਦਾ ਕੰਮ ਕਰ ਰਹੀ ਹੈ।ਆਪਣੇ ਬੱਚਿਆਂ ਨੂੰ ਅਸੀਂ ਹੀ ਡੰਡਿਆਂ ਤੋਂ ਬਚਾ ਸਕਦੇ ਹਾਂ,ਵੋਟ ਦੀ ਕੀਮਤ ਸਮਝੀਏ ਅਤੇ ਵੋਟ ਨੂੰ ਵੇਚਣਾ ਬੰਦ ਕਰੀਏ।

Prabhjot Kaur

Mohali

Jeeo Punjab Bureau

Leave A Reply

Your email address will not be published.